ਕੇਸਧਾਰੀ ਗੋਲਡ ਹਾਕੀ ਕੱਪ – ਮਿਸਲ ਭੰਗੀਆਂ, ਸ਼ੁੱਕਰਚੱਕੀਆ, ਫੂਲਕੀਆ ਤੇ ਡੱਲੇਵਾਲੀਆ ਦੀਆਂ ਟੀਮਾਂ ਸੈਮੀ-ਫ਼ਾਈਨਲ ਵਿੱਚ

ਕੇਸਧਾਰੀ ਗੋਲਡ ਹਾਕੀ ਕੱਪ – ਮਿਸਲ ਭੰਗੀਆਂ, ਸ਼ੁੱਕਰਚੱਕੀਆ, ਫੂਲਕੀਆ ਤੇ ਡੱਲੇਵਾਲੀਆ ਦੀਆਂ ਟੀਮਾਂ ਸੈਮੀ-ਫ਼ਾਈਨਲ ਵਿੱਚ

ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਖਿਡਾਰੀਆਂ ਦਾ ਦਸਤਾਰਾਂ ਨਾਲ ਸਨਮਾਨ
ਐੱਸ.ਏ.ਐੱਸ.ਨਗਰ (ਮੁਹਾਲੀ)- ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਇੱਥੋਂ ਦੇ ਸੈਕਟਰ-66 ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਕਰਾਏ ਜਾ ਰਹੇ ਤੀਜੇ ਸਾਲਾਨਾ ਕੇਸਧਾਰੀ ਹਾਕੀ ਗੋਲਡ ਕੱਪ ਅੰਡਰ-19 ਦੇ ਲੀਗ ਮੈਚ ਅੱਜ ਸਮਾਪਤ ਹੋ ਗਏ। ਮਿਸਲ ਭੰਗੀਆ, ਮਿਸਲ ਸ਼ੁੱਕਰਚੱਕੀਆ, ਮਿਸਲ ਫੂਲਕੀਆਂ ਅਤੇ ਮਿਸਲ ਡੱਲੇਵਾਲੀਆ ਦੀਆਂ ਟੀਮਾਂ ਨੇ ਸੈਮੀ-ਫ਼ਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

ਅੱਜ ਉਦਘਾਟਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤਾ। ਉਨ੍ਹਾਂ ਸਮੁੱਚੇ ਖਿਡਾਰੀਆਂ ਨੂੰ ਕੇਸਰੀ ਦਸਤਾਰਾਂ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਹਜ਼ੂਰੀ ਰਾਗੀ ਭਾਈ ਮੱਖਣ ਸਿੰਘ, ਪੰਜਾਬੀ ਯੂਨੀਵਰਸਿਟੀ ਤੋਂ ਡਾ. ਕਸ਼ਮੀਰ ਸਿੰਘ, ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ, ਕਿਸਾਨ ਆਗੂ ਪਰਮਦੀਪ ਬੈਦਵਾਣ, ਖੇਡ ਲੇਖਕ ਇਕਬਾਲ ਸਿੰਘ ਸਰੋਇਆ ਨੇ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਅਤੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ ਆਦਿ ਦੀ ਦੇਖ-ਰੇਖ ਹੇਠ ਅੱਜ ਹੋਏ ਲੀਗ ਮੈਚਾਂ ਵਿੱਚ ਮਿਸਲ ਆਹਲੂਵਾਲੀਆ (ਪੀਆਈਐੱਸ ਮੁਹਾਲੀ) ਨੇ ਹੋਲੀ ਵਰਲਡ ਹਾਕੀ ਅਕੈਡਮੀ ਬਟਾਲਾ (ਮਿਸਲ ਸ਼ਹੀਦਾਂ) ਨੂੰ 8-1 ਗੋਲਾਂ ਨਾਲ ਹਰਾਇਆ। ਦੂਜੇ ਮੈਚ ਵਿੱਚ ਮਿਸਲ ਭੰਗੀਆਂ (ਪੀਆਈਐੱਸ ਲੁਧਿਆਣਾ) ਨੇ ਮਿਸਲ ਸਿੰਘਪੁਰੀਆ (ਫ਼ਤਹਿਗੜ੍ਹ ਸਾਹਿਬ ਹਾਕੀ ਕਲੱਬ) ਨੂੰ 7-3 ਗੋਲਾਂ ਨਾਲ ਮਾਤ ਦਿੱਤੀ। ਮਿਸਲ ਸ਼ੁੱਕਰਚੱਕੀਆ (ਸ਼੍ਰੋਮਣੀ ਕਮੇਟੀ ਅੰਮ੍ਰਿਤਸਰ) ਅਤੇ ਮਿਸਲ ਨਿਸ਼ਾਨਵਾਲੀਆ (ਰਾਊਂਡ ਗਲਾਸ ਮੁਹਾਲੀ) ਦਰਮਿਆਨ 1-1 ਗੋਲਾਂ ਨਾਲ ਬਰਾਬਰ ਰਹੀਆਂ। ਮਿਸਲ ਫੂਲਕੀਆ (ਫ਼ਲਿੱਕਰਜ਼ ਕਲੱਬ ਸ਼ਾਹਬਾਦ) ਨੂੰ ਰਾਜ ਓਲੰਪੀਅਨ ਵੱਲੋਂ ਸਪਾਂਸਰ ਕੀਤੀ ਜਾ ਰਹੀ ਸੈਕਟਰ 42 ਚੰਡੀਗੜ੍ਹ ਦੀ ਟੀਮ ਮਿਸਲ ਡੱਲੇਵਾਲੀਆ ਨੇ 4-1 ਨਾਲ ਮਾਤ ਦਿੱਤੀ।

ਪ੍ਰਬੰਧਕਾਂ ਨੇ ਦੱਸਿਆ ਕਿ 18 ਫਰਵਰੀ ਨੂੰ ਸੈਮੀਫ਼ਾਈਨਲ ਮੈਚ ਹੋਣਗੇ। ਇਸੇ ਤਰ੍ਹਾਂ 19 ਫਰਵਰੀ ਨੂੰ ਫ਼ਾਈਨਲ ਮੈਚ ਅਤੇ ਤੀਜੇ ਸਥਾਨ ਲਈ ਮੁਕਾਬਲਾ ਹੋਵੇਗਾ।