ਕੈਨੇਡਾ ਚ ਕਾਰ ਚੋਰ ਗਿਰੋਹ ਨੇ 24 ਸਾਲਾ ਪੰਜਾਬੀ ਗੱਭਰੂ ਤੇ ਕੀਤਾ ਹਮਲਾ, ਮੌਤ

ਕੈਨੇਡਾ ਚ ਕਾਰ ਚੋਰ ਗਿਰੋਹ ਨੇ 24 ਸਾਲਾ ਪੰਜਾਬੀ ਗੱਭਰੂ ਤੇ ਕੀਤਾ ਹਮਲਾ, ਮੌਤ

ਟੋਰਾਂਟੋ – ਕੈਨੇਡਾ ਵਿੱਚ ਫੂਡ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਨ ਵਾਲੇ 24 ਸਾਲਾ ਪੰਜਾਬੀ ਵਿਦਿਆਰਥੀ ਦੀ ਕਾਰ ਖੋਹਣ ਦੀ ਘਟਨਾ ਦੌਰਾਨ ਹਿੰਸਕ ਹਮਲੇ ਤੋਂ ਬਾਅਦ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੰਜਾਬ ਦੇ ਪਿੰਡ ਕਰੀਮਪੁਰ ਚਾਹਵਾਲਾ ਦੇ ਰਹਿਣ ਵਾਲੇ ਗੁਰਵਿੰਦਰ ਨਾਥ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਖਾਣੇ ਦਾ ਆਰਡਰ ਦੇਣ ਦੇ ਬਹਾਨੇ ਬ੍ਰਿਟਾਨੀਆ ਰੋਡ ਅਤੇ ਕ੍ਰੈਡਿਟਵਿਊ, ਮਿਸੀਸਾਗਾ ਦੇ ਇਲਾਕੇ ਵਿੱਚ ਹਮਲਾਵਰਾਂ ਨੇ ਬੁਲਾਇਆ ਸੀ। ਟੋਰਾਂਟੋ ਦੇ ਲੌਇਲਿਸਟ ਕਾਲਜ ਦੇ ਵਿਦਿਆਰਥੀ ਨਾਥ ਦੇ ਪਹੁੰਚਣ ‘ਤੇ ਉਸ ਦੇ ਹਿੰਸਕ ਹਮਲਾ ਕੀਤਾ ਗਿਆ ਅਤੇ ਉਸਦੀ ਗੱਡੀ ਖੋਹ ਲਈ ਗਈ ਅਤੇ 14 ਜੁਲਾਈ ਨੂੰ ਇੱਕ ਟਰਾਮਾ ਸੈਂਟਰ ਵਿੱਚ ਉਸਦੀ ਮੌਤ ਹੋ ਗਈ।
ਪੀਲ ਰੀਜਨਲ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਵਿੱਚ ਕਈ ਸ਼ੱਕੀ ਸ਼ਾਮਲ ਹਨ ਅਤੇ ਖਾਣੇ ਦਾ ਆਰਡਰ ਡਰਾਈਵਰ ਨੂੰ ਖੇਤਰ ਵਿੱਚ ਬੁਲਾਉਣ ਲਈ ਦਿੱਤਾ ਗਿਆ ਸੀ। ਜਾਂਚਕਰਤਾਵਾਂ ਨੂੰ ਹਮਲੇ ਤੋਂ ਪਹਿਲਾਂ ਦਿੱਤੇ ਗਏ ਪੀਜ਼ਾ ਆਰਡਰ ਦੀ ਆਡੀਓ ਰਿਕਾਰਡਿੰਗ ਵੀ ਮਿਲੀ ਹੈ। ਪੁਲਸ ਨੇ ਕਿਹਾ, “ਇਹ ਮੰਨਿਆ ਜਾ ਰਿਹਾ ਹੈ ਕਿ ਨਾਥ ਇੱਕ ਨਿਰਦੋਸ਼ ਪੀੜਤ ਸੀ, ਹਾਲਾਂਕਿ ਹਰ ਸੰਭਾਵੀ ਮਕਸਦ ਦਾ ਪਤਾ ਲਗਾਇਆ ਜਾ ਰਿਆ ਹੈ।” ਪੁਲਸ ਨੇ ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਹੈ। ਪੁਲਸ ਨੇ ਕਿਹਾ ਕਿ ਇੱਕ ਸੀਸੀਟੀਵੀ ਫੁਟੇਜ ਵਿੱਚ, ਗੂੜ੍ਹੇ ਰੰਗ ਦੇ ਕੱਪੜੇ ਪਹਿਨੇ ਇੱਕ ਪੁਰਸ਼ ਨੂੰ ਵਾਹਨ ਵਿੱਚੋਂ ਬਾਹਰ ਨਿਕਲਦੇ ਹੋਏ ਦੇਖਿਆ ਗਿਆ ਹੈ। ਪੁਲਿਸ ਨੇ ਕਿਹਾ ਕਿ ਨਾਥ ਅਤੇ ਉਸਦੇ ਹਮਲਾਵਰਾਂ ਵਿਚਕਾਰ ਕੋਈ ਜਾਣਿਆ-ਪਛਾਣਿਆ ਸਬੰਧ ਨਹੀਂ ਹੈ।
ਪੀਲ ਰੀਜਨਲ ਪੁਲਸ ਹੋਮੀਸਾਈਡ ਬਿਊਰੋ ਦੇ ਫਿਲ ਕਿੰਗ ਨੇ ਕਿਹਾ ਕਿ ਨਾਥ ਦੀ ਗੱਡੀ ਨੂੰ ਅਪਰਾਧ ਵਾਲੀ ਥਾਂ ਤੋਂ 5 ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਓਲਡ ਕ੍ਰੈਡਿਟਵਿਊ ਅਤੇ ਓਲਡ ਡੇਰੀ ਰੋਡ ਦੇ ਖੇਤਰ ਵਿੱਚ ਛੱਡ ਦਿੱਤਾ ਗਿਆ ਸੀ। ਕਿੰਗ ਨੇ ਕਿਹਾ ਕਿ ਵਾਹਨ ਦੀ ਫੋਰੈਂਸਿਕ ਤੌਰ ‘ਤੇ ਜਾਂਚ ਕੀਤੀ ਗਈ ਹੈ ਅਤੇ “ਕਈ” ਸਬੂਤ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਇਸ ਗੱਲ ਤੋਂ ਅਣਜਾਣ ਹੈ ਕਿ ਹਮਲੇ ਵਿੱਚ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ। ਨਾਥ ਦੀ ਦੇਸ਼ ਵਾਪਸੀ ਲਈ ਪੈਸਾ ਇਕੱਠਾ ਕਰਨ ਅਤੇ ਅੰਤਿਮ ਸੰਸਕਾਰ ਦੇ ਖਰਚਿਆਂ ਵਿੱਚ ਪਰਿਵਾਰ ਦੀ ਮਦਦ ਕਰਨ ਲਈ ਇੱਕ GoFundMe ਪੇਜ ਸਥਾਪਤ ਕੀਤਾ ਗਿਆ ਹੈ। ਸ਼ਨੀਵਾਰ ਨੂੰ ਮਿਸੀਸਾਗਾ ਵਿੱਚ 200 ਤੋਂ ਵੱਧ ਭਾਈਚਾਰੇ ਦੇ ਲੋਕ ਨਾਥ ਦੀ ਮੌਤ ਦਾ ਸੋਗ ਮਨਾਉਣ ਲਈ ਇਕੱਠੇ ਹੋਏ।