ਕੇਂਦਰ ਸਰਕਾਰ ਸ੍ਰੀ ਨਨਕਾਣਾ ਸਾਹਿਬ ਤੱਕ ਕੋਰੀਡੋਰ ਬਣਾਉਣ ਲਈ ਪਾਕਿਸਤਾਨ ਨਾਲ ਗੱਲ ਕਰੇ : ਰਾਘਵ ਚੱਢਾ

ਕੇਂਦਰ ਸਰਕਾਰ ਸ੍ਰੀ ਨਨਕਾਣਾ ਸਾਹਿਬ ਤੱਕ ਕੋਰੀਡੋਰ ਬਣਾਉਣ ਲਈ ਪਾਕਿਸਤਾਨ ਨਾਲ ਗੱਲ ਕਰੇ : ਰਾਘਵ ਚੱਢਾ

ਸ਼ਰਧਾਲੂਆਂ ਲਈ ਪਾਸਪੋਰਟ, ਵੀਜ਼ਾ ਅਤੇ ਗੁੰਝਲਦਾਰ ਫਾਰਮ ਭਰਨ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ ਉਨ੍ਹਾਂ ਤੋਂ ਕੋਈ ਚਾਰਜ ਨਾ ਲਿਆ ਜਾਵੇ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿਚ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ ਦਾ ਮੁੱਦਾ ਉਠਾਇਆ। ਰਾਘਵ ਚੱਢਾ ਨੇ ਕੇਂਦਰ ਸਰਕਾਰ ਨੂੰ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ ਲਈ ਸ੍ਰੀ ਕਰਤਾਰਪੁਰ ਕੋਰੀਡੋਰ ਵਾਂਗ ਸੁਰੱਖਿਅਤ ਕੋਰੀਡੋਰ ਬਣਾਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ ਦੀ ਅਪੀਲ ਕੀਤੀ। ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ਵਿਚ ਕੇਂਦਰ ਸਰਕਾਰ ਨੂੰ ਸ੍ਰੀ ਨਨਕਾਣਾ ਸਾਹਿਬ ਲਈ ਕੋਰੀਡੋਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੁੱਦਾ ਕਰੋੜਾਂ ਪੰਜਾਬੀਆਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇਸ ਸਦਨ ਵਿਚ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਇਕ ਅਜਿਹਾ ਸੂਬਾ ਹੈ ਜਿਸ ਦੀ ਧਰਤੀ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਪਵਿੱਤਰ ਹੈ। 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਦੇਸ਼ ਹੀ ਨਹੀਂ ਦੋ ਹਿੱਸਿਆਂ ਵਿਚ ਵੰਡਿਆ ਗਿਆ ਸਗੋਂ ਸਾਡਾ ਪੰਜਾਬ ਵੀ ਦੋ ਹਿੱਸਿਆਂ ਵਿਚ ਵੰਡਿਆ ਗਿਆ। ਇਕ ਪੰਜਾਬ ਪਾਕਿਸਤਾਨ ਵਿਚ ਰਿਹਾ ਅਤੇ ਦੂਜਾ ਪਾਰਤ ਵਿਚ ਸ਼ਾਮਲ ਹੋ ਗਿਆ। ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪੰਜਾਬ ਤੋਂ ‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਦੇਸ਼ ਦੀ ਵੰਡ ਹੋਈ ਤਾਂ ਮੇਰੇ ਪਰਿਵਾਰ ਸਮੇਤ ਲੱਖਾਂ ਪੰਜਾਬੀ ਪਰਿਵਾਰਾਂ ਦਾ ਖੂਨ ਵਹਾਇਆ ਗਿਆ। ਸਾਡੇ ਬਹੁਤ ਸਾਰੇ ਦੋਸਤ ਅਤੇ ਰਿਸ਼ਤੇਦਾਰ ਸਾਡੇ ਤੋਂ ਵਿਛੜ ਗਏ ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡਾ ਗੁਰਦੁਆਰਾ ਸਾਹਿਬ ਸਾਡੇ ਤੋਂ ਵਿਛੜ ਗਿਆ। ਰਾਘਵ ਚੱਢਾ ਨੇ ਦੱਸਿਆ ਕਿ ਅੰਜ ਪਾਕਿਸਤਾਨ ਵਿਚ ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਪੰਜਾ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਵਰਗੇ ਬਹੁਤ ਸਾਰੇ ਗੁਰਦੁਆਰੇ ਹਨ। ਇਨ੍ਹਾਂ ਵਿਚੋਂ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਨਨਕਾਣਾ ਸਾਹਿਬ ਹੈ, ਜਿਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ, ਜੋ ਲਾਹੌਰ ਤੋਂ ਲਗਭਗ 90 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਰਾਜ ਸਭਾ ’ਚ ਅੱਗੇ ਆਪਣੀ ਮੰਗ ਰੱਖਦਿਆਂ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅੱਜ ਮੈਂ ਇਸ ਸਦਨ ਅੱਗੇ ਮੰਗ ਲੈ ਕੇ ਆਇਆ ਹਾਂ। ਸੰਗਤ ਸ੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨਾਂ ਲਈ ਅਰਦਾਸ ਕਰਦੀ ਹੈ, ਇਸੇ ਸੰਦਰਭ ਵਿਚ ਮੈਂ ਅੱਜ ਸਦਨ ਰਾਹੀਂ ਸਰਕਾਰ ਅੱਗੇ ਤਿੰਨ ਛੋਟੀਆਂ ਮੰਗਾਂ ਰੱਖਣੀਆਂ ਚਾਹੁੰਦਾ ਹਾਂ। ਰਾਘਵ ਚੱਢਾ ਨੇ ਕਿਹਾ ਕਿ ਮੇਰੀ ਪਹਿਲੀ ਮੰਗ ਹੈ ਕਿ ਜਿਸ ਤਰ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਬਣਾ ਕੇ ਸੰਗਤਾਂ ਨੂੰ ਦਰਸ਼ਨਾਂ ਦਾ ਮੌਕਾ ਮਿਲਿਆ ਅਤੇ ਮੱਥਾ ਟੇਕਣ ਦਾ ਪ੍ਰਬੰਧ ਕੀਤਾ ਗਿਆ, ਉਸੇ ਤਰ੍ਹਾਂ ਸ੍ਰੀ ਨਨਕਾਣਾ ਸਾਹਿਬ ਕੋਰੀਡੋਰ ’ਤੇ ਵੀ ਕੰਮ ਕੀਤਾ ਜਾਵੇ।