ਕੇਂਦਰ ਵੱਲੋਂ ਨਿਆਂ ਪ੍ਰਬੰਧ ’ਚ ਸੁਧਾਰ ਲਿਆਉਣ ਦੀ ਤਿਆਰੀ: ਮੇਘਵਾਲ

ਕੇਂਦਰ ਵੱਲੋਂ ਨਿਆਂ ਪ੍ਰਬੰਧ ’ਚ ਸੁਧਾਰ ਲਿਆਉਣ ਦੀ ਤਿਆਰੀ: ਮੇਘਵਾਲ

ਗੁਰਦਾਸਪੁਰ- ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਦੇਸ਼ ਅੰਦਰ ਮੌਜੂਦ ਕਾਨੂੰਨ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੇ ਆ ਰਹੇ ਹਨ ਜਿਸ ਕਾਰਨ ਆਮ ਲੋਕਾਂ ਨੂੰ ਨਿਆਂ ਲਈ ਲੰਬੀ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਾਨੂੰਨਾਂ ਵਿੱਚ ਕੇਂਦਰ ਸਰਕਾਰ ਵੱਲੋਂ ਸੁਧਾਰ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਇਹ ਦਾਅਵਾ ਗੁਰਦਾਸਪੁਰ ਵਿੱਚ ਵਕੀਲਾਂ ਦੇ ਰੁਬਰੂ ਕੀਤਾ।

ਵਕੀਲਾਂ ਵੱਲੋਂ ਸੱਦੀ ਮੀਟਿੰਗ ਮੌਕੇ ਕੇਂਦਰੀ ਮੰਤਰੀ ਨੇ ਕਾਨੂੰਨਾਂ ਵਿੱਚ ਸੁਧਾਰ ਲਿਆਉਣ ਦਾ ਜ਼ਿਕਰ ਕਰਦਿਆਂ ਵਕੀਲਾਂ ਨੂੰ ਇਸ ਸਬੰਧ ’ਚ ਸੁਝਾਅ ਦੇਣ ਦੀ ਅਪੀਲ ਕੀਤੀ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਪ੍ਰਤੀ ਗੰਭੀਰ ਹੈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਜਲਦ ਹੀ ਪੰਜਾਬ ਦਾ ਦੌਰਾ ਕਰਨ ਮੌਕੇ ਗੁਰਦਾਸਪੁਰ ਵੀ ਆਉਣਗੇ। ਇਸ ਮੌਕੇ ਸੀਨੀਅਰ ਵਕੀਲਾਂ ਨੇ ਕਾਨੂੰਨ ਮੰਤਰੀ ਕੋਲ ਵਕੀਲਾਂ ਦੀ ਭਲਾਈ ਲਈ ਕਾਨੂੰਨ ਲਿਆਉਣ, ਵਕੀਲਾਂ ਦੇ ਚੈਂਬਰ ਬਣਾਉਣ ਲਈ ਵਿੱਤੀ ਸਹਾਇਤਾ ਦੇਣ, ਬੀਮਾ ਕਰਨ ਅਤੇ ਗੁਰਦਾਸਪੁਰ ਵਿਖੇ ਕਿਰਤ ਅਦਾਲਤ ਸਥਾਪਤ ਕਰਨ ਸਣੇ ਕਈ ਹੋਰ ਮੰਗਾਂ ਰੱਖੀਆਂ ਜਿਸ ਦੇ ਜਵਾਬ ਵਿੱਚ ਮੇਘਵਾਲ ਨੇ ਕਿਹਾ ਕਿ ਸਰਕਾਰ ਵਕੀਲਾਂ ਲਈ ਭਲਾਈ ਕਾਨੂੰਨ ਬਣਾਉਣ ਲਈ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਕੀਲਾਂ ਦੀ ਸੁਰੱਖਿਆ ਲਈ ਬੀਮਾ ਨੀਤੀ ਵੀ ਲਿਆਂਦੀ ਜਾਵੇਗੀ। ਉਨ੍ਹਾਂ ਨੇ ਚੈਂਬਰ ਬਣਾਉਣ ਲਈ ਵਿੱਤੀ ਸਹਾਇਤਾ ਦੇਣ ਸਮੇਤ ਹੋਰਨਾਂ ਮੰਗਾਂ ਦੇ ਹੱਲ ਦਾ ਭਰੋਸਾ ਵੀ ਦਿੱਤਾ। ਇਸ ਦੌਰਾਨ ਸੀਨੀਅਰ ਵਕੀਲ ਤੇ ਭਾਜਪਾ ਲੀਗਲ ਸੈੱਲ ਦੇ ਆਗੂ ਪਰਮਿੰਦਰ ਸਿੰਘ ਘੁੰਮਣ ਦੀ ਅਗਵਾਈ ਹੇਠ ਕਾਨੂੰਨ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।