ਕੈਨੇਡਾ: ਆਦਿਵਾਸੀ ਬੱਚਿਆਂ ’ਤੇ ਤਸ਼ੱਦਦ ਲਈ ਪੋਪ ਨੇ ਮੁਆਫ਼ੀ ਮੰਗੀ

ਕੈਨੇਡਾ: ਆਦਿਵਾਸੀ ਬੱਚਿਆਂ ’ਤੇ ਤਸ਼ੱਦਦ ਲਈ ਪੋਪ ਨੇ ਮੁਆਫ਼ੀ ਮੰਗੀ

ਆਦਿਵਾਸੀ ਆਗੂਆਂ ਨਾਲ ਗੱਲਬਾਤ ਕਰਕੇ ਦੁੱਖ ਵੰਡਾਇਆ
ਵੈਨਕੂਵਰ – ਕੈਨੇਡਾ ’ਚ ਆਦਿਵਾਸੀਆਂ ਦੇ ਰਿਹਾਇਸ਼ੀ ਸਕੂਲਾਂ ’ਚ ਕੈਥੋਲਿਕ ਗਿਰਜਾਘਰਾਂ ਵੱਲੋਂ ਪਿਛਲੀ ਸਦੀ ਦੌਰਾਨ ਬੱਚਿਆਂ ’ਤੇ ਢਾਹੇ ਗਏ ਜ਼ੁਲਮਾਂ ਲਈ ਪੋਪ ਫਰਾਂਸਿਸ ਨੇ ਅੱਜ ਮਾਸਕਵਾਸਿਸ ਪੁੱਜ ਕੇ ਮੁਆਫ਼ੀ ਮੰਗ ਲਈ। ਉਨ੍ਹਾਂ ਅਰਮਿਨਸਕਿਨ ਇੰਡੀਅਨ ਰਿਹਾਇਸ਼ੀ ਸਕੂਲ ਨੇੜੇ ਹੋਏ ਪ੍ਰੋਗਰਾਮ ਦੌਰਾਨ ਕਿਹਾ ਕਿ ਇਸਾਈਆਂ ਵੱਲੋਂ ਆਦਿਵਾਸੀ ਲੋਕਾਂ ਖ਼ਿਲਾਫ਼ ਕੀਤੇ ਗਏ ਜ਼ੁਲਮਾਂ ਲਈ ਉਹ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨਾਲ ਕੀਤੇ ਗਏ ਵਿਹਾਰ ਕਾਰਨ ਉਨ੍ਹਾਂ ਦੇ ਸੱਭਿਆਚਾਰ ਨੂੰ ਢਾਹ ਲੱਗੀ ਅਤੇ ਪਰਿਵਾਰ ਤਬਾਹ ਹੋ ਗਏ ਜਿਸ ਦਾ ਅਸਰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਲੰਬੇ ਸਮੇਂ ਤੋਂ ਲੋਕ ਉਡੀਕ ਕਰ ਰਹੇ ਸਨ ਕਿ ਪੋਪ ਉਨ੍ਹਾਂ ਤੋਂ ਮੁਆਫ਼ੀ ਮੰਗਣਗੇ। ਇਸ ਨਾਲ ਪੀੜਤਾਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲੱਗਣ ਦੀ ਉਮੀਦ ਜਤਾਈ ਜਾ ਰਹੀ ਹੈ ਅਤੇ ਚਰਚ ਦੀ ਆਦਿਵਾਸੀ ਲੋਕਾਂ ਨਾਲ ਸੁਲ੍ਹਾ ਹੋਣ ਦੀ ਵੀ ਸੰਭਾਵਨਾ ਬਣ ਗਈ ਹੈ। ਉਨ੍ਹਾਂ ਆਦਿਵਾਸੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਧਰਵਾਸ ਵੀ ਬੰਨ੍ਹਾਇਆ। ਇਸ ਤੋਂ ਪਹਿਲਾਂ ਉਨ੍ਹਾਂ ਦਾ ਐਡਮਿੰਟਨ ਹਵਾਈ ਅੱਡੇ ’ਤੇ ਪੁੱਜਣ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਸਵਾਗਤ ਕੀਤਾ ਸੀ। ਪੋਪ ਫਰਾਂਸਿਸ ਕਰੀਬ ਇਕ ਹਫ਼ਤਾ ਕੈਨੇਡਾ ਰਹਿਣਗੇ। ਜ਼ਿਕਰਯੋਗ ਹੈ ਕਿ ਆਦਿਵਾਸੀਆਂ ਦੇ ਪੁਰਖਿਆਂ ਨੂੰ ਬਚਪਨ ਵਿੱਚ ਕੈਥੋਲਿਕ ਗਿਰਜਾਘਰਾਂ ਵੱਲੋਂ ਪਿਛਲੀ ਸਦੀ ਦੌਰਾਨ ਚਲਾਏ ਜਾਂਦੇ ਰਹੇ ਇੰਡੀਅਨ ਰਿਹਾਇਸ਼ੀ ਸਕੂਲਾਂ ਵਿੱਚ ਜਬਰੀ ਦਾਖਲ ਕਰਨ ਤੋਂ ਪਹਿਲਾਂ ਉਨ੍ਹਾਂ ’ਤੇ ਕਥਿਤ ਤਸ਼ੱਦਦ ਢਾਹਿਆ ਜਾਂਦਾ ਰਿਹਾ ਸੀ। ਤਸ਼ੱਦਦ ਕਾਰਨ ਮਰਨ ਵਾਲਿਆਂ ਦੀ ਕੋਈ ਉੱਘ-ਸੁੱਘ ਕੱਢੇ ਬਿਨਾਂ ਉਨ੍ਹਾਂ ਨੂੰ ਦਫ਼ਨਾ ਦਿੱਤਾ ਜਾਂਦਾ ਸੀ।