ਕੈਂਸਰ ਕੋਲੋਂ ਜ਼ਿੰਦਗੀ ਦੀ ਜੰਗ ਹਾਰੇ ਅਦਾਕਾਰ ਮੰਗਲ ਢਿੱਲੋਂ

ਕੈਂਸਰ ਕੋਲੋਂ ਜ਼ਿੰਦਗੀ ਦੀ ਜੰਗ ਹਾਰੇ ਅਦਾਕਾਰ ਮੰਗਲ ਢਿੱਲੋਂ

ਲੁਧਿਆਣਾ: ਟੀਵੀ ਲੜੀਵਾਰ ‘ਜਨੂੰਨ’ ਅਤੇ ‘ਬੁਨਿਆਦ’ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਅਦਾਕਾਰ ਮੰਗਲ ਢਿੱਲੋਂ (64) ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਪਿੰਡ ਨੀਲੋ ਕਲਾਂ ਵਿੱਚ ਆਖ਼ਰੀ ਸਾਹ ਲਏ। ਸ੍ਰੀ ਢਿੱਲੋਂ ਨੇ ਹਿੰਦੀ ਫ਼ਿਲਮ ‘ਖ਼ੂਨ ਭਰੀ ਮਾਂਗ’ ਅਤੇ ‘ਵਿਸ਼ਵਾਤਮਾ’ ਵਿੱਚ ਅਹਿਮ ਭੂਮਿਕਾ ਨਿਭਾਈਆਂ ਸਨ। ਉਨ੍ਹਾਂ ਦਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਇਲਾਜ ਚੱਲ ਰਿਹਾ ਸੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਘਰ ਲੈ ਗਿਆ ਸੀ। ਅਦਾਕਾਰ ਦੀ ਭੈਣ ਰਣਜੀਤ ਕੌਰ ਨੇ ਆਖਿਆ ਕਿ ਮੰਗਲ ਢਿੱਲੋਂ ਦਾ ਕੱਲ੍ਹ ਸ਼ਾਮ ਨੀਲੋ ਕਲਾਂ ’ਚ ਦੇਹਾਂਤ ਹੋ ਗਿਆ। ਸ੍ਰੀ ਢਿੱਲੋਂ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵਾਂਦਰ ਜਟਾਣਾ ’ਚ ਹੋਇਆ ਸੀ ਤੇ ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਵਿੱਚ ਵਸ ਗਿਆ ਸੀ, ਜਿਥੇ ਉਨ੍ਹਾਂ ਦੇ ਪਿਤਾ ਖੇਤੀਬਾੜੀ ਕਰਦੇ ਸਨ। ਸ੍ਰੀ ਢਿੱਲੋਂ ਨੇ ਤਿੰਨ ਦਹਾਕੇ ਲੰਮੇ ਕਰੀਅਰ ਦੌਰਾਨ ਟੀਵੀ ਲੜੀਵਾਰ ‘ਬੁਨਿਆਦ’ (1986-87) ’ਚ ਲਭਾਇਆ ਰਾਮ ਦੇ ਕਿਰਦਾਰ ਨਾਲ ਪਛਾਣ ਕਾਇਮ ਕੀਤੀ। ਇਸੇ ਤਰ੍ਹਾਂ ਉਨ੍ਹਾਂ ਸਾਲ 1994 ਦੌਰਾਨ ਲੜੀਵਾਰ ‘ਜਨੂੰਨ’ ਵਿੱਚ ਸੁਮੀਰ ਰਾਜਵੰਸ਼ ਦੀ ਭੂਮਿਕਾ ਨਿਭਾਈ। ਉਨ੍ਹਾਂ ਹਿੰਦੀ ਤੇ ਪੰਜਾਬੀ ਵਿੱਚ ਫ਼ਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੂੰ ਫਿਲਮ ‘ਖਾਲਸਾ’ ਲਈ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗਲ ਢਿੱਲੋਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਢਿੱਲੋਂ ਦੇ ਪਰਿਵਾਰ ਵਿਚ ਇਕ ਪੁੱਤਰ ਤੇ ਇਕ ਧੀ ਹਨ।