ਕੈਨੇਡਾ ਪੁਲੀਸ ਰਿਪੁਦਮਨ ਮਲਿਕ ਦੇ ਕਤਲ ਦੀ ਜਾਂਚ ਵਿੱਚ ਜੁਟੀ

ਕੈਨੇਡਾ ਪੁਲੀਸ ਰਿਪੁਦਮਨ ਮਲਿਕ ਦੇ ਕਤਲ ਦੀ ਜਾਂਚ ਵਿੱਚ ਜੁਟੀ

ਨਕਾਬਪੋਸ਼ਾਂ ਨੇ ਸਰੀ ’ਚ ਕੱਪੜਾ ਸਟੋਰ ਦੇ ਬਾਹਰ ਮਲਿਕ ਨੂੰ ਗੋਲੀਆਂ ਮਾਰੀਆਂ
ਵੈਨਕੂਵਰ – ਕੈਨੇਡਾ ਪੁਲੀਸ ਨੇ ਉੱਘੇ ਸਿੱਖ ਆਗੂ ਤੇ 1985 ਦੇ ਏਅਰ ਇੰਡੀਆ ਬੰਬ ਕਾਂਡ ਨੂੰ ਲੈ ਕੇ ਸੁਰਖੀਆਂ ’ਚ ਰਹੇ ਰਿਪੁਦਮਨ ਸਿੰਘ ਮਲਿਕ (75) ਦੀ ਹੱਤਿਆ ਦੀ ਜਾਂਚ ਵਿੱਢ ਦਿੱਤੀ ਹੈ। ਪੁਲੀਸ ਵੱਲੋਂ ਮਲਿਕ ਦੇ ਕਤਲ ਪਿਛਲੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਪੁਲੀਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਤਲ ਭਾੜੇ ਦੇ ਸਨ ਜਾਂ ਫਿਰ ਕਿਸੇ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਲਈ ਇਹ ਕਤਲ ਕੀਤਾ ਗਿਆ ਹੈ। ਮਲਿਕ ਦੀ ਅਣਪਛਾਤੇ ਨਕਾਬਪੋਸ਼ਾਂ ਨੇ ਵੀਰਵਾਰ ਸਵੇੇਰੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮਲਿਕ ਉਦੋਂ ਸਰੀ (ਬ੍ਰਿਟਿਸ਼ ਕੋਲੰਬੀਆ) ਵਿਚਲੇ ਆਪਣੇ ਕੱਪੜਾ ਸਟੋਰ ਮੂਹਰੇ ਕਾਰ ’ਚੋਂ ਉਤਰ ਰਹੇ ਸਨ। ਉਨ੍ਹਾਂ ਦੀ ਥਾਏਂ ਮੌਤ ਹੋ ਗਈ। ਮਲਿਕ ਤੇ ਸਹਿ-ਮੁਲਜ਼ਮ ਅਜਾਇਬ ਸਿੰਘ ਬਾਗੜੀ ਨੂੰ ੲੇਅਰ ਇੰਡੀਆ ਬੰਬ ਕਾਂਡ ਮਾਮਲੇ ਵਿੱਚ 2005 ਵਿੱਚ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਰਿਪੁਦਮਨ ਸਿੰਘ ਮਲਿਕ ਦਾ ਨਾਮ ਭਾਰਤ ਸਰਕਾਰ ਦੀ ਕਾਲੀ ਸੂਚੀ ਵਿਚ ਵੀ ਸੀ, ਜੋ ਸਾਲ 2019 ਵਿਚ ਹੀ ਹਟਾਇਆ ਗਿਆ ਸੀ। ਸਾਲ 2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਮੌਕੇ ਮਲਿਕ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿਣ ਵਾਲਿਆਂ ਵਿੱਚ ਮੋਹਰੀ ਸੀ। ਸਰੀ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਮਿੱਥ ਕੇ ਕੀਤੀ ਹੱਤਿਆ ਦਾ ਮਾਮਲਾ ਲੱਗਦਾ ਹੈ। ਪੁਲੀਸ ਅਨੁਸਾਰ ਰਿਪੁਦਮਨ ਸਿੰਘ ਮਲਿਕ ਵੀਰਵਾਰ ਸਵੇਰੇ ਸਵਾ ਨੌਂ ਵਜੇ ਦੇ ਕਰੀਬ 128 ਸਟਰੀਟ, 82 ਐਵੇਨਿਊ ਸਥਿਤ ਆਪਣੇ ਕਪੜੇ ਦੇ ਸਟੋਰ ਮੂਹਰੇ ਕਾਰ ’ਚੋਂ ਉਤਰ ਰਿਹਾ ਸੀ, ਜਦੋਂ ਅਣਪਛਾਤੇ ਨਕਾਬਪੋਸ਼ਾਂ ਨੇ ਉਸ ’ਤੇ ਗੋਲੀਆਂ ਚਲਾਈਆਂ। ਹਮਲਾਵਰ ਮਗਰੋਂ ਉਥੇ ਖੜੀ ਕਾਰ ਵਿਚ ਫਰਾਰ ਹੋ ਗਏ। ਹਮਲੇ ਵਾਲੀ ਥਾਂ ਤੋਂ ਥੋੜ੍ਹੀ ਦੂਰ ਇਕ ਕਾਰ ਸੜਦੀ ਵੇਖੀ ਗਈ, ਜਿਸ ਬਾਰੇ ਪੁਲੀਸ ਨੂੰ ਸ਼ੱਕ ਹੈ ਕਿ ਹਮਲਾਵਰ ਇਸੇ ਕਾਰ ’ਚ ਭੱਜੇ ਸਨ ਤੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਇਸ ਨੂੰ ਸਾੜ ਦਿੱਤਾ ਗਿਆ। ਪੁਲੀਸ ਦਾ ਮੰਨਣਾ ਹੈ ਕਿ ਮਲਿਕ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ, ਪਰ ਅਜੇ ਇਹ ਸਪਸ਼ਟ ਨਹੀਂ ਕਿ ਮਾਰਨ ਵਾਲੇ ਕੌਣ ਸਨ ਤੇ ਇਸ ਦੀ ਵਜ੍ਹਾ ਕੀ ਸੀ। ਪੁਲੀਸ ਦਾ ਮੰਨਣਾ ਹੈ ਕਿ ਵਾਰਦਾਤ ਦੇ ਚਸ਼ਮਦੀਦ ਤਾਂ ਬਹੁਤ ਲੋਕ ਹਨ, ਪਰ ਅਪੀਲਾਂ ਦੇ ਬਾਵਜੂਦ ਕੋਈ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਪੁਲੀਸ ਖੇਤਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਘੋਖ ਰਹੀ ਹੈ। ਪੁਲੀਸ ਮਲਿਕ ਦੇ ਕਤਲ ਤੋਂ ਕੁਝ ਦੇਰ ਬਾਅਦ ਬਰਨਬੀ ਵਿਚ ਹੋਏ ਇਕ ਹੋਰ ਕਤਲ ਨੂੰ ਇਸੇ ਘਟਨਾ ਨਾਲ ਜੋੜ ਕੇ ਵੇਖ ਰਹੀ ਹੈ। ਉਨ੍ਹਾਂ ਉਤੇ 25 ਜੂਨ 1985 ਨੂੰ ਏਅਰ ਇੰਡੀਆ ਦੇ ਕਨਿਸ਼ਕ ਹਵਾਈ ਜਹਾਜ਼ ਬੰਬ ਧਮਾਕੇ ਦੀ ਸਾਜ਼ਿਸ਼ ਦੇ ਦੋਸ਼ ਲੱਗੇ, ਪਰ ਅਦਾਲਤ ਵਿਚ ਸਬੂਤਾਂ ਦੀ ਘਾਟ ਅਤੇ ਗਵਾਹਾਂ ਦੇ ਮੁਕਰਨ ਕਰਕੇ ਉਹ ਪੰਜ ਸਾਲ ਨਜ਼ਰਬੰਦ ਰਹਿਣ ਮਗਰੋਂ ਦੋੋਸ਼ਾਂ ਤੋਂ ਬਰੀ ਹੋ ਗਏ ਸਨ। ਉਨ੍ਹਾਂ ਉਪਰ ਅਕਾਲ ਤਖਤ ਦੇ ਹੁਕਮਾਂ ਦੀ ਅਵੱਗਿਆ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੇ ਦੋਸ਼ ਵੀ ਲੱਗੇ।

‘ਰਿਪੁਦਮਨ ਦੇ ਸਨ ਕਈ ਦੁਸ਼ਮਣ’
ਟੋਰਾਂਟੋ: ਰਿਪੁਦਮਨ ਸਿੰਘ ਮਲਿਕ ਇੱਕ ‘ਯੋਧਾ’ ਸੀ, ਜਿਸ ਦੇ ਕਈ ਦੁਸ਼ਮਣ ਸਨ ਤੇ ਉਹ ਕਈ ਨਿੱਜੀ ਵਿਵਾਦਾਂ ਵਿੱਚ ਘਿਰਿਆ ਰਿਹਾ। ਮਲਿਕ ਬਾਰੇ ਜਾਣੂ ਲੋਕਾਂ ਨੇ ਉਸ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੌਰਾਨ ਹਿੰਸਾ ਨਾਲ ਖੇਡਦਾ ਰਿਹਾ ਤੇ ਸ਼ਾਇਦ ਉਹੀ ਉਸ ਨੂੰ ਲੈ ਬੈਠੀ। ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਦੇ ਸੇਵਾ ਮੁਕਤ ਡਿਪਟੀ ਕਮਿਸ਼ਨਰ ਗੈਰ ਬਾਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਇਸ ਕਤਲ ਪਿੱਛੇ ਕਈ ਸਿਆਸੀ ਮੰਤਵ ਹਨ।’’ 1985 ਏਅਰ ਇੰਡੀਆ ਬੰਬ ਕਾਂਡ ਦੀ ਜਾਂਚ ਮੌਕੇ ਬਾਸ ਇੰਚਾਰਜ ਸੀ। ਟੋਰਾਂਟੋ ਸਨ ਅਖ਼ਬਾਰ ਨੇ ਬਾਸ ਦੇ ਹਵਾਲੇ ਨਾਲ ਕਿਹਾ, ‘‘ਮਲਿਕ ਨੂੰ ਲੈ ਕੇ ਚੱਲ ਰਹੀ ਮੌਜੂਦਾ ਜਾਂਚ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਮੈਂ ਆਪਣੇ ਇੰਨਾ ਕਹਿ ਸਕਦਾ ਹਾਂ ਕਿ ਉਹ ਕਈ ਪਿਛਲੇ ਕਈ ਸਾਲਾਂ ਤੋਂ ਵੱਖ ਵੱਖ ਸਰਗਰਮੀਆਂ ਵਿਚ ਸ਼ਾਮਲ ਸੀ, ਜਿਸ ਕਰਕੇ ਸ਼ਾਇਦ ਉਸ ਦਾ ਹੋਰਨਾਂ ਕਈ ਲੋਕਾਂ ਨਾਲ ਵੈਰ ਪਿਆ।’’

‘ਮੀਡੀਆ ਤੇ ਕੈਨੇਡਾ ਪੁਲੀਸ ਨੇ ਸ਼ਾਇਦ ਕੋਰਟ ਦੇ ਫ਼ੈਸਲੇ ਨੂੰ ਸਵੀਕਾਰ ਨਹੀਂ ਕੀਤਾ’
ਰਿਪੁਦਮਨ ਸਿੰਘ ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਆਪਣੇ ਪਿਤਾ ਦੀ ਹੱਤਿਆ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਸਾਂਝਿਆਂ ਕਰਨ ਲਈ ਪਾਈ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦਾ ਹਵਾਲਾ ਹਮੇਸ਼ਾ ਏਅਰ ਇੰਡੀਆ ਬੰਬ ਧਮਾਕੇ ਦੀ ਘਟਨਾ ਨਾਲ ਜੋੜ ਕੇ ਦਿੱਤਾ ਜਾਂਦਾ ਸੀ। ਉਨ੍ਹਾਂ ’ਤੇ ਗ਼ਲਤ ਦੋਸ਼ ਲਾਏ ਗਏ ਸਨ ਤੇ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਉਨ੍ਹਾਂ ਖਿਲਾਫ਼ ਕੋਈ ਸਬੂਤ ਨਹੀਂ ਸਨ। ਮੀਡੀਆ ਤੇ ਰੌਇਲ ਕੈਨੇਡਾ ਮਾਊਂਟਿਡ ਪੁਲੀਸ ਨੇ ਸ਼ਾਇਦ ਕਦੇ ਵੀ ਕੋਰਟ ਦੇ ਫੈਸਲੇ ਨੂੰ ਸਵੀਕਾਰ ਨਹੀਂ ਕੀਤਾ ਤੇ ਮੈਂ ਅਰਦਾਸ ਕਰਦਾ ਹਾਂ ਕਿ ਅੱਜ ਦਾ ਇਹ ਦੁਖ਼ਾਂਤ ਉਸ ਘਟਨਾ ਨਾਲ ਨਾ ਜੁੜਿਆ ਹੋਵੇ। ਜਸਪ੍ਰੀਤ ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ 1972 ਵਿੱਚ ਕੈਨੇਡਾ ਆਏ ਤੇ 1986 ’ਚ ਉਨ੍ਹਾਂ ਖ਼ਾਲਸਾ ਕਰੈਡਿਟ ਯੂਨੀਅਨ ਤੇ ਖਾਲਸਾ ਸਕੂਲ, ਜੋ ਹੁਣ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਨਿੱਜੀ ਸਕੂਲ ਹੈ, ਦੀ ਸਥਾਪਨਾ ਕੀਤੀ।