ਕੇਸਰੀ ਪੱਗ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਸਕਦਾ: ਜਾਖੜ

ਕੇਸਰੀ ਪੱਗ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਸਕਦਾ: ਜਾਖੜ

ਲੁਧਿਆਣਾ- ਇੱਥੋਂ ਦੇ ਗੁਰੂ ਨਾਨਕ ਦੇਵ ਭਵਨ ਵਿੱਚ ਭਾਜਪਾ ਦੇ ਸਭਿਆਚਾਰਕ ਸੈੱਲ ਦੇ ਪੰਜਾਬ ਪ੍ਰਧਾਨ ਹੌਬੀ ਧਾਲੀਵਾਲ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਸਰੀ ਪੱਗ ਬੰਨ੍ਹ ਕੇ ਕੋਈ ਭਗਤ ਸਿੰਘ ਨਹੀਂ ਬਣ ਜਾਂਦਾ। ਇਸੇ ਤਰ੍ਹਾਂ ਪੱਗ ਬੰਨ੍ਹ ਕੇ ਕੋਈ ਸਰਦਾਰ ਵੀ ਨਹੀਂ ਬਣ ਜਾਂਦਾ। ਉਨ੍ਹਾਂ ਕਿਹਾ, ‘‘ਅੱਜ ਵੇਲਾ ਜਾਗਣ ਦਾ ਹੈ ਅਤੇ ਅਸੀਂ ਜਗਾਉਣ ਲਈ ਆਏ ਹਾਂ। ਕਿਸੇ ਨੇ ਪੱਗ ਦਾ ਰੰਗ ਬਦਲ ਲਿਆ ਅਤੇ ਕਿਸੇ ਨੇ ਪੱਗ ਬੰਨ੍ਹ ਲਈ ਪਰ ਪੰਜਾਬ ਦੀ ਭਲਾਈ ਲਈ ਕੋਈ ਨਹੀਂ ਸੋਚ ਰਿਹਾ। ਘਿਓ-ਖਿਚੜੀ ਹੋ ਕੇ ਦੋਵੇਂ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ।’’

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਯੁੱਧਿਆ ਵਿੱਚ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਵਧਾਈ ਤੱਕ ਨਹੀਂ ਦਿੱਤੀ। ਲੋਕਾਂ ਨੂੰ ਵਧਾਈ ਦੇਣ ਦੀ ਬਜਾਏ ਉਹ 26 ਜਨਵਰੀ ਨੂੰ ਸਟੇਜ ਤੋਂ ਖੁਦ ਦੇ ਘਰ ਦੀਆਂ ਖੁਸ਼ੀਆਂ ਸਾਂਝੀਆਂ ਕਰ ਕੇ ਵਧਾਈਆਂ ਮੰਗ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਭਾਨਾ ਸਿੱਧੂ ਵਰਗੇ ਨੌਜਵਾਨਾਂ ਖ਼ਿਲਾਫ਼ ਗਲਤ ਕੇਸ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁਲੀਸ ਵੱਲੋਂ ਸੰਗਰੂਰ ਜਾਣ ਤੋਂ ਰੋਕੇ ਜਾਣ ’ਤੇ ਸਰਕਾਰ ’ਤੇ ਦੋਸ਼ ਲਗਾ ਰਹੇ ਹਨ ਪਰ ਜਦੋਂ ਉਨ੍ਹਾਂ ਦੇ ਆਗੂ ਸੁਖਪਾਲ ਖਹਿਰਾ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ, ਉਦੋਂ ਚੰਨੀ ਕਿੱਥੇ ਸਨ। ਇਨ੍ਹਾਂ ਨੂੰ ਲੋਕਤੰਤਰ ਦੀ ਨਹੀਂ ਬਲਕਿ ਆਪਣੀ ਚਿੰਤਾ ਹੈ। ਇਹ ਲੋਕ ਪੰਜਾਬ ਹਿਤੈਸ਼ੀ ਨਹੀਂ ਹਨ। ਇਨ੍ਹਾਂ ਲੋਕਾਂ ਤੋਂ ਪੰਜਾਬ ਦੇ ਲੋਕਾਂ ਨੂੰ ਬਚਣਾ ਚਾਹੀਦਾ ਹੈ। ਇਸ ਦੌਰਾਨ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਦੀਪ ਸਿੰਘ, ਸੰਮੀ ਓਬਰਾਏ, ਅਮਨ ਬੱਸੀ, ਸਮਰਥਕ ਕੌਰ ਸਮੇਤ ਹੋਰ ਲੋਕ ਭਾਜਪਾ ’ਚ ਸ਼ਾਮਲ ਹੋਏ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਅਨਿਲ ਸਰੀਨ, ਲੁਧਿਆਣਾ ਦੇ ਇੰਚਾਰਜ ਸ਼ਾਮ ਸੁੰਦਰ ਅਰੋੜਾ, ਸੂਬਾ ਉਪ ਪ੍ਰਧਾਨ ਅਰਵਿੰਦ ਖੰਨਾ ਤੇ ਹੋਰ ਹਾਜ਼ਰ ਸਨ।