ਕੈਂਸਰ : ਵਿਸ਼ਵ ਵਿਆਪੀ ਚਿੰਤਾ ਦਾ ਵਿਸ਼ਾ

ਕੈਂਸਰ : ਵਿਸ਼ਵ ਵਿਆਪੀ ਚਿੰਤਾ ਦਾ ਵਿਸ਼ਾ

ਲਵਪ੍ਰੀਤ ਕੌਰ

ਵਿਗੜ ਰਿਹਾ ਵਾਤਾਵਰਨ ਦਾ ਸੰਤੁਲਨ ਅਨੇਕਾਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਫੈਲਾਅ ਦਿਨੋਂ-ਦਿਨ ਵਧ ਰਿਹਾ ਹੈ। ਅਜਿਹੀ ਇਕ ਨਾਮੁਰਾਦ ਬਿਮਾਰੀ ਕੈਂਸਰ ਦਾ ਨਾਂ ਸੁਣਦਿਆਂ ਹੀ ਲੋਕ ਸਹਿਮ ਜਾਂਦੇ ਹਨ। ਇਹ ਬਿਮਾਰੀ ਸਰਾਲ ਵਾਂਗ ਮਾਨਵਤਾ ਨੂੰ ਨਿਗਲਦੀ ਜਾ ਰਹੀ ਹੈ, ਜੋ ਵਿਸ਼ਵ ਵਿਆਪੀ ਚਿੰਤਾ ਦਾ ਵਿਸ਼ਾ ਹੈ।

ਪੰਜਾਬ ਦੇ ਮਾਲਵਾ ਖੇਤਰ ਭਾਵ ਬਠਿੰਡਾ, ਮਾਨਸਾ, ਮੁਕਤਸਰ ਸਾਹਿਬ ਜ਼ਿਲ੍ਹਿਆਂ ਤੇ ਨਾਲ ਲੱਗਦੇ ਇਲਾਕਿਆਂ ਵਿਚ ਕੈਂਸਰ ਦਾ ਕਹਿਰ ਦਿਨੋਂ-ਦਿਨ ਵਧ ਰਿਹਾ ਹੈ। ਲੱਗ ਰਹੀਆਂ ਫੈਕਟਰੀਆਂ ਨੇ ਵਾਤਾਵਰਨ ਨੂੰ ਜ਼ਹਿਰੀਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਜ਼ਮੀਨੀ ਪਾਣੀ ਵੀ ਦੂਸ਼ਿਤ ਕਰ ਦਿੱਤਾ ਹੈ, ਤਾਪ ਬਿਜਲੀ ਘਰਾਂ ਦੇ ਕੋਲੇ ਦੇ ਧੂੰਏਂ ਅਤੇ ਰਾਖ ਨੇ ਮਾਲਵੇ ਨੂੰ ਦਮਘੁਟੀ ਦੀ ਦਲਦਲ ਵਿਚ ਧੱਕਿਆ ਹੈ, ਦੂਸ਼ਿਤ ਪਾਣੀ ਪੀਣ ਕਰਕੇ ਲੋਕ ਕਾਲਾ ਪੀਲੀਆ ਤੇ ਕੈਂਸਰ ਦੇ ਸ਼ਿਕਾਰ ਹੋ ਰਹੇ ਹਨ। ਮਾਲਵਾ, ਜੋ ਪਹਿਲਾਂ ਕਪਾਹ ਪੱਟੀ ਨਾਂ ਨਾਲ ਮਸ਼ਹੂਰ ਸੀ ਹੁਣ ਕੈਂਸਰ ਪੱਟੀ ਕਰਕੇ ਜਾਣਿਆ ਜਾਂਦਾ ਹੈ। ਪਰ ਕੈਂਸਰ ਦੇ ਇਲਾਜ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਲੋਕ ਦੂਜੇ ਸੂਬਿਆਂ ਵਿਚ ਇਲਾਜ ਲਈ ਜਾਂਦੇ ਹਨ। ਬਠਿੰਡਾ ਤੋਂ ਬੀਕਾਨੇਰ ਜਾਂਦੀ ਰੇਲ ਗੱਡੀ ਦਾ ਨਾਂ ਹੀ ਕੈਂਸਰ ਟਰੇਨ ਪੈ ਗਿਆ ਹੈ ਕਿਉਂਕਿ ਇਲਾਕੇ ਦੇ ਲੋਕ ਇਲਾਜ ਲਈ ਇਸ ਰੇਲ ਗੱਡੀ ਵਿਚ ਸਫਰ ਕਰਦੇ ਹਨ। ਸਿਹਤ ਵਿਭਾਗ ਦੇ ਸਰਵੇਖਣ ਅਨੁਸਾਰ ਪੰਜਾਬ ਵਿਚ ਕੈਂਸਰ ਦੇ ਮਰੀਜ਼ਾਂ ਦਾ ਅਨੁਪਾਤ 90:100000 ਹੈ ਭਾਵ ਇਕ ਲੱਖ ਲੋਕਾਂ ਵਿਚੋਂ 90 ਕੈਂਸਰ ਤੋਂ ਪੀੜਤ ਹਨ, ਜਦ ਕਿ ਕੌਮੀ ਪੱਧਰ ’ਤੇ ਇਹ ਅਨੁਪਾਤ 80:100000 ਹੈ । ਮਾਲਵੇ ਵਿਚ ਇਹ ਅਨੁਪਾਤ 107:100000, ਦੁਆਬੇ ਵਿਚ 88:100000 ਅਤੇ ਮਾਝੇ ਵਿਚ 64:100000 ਹੈ। ਬੀਤੇ ਪੰਜ ਸਾਲ ਦੇ ਅੰਕੜਿਆਂ ਅਨੁਸਾਰ ਸੂਬੇ ਵਿਚ ਰੋਜ਼ਾਨਾ ਕੈਂਸਰ ਕਾਰਨ 18 ਲੋਕਾਂ ਦੀ ਮੌਤ ਹੋਈ।

ਕੈਂਸਰ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਯੂਨੀਅਨ ਫਾਰ ਇੰਟਰਨੈਸ਼ਨਲ ਕੈਂਸਰ ਕੰਟਰੋਲ ਸੰਸਥਾ ਨੇ ਲੋਕਾਂ ਵਿਚ ਕੈਂਸਰ ਪ੍ਰਤੀ ਜਾਗਰੂਕਤਾ, ਰੋਗ ਦੀ ਪਛਾਣ, ਇਲਾਜ ਅਤੇ ਰੋਕਥਾਮ ਸਬੰਧੀ 2008 ਵਿਚ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਸੀ। ਇਹ ਸੰਸਥਾ ਵਿਸ਼ਵ ਸਿਹਤ ਸੰਗਠਨ ਅਤੇ ਬਾਕੀ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਮਿਲ ਕੇ ਕੈਂਸਰ ਦੀ ਰੋਕਥਾਮ ਅਤੇ ਲੋਕਾਂ ਵਿਚ ਜਾਗਰੂਕਤਾ ਹਿਤ ਤਤਪਰ ਹੈ। ਸਾਨੂੰ ਲੋੜ ਹੈ ਇਸ ਦਾ ਇਲਾਜ ਅਤੇ ਜਾਗਰੂਕਤਾ ਫੈਲਾਉਣ ਦੀ। ਜੇ ਵੇਲੇ ਸਿਰ ਜਾਗਰੂਕਤਾ ਨਾ ਫੈਲਾਈ ਗਈ ਤਾਂ ਲੱਖਾਂ ਲੋਕ ਇਸਦੀ ਲਪੇਟ ਵਿਚ ਆ ਜਾਣਗੇ।

ਸਾਡਾ ਦੇਸ਼ ਹੀ ਨਹੀਂ ਬਲਕਿ ਵਿਕਸਤ ਦੇਸ਼ਾਂ ਵਿਚ ਵੀ ਕੈਂਸਰ ਨੇ ਆਪਣੇ ਪੈਰ ਪਸਾਰੇ ਹੋਏ ਹਨ। ਲੱਖਾਂ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਫ ਕੈਂਸਰ ਦੀ ਰਿਪੋਰਟ ਅਨੁਸਾਰ ਵਿਸ਼ਵ ਦੇ 184 ਦੇਸ਼ਾਂ ਵਿਚ 1.40 ਕਰੋੜ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ। ਵਿਸ਼ਵ ਸਿਹਤ ਸੰਗਠਨ ਅਨੁਸਾਰ 2018 ਵਿਚ 11.6 ਲੱਖ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਪਛਾਣ ਹੋਈ ਸੀ, ਜਿਨ੍ਹਾਂ ਵਿਚੋਂ 7.84 ਲੱਖ ਦੀ ਮੌਤ ਹੋਈ ਹੈ। ਰਿਪੋਰਟ ਮੁਤਾਬਕ 10 ਭਾਰਤੀਆਂ ਵਿਚੋਂ ਇੱਕ ਆਪਣੀ ਜ਼ਿੰਦਗੀ ਵਿਚ ਕੈਂਸਰ ਦਾ ਸ਼ਿਕਾਰ ਹੁੰਦਾ ਹੈ। ਸਾਡੇ ਦੇਸ਼ ਵਿਚ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਸੇਵਨ ਮੰਨਿਆ ਗਿਆ ਹੈ। ਇੰਸਟੀਚਿਊਟ ਆਫ ਆਨਕੋਲੋਜੀ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਸੀ ਰਮੇਸ਼ ਅਨੁਸਾਰ ਭਾਰਤ ’ਚ ਸਾਲਾਨਾ ਔਸਤਨ ਸੱਤ ਲੱਖ ਤੋਂ ਵੱਧ ਕੈਂਸਰ ਦੇ ਨਵੇਂ ਮਰੀਜ਼ ਸਾਹਮਣੇ ਆਉਂਦੇ ਹਨ ਤੇ ਔਸਤਨ 3.5 ਲੱਖ ਲੋਕ ਕੈਂਸਰ ਕਰਕੇ ਮਰਦੇ ਹਨ। ਔਰਤਾਂ ਵਿਚ ਛਾਤੀ ਅਤੇ ਬੱਚੇਦਾਨੀ ਦਾ ਕੈਂਸਰ ਬਹੁਤ ਜ਼ਿਆਦਾ ਫੈਲ ਰਿਹਾ ਹੈ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿਚ ਔਰਤਾਂ ਵਿਚ ਛਾਤੀ ਦੇ ਕੈਂਸਰ ਦੇ ਮਰੀਜ਼ 2025 ਤੱਕ ਦੁਗਣੇ ਹੋ ਜਾਣਗੇ।

ਵਧ ਰਹੇ ਪ੍ਰਦੂਸ਼ਣ, ਬਦਲਦੇ ਜ਼ਿੰਦਗੀ ਜਿਊਣ ਦੇ ਢੰਗ ਨੇ ਕੈਂਸਰ ਅਤੇ ਹੋਰ ਬਿਮਾਰੀਆਂ ਨੂੰ ਜਨਮ ਦਿੱਤਾ ਹੈ। ਓਜ਼ੋਨ ਪਰਤ ਦੀ ਘਣਤਾ ਪਤਲੀ ਹੋਣ ਕਾਰਨ ਪਰਾਬੈਂਗਣੀ ਕਿਰਨਾਂ ਧਰਤੀ ’ਤੇ ਪਹੁੰਚ ਰਹੀਆਂ ਹਨ ਜੋ ਚਮੜੀ ਦੇ ਕੈਂਸਰ ਅਤੇ ਅੰਨ੍ਹੇਪਣ ਲਈ ਜ਼ਿੰਮੇਵਾਰ ਹਨ। ਖੇਤੀ ਵਿਚ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ, ਵਾਹਨਾਂ ਦੇ ਪ੍ਰਦੂਸ਼ਣ, ਮੋਬਾਈਲ ਫੋਨ ਦੀਆਂ ਤਰੰਗਾਂ ਵੀ ਕੈਂਸਰ ਲਈ ਜ਼ਿੰਮੇਵਾਰ ਹਨ।

ਸਭ ਤੋਂ ਪਹਿਲਾਂ ਲੋੜ ਹੈ ਸਾਨੂੰ ਆਪਣੀ ਜੀਵਨ ਸ਼ੈਲੀ ਵਿਚ ਸੁਧਾਰ ਕਰਨ ਦੀ। ਤੰਬਾਕੂ, ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਪਰਹੇਜ਼ ਕੀਤਾ ਜਾਵੇ। ਸਮੇਂ-ਸਮੇਂ ਡਾਕਟਰੀ ਜਾਂਚ ਜ਼ਰੂਰੀ ਹੈ ਤਾਂ ਜੋ ਬਿਮਾਰੀ ਨੂੰ ਸਮੇਂ ਸਿਰ ਫੜਿਆ ਜਾ ਸਕੇ ਅਤੇ ਉਸਦਾ ਇਲਾਜ ਹੋ ਸਕੇ। ਇਹ ਬਿਮਾਰੀ ਲਾਗ ਨਾਲ ਨਹੀਂ ਫੈਲਦੀ ਤੇ ਕੈਂਸਰ ਪ੍ਰਤੀ ਪਾਏ ਜਾਂਦੇ ਵਹਿਮਾਂ ਭਰਮਾਂ ਨੂੰ ਛੱਡ ਕੇ ਸਹੀ ਇਲਾਜ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਕੈਂਸਰ ਦੇ ਇਲਾਜ ਲਈ ਜਨਤਕ ਸਿਹਤ ਸਹੂਲਤਾਂ ਵਿਚ ਸੁਧਾਰ ਕੀਤਾ ਜਾਵੇ ਤਾਂ ਜੋ ਗਰੀਬ ਲੋਕ ਵੀ ਆਪਣਾ ਇਲਾਜ ਕਰਵਾ ਸਕਣ, ਸਸਤੇ ਭਾਅ ’ਤੇ ਦਵਾਈਆਂ ਉਪਲਬਧ ਕਰਵਾਈਆਂ ਜਾਣ ਅਤੇ ਤੜਫ ਰਹੇ ਕੈਂਸਰ ਮਰੀਜ਼ਾਂ ਦੀ ਸਾਰ ਲਈ ਜਾਵੇ।