ਕੇਂਦਰ ਨੇ ਕਾਂਗਰਸੀ ਪਿਛੋਕੜ ਵਾਲੇ ਭਾਜਪਾ ਆਗੂਆਂ ਦੀ ਸੁਰੱਖਿਆ ਘਟਾਈ

ਕੇਂਦਰ ਨੇ ਕਾਂਗਰਸੀ ਪਿਛੋਕੜ ਵਾਲੇ ਭਾਜਪਾ ਆਗੂਆਂ ਦੀ ਸੁਰੱਖਿਆ ਘਟਾਈ

ਮੋਗਾ- ਕੇਂਦਰ ਸਰਕਾਰ ਨੇ ਪੰਜਾਬ ਦੇ ਲਗਪਗ 40 ਭਾਜਪਾ ਆਗੂਆਂ ਦੀ ਸੁਰੱਖਿਆ ਘਟਾ ਦਿੱਤੀ ਹੈ ਜਨਿ੍ਹਾਂ ਵਿੱਚ ਉਹ ਆਗੂ ਵੀ ਸ਼ਾਮਲ ਦੱਸੇ ਜਾਂਦੇ ਹਨ ਜੋ ਭਾਜਪਾ ਛੱਡ ਕੇ ਮੁੜ ਕਾਂਗਰਸ ’ਚ ਸ਼ਾਮਲ ਹੋਣਾ ਚਾਹੁੰਦੇ ਹਨ। ਇਹ ਆਗੂ ਬੀਤੇ ਦਿਨੀਂ ਨਵੀਂ ਦਿੱਲੀ ਵਿਚ ਕਾਂਗਰਸ ਦੇ ਕੌਮੀ ਸਕੱਤਰ ਨੂੰ ਵੀ ਮਿਲੇ ਸਨ। ਬਹੁਤੇ ਆਗੂਆਂ ਦੀ ਸੁਰੱਖਿਆ ਨੂੰ ਸ਼੍ਰੇਣੀ ‘ਵਾਈ’ ਤੋਂ ‘ਐਕਸ’ ਕਰ ਦਿੱਤੀ ਗਈ ਹੈ। ਇਸ ਕਾਰਵਾਈ ਨਾਲ ਭਾਜਪਾ ਦਾ ਪੰਜਾਬ ’ਚੋਂ ਦਲ ਬਦਲੀ ਦਾ ਤਜਰਬਾ ਨਾਕਾਮ ਸਾਬਤ ਹੋਣ ਲੱਗਾ ਹੈ।

ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਦਿਆਂ ਕਿਹਾ ਕਿ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਵਾਲੇ ਆਗੂ ਭਾਜਪਾ ਵਿੱਚ ਆਪਣੇ ਕੱਦ ਮੁਤਾਬਕ ਰੁਤਬਾ ਜਾਂ ਅਹੁਦਾ ਭਾਲਦੇ ਸਨ ਪਰ ਭਾਜਪਾ ਕੋਲ ਇਨ੍ਹਾਂ ਵਾਸਤੇ ਕੋਈ ਬਦਲ ਨਹੀਂ ਸੀ। ਜਾਣਕਾਰੀ ਅਨੁਸਾਰ ਪਿਛਲੇ ਸਾਲ ਸੂਬਾ ਸਰਕਾਰ ਨੇ ਇਨ੍ਹਾਂ ਆਗੂਆਂ ਦੀ ਸੁਰੱਖਿਆ ਵਿੱਚ ਕਟੌਤੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਨੇ ਇਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਸੀ ਪਰ ਹੁਣ ਕਰੀਬ ਇੱਕ ਸਾਲ ਬਾਅਦ ਮੁੜ ਉਨ੍ਹਾਂ ਦੀ ਸੁਰੱਖਿਆ ਵਿਚ ਕਟੌਤੀ ਕਰ ਦਿੱਤੀ ਗਈ ਹੈ।

ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇਸ ਬਦਲਾਅ ਦੇ ਪਿੱਛੇ ਕੀ ਕਾਰਨ ਹਨ, ਇਹ ਸਪੱਸ਼ਟ ਨਹੀਂ ਹੋਇਆ। ਐਕਸ ਸ਼੍ਰੇਣੀ ਵਿੱਚ 2 ਕਰਮਚਾਰੀਆਂ ਦੀ ਸੁਰੱਖਿਆ ਹੁੰਦੀ ਹੈ। ਇਸ ਵਿੱਚ ਕੋਈ ਕਮਾਂਡੋ ਸ਼ਾਮਲ ਨਹੀਂ ਹੁੰਦਾ ਹੈ। ਸਿਰਫ ਹਥਿਆਰਬੰਦ ਪੁਲੀਸ ਮੁਲਾਜ਼ਮ ਹੀ ਸ਼ਾਮਲ ਹੁੰਦੇ ਹਨ। ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਸ ਸ਼੍ਰੇਣੀ ਦੀ ਸੁਰੱਖਿਆ ਮਿਲਦੀ ਹੈ।

‘ਵਾਈ’ ਸ਼੍ਰੇਣੀ ਦੀ ਸੁਰੱਖਿਆ ਵਿੱਚ 1 ਜਾਂ 2 ਕਮਾਂਡੋ ਅਤੇ ਪੁਲੀਸ ਮੁਲਾਜ਼ਮਾਂ ਸਮੇਤ 8 ਸਿਪਾਹੀ ਹੁੰਦੇ ਹਨ। ਸੁਰੱਖਿਆ ਲਈ ਦੋ ਨਿੱਜੀ ਸੁਰੱਖਿਆ ਅਧਿਕਾਰੀ (ਪੀਐੱਸਓ) ਵੀ ਤਾਇਨਾਤ ਹੁੰਦੇ ਹਨ।

ਭਾਜਪਾ ’ਚ ਕਰੀਬ ਇੱਕ ਸਾਲ ਪਹਿਲਾਂ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ 9 ਆਗੂਆਂ ਵੱਲੋਂ ਭਾਜਪਾ ਛੱਡ ਕੇ ਮੁੜ ਕਾਂਗਰਸ ’ਚ ਸ਼ਾਮਲ ਹੋਣ ਨਾਲ ਕਾਂਗਰਸ ਤੇ ਭਾਜਪਾ ਉੱਤੇ ਸਵਾਲ ਖੜ੍ਹੇ ਹੋ ਰਹੇ ਹਨ। ਸਾਬਕਾ ਮੰਤਰੀ ਬਲਬੀਰ ਸਿੱਧੂ, ਰਾਜ ਕੁਮਾਰ ਵੇਰਕਾ ਅਤੇ ਗੁਰਪ੍ਰੀਤ ਕਾਂਗੜ ਉਹ ਆਗੂ ਹਨ ਜੋ ਕਰੀਬ ਦੋ ਦਹਾਕਿਆਂ ਤੋਂ ਆਪੋ-ਆਪਣੇ ਹਲਕਿਆਂ ਤੋਂ ਚੋਣ ਲੜਦੇ ਆ ਰਹੇ ਹਨ ਪਰ ਸਾਲ 2022 ਦੀਆਂ ਵਿਧਾਨ ਚੋਣਾਂ ’ਚ ਕਾਂਗਰਸ ਦੀ ਹਾਰ ਮਗਰੋਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।