ਕੇਂਦਰ ਸਰਕਾਰ ਨੇ ਫੰਡ ਰੋਕ ਕੇ ਪੰਜਾਬ ਦਾ ਨੁਕਸਾਨ ਕੀਤਾ: ਡਾ. ਬਲਬੀਰ

ਕੇਂਦਰ ਸਰਕਾਰ ਨੇ ਫੰਡ ਰੋਕ ਕੇ ਪੰਜਾਬ ਦਾ ਨੁਕਸਾਨ ਕੀਤਾ: ਡਾ. ਬਲਬੀਰ

ਪਟਿਆਲਾ- ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਫ਼ੰਡ (ਆਰਡੀਐੱਫ) ਰੋਕ ਕੇ ਪੰਜਾਬ ਨੂੰ ਸਾਜ਼ਿਸ਼ੀ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਹੈ ਤੇ ਇਹ ਫੰਡ ਜਲਦ ਜਾਰੀ ਹੋਣੇ ਚਾਹੀਦੇ ਹਨ। ਡਾ. ਬਲਬੀਰ ਸਿੰਘ ਇੱਥੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਵਿਚ ਆਏ ਸਨ, ਜਿੱਥੇ ਉਨ੍ਹਾਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾ ਰਹੇ ਵਾਲੰਟੀਅਰਾਂ ਦੀ ਪਿੱਠ ਥਾਪੜੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਪ੍ਰਤੀ ਗੰਭੀਰ ਨਹੀਂ ਹੈ।

ਡਾ. ਬਲਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਾਪਰਟੀ ਵਿਚ ਆਮ ਆਦਮੀ ਕਲੀਨਿਕ ਖੁੱਲ੍ਹੇ ਹਨ ਤੇ ਸਰਕਾਰ ਦੀ ਪ੍ਰਾਪਰਟੀ ਵਿਚ ਹੀ ਸਕੂਲ ਖੁੱਲ੍ਹਣਗੇ। ਇਸ ਪ੍ਰਾਪਰਟੀ ਵਿਚ ਕਿਸੇ ਸਿਆਸੀ ਪਾਰਟੀ ਦਾ ਹੱਕ ਨਹੀਂ ਹੈ। ਇਸ ਕਰ ਕੇ ਸੁਖਬੀਰ ਬਾਦਲ ਪੰਜਾਬੀਆਂ ਨੂੰ ਗੁਮਰਾਹ ਕਰਨ ਵਾਲੇ ਬਿਆਨ ਨਾ ਦੇਣ। ਉਨ੍ਹਾਂ ਕਿਹਾ ਕਿ ਅਕਾਲੀ ਜਾਂ ਕਾਂਗਰਸ ਦੀਆਂ ਸਰਕਾਰਾਂ ਵੇਲੇ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਸੀ ਪਰ ਸਾਡੀ ਸਰਕਾਰ ਤਾਂ ਛੋਟੇ-ਛੋਟੇ ਸਿਹਤ ਕੇਂਦਰਾਂ ਨੂੰ ਵੀ ਅਹਿਮ ਸਥਾਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਦਾ ਮਾਮਲਾ ਭਾਰਤੀ ਜਨਤਾ ਪਾਰਟੀ ਦਾ ਡਰਾਮਾ ਹੈ ਤੇ ਮਨੀਸ਼ ਸਿਸੋਦੀਆ ਨਾਲ ਪੂਰੀ ਪਾਰਟੀ ਡਟ ਕੇ ਖੜ੍ਹੀ ਹੈ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਮੇਲੇ ਦੀ ਨੋਡਲ ਅਫ਼ਸਰ ਈਸ਼ਾ ਸਿੰਘਲ ਦੀ ਸ਼ਲਾਘਾ ਕੀਤੀ।