ਕੇਜਰੀਵਾਲ ਵੱਲੋਂ ਰੀਸਾਈਕਲਿੰਗ ਪਲਾਂਟ ਦਾ ਉਦਘਾਟਨ

ਕੇਜਰੀਵਾਲ ਵੱਲੋਂ ਰੀਸਾਈਕਲਿੰਗ ਪਲਾਂਟ ਦਾ ਉਦਘਾਟਨ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਜਹਾਂਗੀਰਪੁਰੀ ਨਗਰ ਨਿਗਮ ਦੇ ਉਸਾਰੀ ਅਧੀਨ ਅਤੇ ਢਾਹੀਆਂ ਇਮਾਰਤਾਂ ਦੇ ਮਲਬੇ ਤੋਂ ਟਾਈਲਾਂ, ਇੱਟਾਂ ਅਤੇ ਹੋਰ ਉਤਪਾਦ ਬਣਾ ਕੇ ਇਸ ਦੀ ਮੁੜ ਵਰਤੋਂ ਕਰਨ ਲਈ ਸੀਐਂਡਡੀ ਵੇਸਟ ਰੀਸਾਈਕਲਿੰਗ ਪਲਾਂਟ ਦਾ ਉਦਘਾਟਨ ਕੀਤਾ। ਜਾਣਕਾਰੀ ਅਨੁਸਾਰ ਲਗਪਗ 7 ਏਕੜ ਵਿੱਚ ਬਣਾਇਆ ਇਹ ਪਲਾਂਟ ਦੇਸ਼ ਦਾ ਸਭ ਤੋਂ ਵੱਡਾ ਪਲਾਂਟ ਹੈ, ਜਿੱਥੇ ਹਰ ਰੋਜ਼ ਦੋ ਹਜ਼ਾਰ ਟਨ ਸੀਐਂਡਡੀ ਰਹਿੰਦ-ਖੂੰਹਦ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਦਿੱਲੀ ਨੂੰ ਸੁੰਦਰ ਬਣਾਉਣਾ ਹੈ ਅਤੇ ਇਸ ਕਾਰਜ ਲਈ ਸੀਐਂਡਡੀ ਪਲਾਂਟ ਬਹੁਤ ਜ਼ਰੂਰੀ ਹਨ। ਉਸਾਰੀ ਅਤੇ ਢਾਹੇ ਮਲਬੇ ਨੂੰ ਇਸ ਪਲਾਂਟ ਵਿੱਚ ਟਾਈਲਾਂ, ਇੱਟਾਂ ਅਤੇ ਹੋਰ ਉਤਪਾਦ ਬਣਾਉਣ ਲਈ ਲਿਆਂਦਾ ਜਾਵੇਗਾ ਜਨਿ੍ਹਾਂ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਦਿੱਲੀ ਮਲਬੇ ਤੋਂ ਮੁਕਤ ਹੋ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮੇਅਰ ਡਾ. ਸ਼ੈਲੀ ਓਬਰਾਏ, ਵਿਧਾਇਕ ਤੇ ਦੁਰਗੇਸ਼ ਪਾਠਕ, ਸਦਨ ਦੇ ਨੇਤਾ ਮੁਕੇਸ਼ ਗੋਇਲ ਅਤੇ ਅਧਿਕਾਰੀਆਂ ਦੇ ਨਾਲ ਪਲਾਂਟ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਦਿੱਲੀ ’ਚ ਰੋਜ਼ਾਨਾ 6500 ਟਨ ਮਲਬਾ ਪੈਦਾ ਹੁੰਦਾ ਹੈ। ਮੇਅਰ ਸ਼ੈਲੀ ਓਬਰਾਏ ਨੇ ਕਿਹਾ ਕਿ ਦਿੱਲੀ ਵਿੱਚ ਲਗਭਗ 6000-6500 ਟਨ ਪ੍ਰਤੀ ਦਨਿ ਮਲਬਾ ਪੈਦਾ ਹੁੰਦਾ ਹੈ। ਵਰਤਮਾਨ ਵਿੱਚ ਦਿੱਲੀ ਵਿੱਚ ਬੁਰਾੜੀ ਦੇ ਜਹਾਂਗੀਰਪੁਰੀ (2000 ਟਨ ਸਮਰੱਥਾ), ਰਾਣੀ ਖੇੜਾ (1000), ਸ਼ਾਸਤਰੀ ਪਾਰਕ (1000) ਅਤੇ ਬੱਕਰਵਾਲਾ (1000) ਵਿੱਚ ਇਹ ਰੀਸਾਈਕਲਿੰਗ ਪਲਾਂਟ ਹਨ। ਇਨ੍ਹਾਂ ਪਲਾਂਟਾਂ ਦੀ ਰੀਸਾਈਕਲਿੰਗ ਸਮਰੱਥਾ ਲਗਭਗ 5000 ਟਨ ਹੈ। ਇਸ ਤੋਂ ਇਲਾਵਾ ਐਮਸੀਡੀ ਥੇਖੰਡ, ਓਖਲਾ ਵਿਖੇ 1000 ਟੀਪੀਡੀ ਸਮਰੱਥਾ ਦਾ ਇੱਕ ਹੋਰ ਵੇਸਟ ਰੀਸਾਈਕਲਿੰਗ ਪਲਾਂਟ ਸਥਾਪਤ ਕਰਨ ਦੀ ਯੋਜਨਾ ਹੈ।