ਕੇਂਦਰ ਨੇ ਐੱਮਐੱਸਪੀ ਗਾਰੰਟੀ ਨਾ ਦੇ ਕੇ ਕਿਸਾਨਾਂ ਨਾਲ ਧੋਖਾ ਕੀਤਾ: ਡਾ. ਬਲਬੀਰ ਸਿੰਘ

ਕੇਂਦਰ ਨੇ ਐੱਮਐੱਸਪੀ ਗਾਰੰਟੀ ਨਾ ਦੇ ਕੇ ਕਿਸਾਨਾਂ ਨਾਲ ਧੋਖਾ ਕੀਤਾ: ਡਾ. ਬਲਬੀਰ ਸਿੰਘ

ਪਟਿਆਲਾ- ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਕਿਹਾ ਕਿ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਖੇਤੀ ਬਜਟ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਮੌਜੂਦਾ ‘ਆਪ’ ਸਰਕਾਰ ਨੇ ਇਸ ਵਾਧੇ ਨਾਲ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਜਾਣਕਾਰੀ ਅਨੁਸਾਰ ਸਿਹਤ ਮੰਤਰੀ ਅੱਜ ਰੌਣੀ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ’ਚ ਚੱਲ ਰਹੇ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ।

ਇਸ ਮੌਕੇ ਮੰਤਰੀ ਨੇ ਕਿਸਾਨਾਂ ਨੂੰ ਕੁਦਰਤੀ ਵਿਗਿਆਨੀ ਦੱਸਦਿਆਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਕਿਸਾਨ ਇਸ ਦੀ ਰੀੜ ਦੀ ਹੱੜੀ ਹਨ। ਇਸੇ ਲਈ ਸਰਕਾਰ ਨੇ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਫ਼ਲਾਂ ਤੇ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਹਿਤ ਭਾਅ-ਅੰਤਰ ਸਕੀਮ ਲਿਆਂਦੀ ਹੈ। ਮੰਤਰੀ ਨੇ ਸੱਦਾ ਦਿੱਤਾ ਕਿ ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਤੰਦਰੁਸਤ ਰੱਖਣ ਲਈ ਖੇਤੀ ਵਿਭਿੰਨਤਾ ਨਾਲ ਜੁੜ ਕੇ ਮੋਟੇ ਅਨਾਜਾਂ ’ਤੇ ਅਧਾਰਿਤ ਕੁਦਰਤੀ ਖੇਤੀ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਕਿਸਾਨ ਹਿਤੈਸ਼ੀ ਨੀਤੀਆਂ ਰਾਹੀਂ ਪੰਜਾਬ ਦੇ ਗੰਭੀਰ ਖੇਤੀ ਸੰਕਟ ਨੂੰ ਮੱਠਾ ਕਰਨ ’ਤੇ ਵੀ ਜ਼ੋਰ ਦਿੱਤਾ। ਡਾ. ਬਲਬੀਰ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦੇਸ਼ ਦੀ ਭੋਜਨ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵੱਲ ਪੂਰਾ ਯੋਗਦਾਨ ਪਾ ਰਹੇ ਹਨ, ਪਰ ਕੇਂਦਰ ਸਰਕਾਰ ਨੇ ਐੱਮਐੱਸਪੀ ਨਾ ਦੇ ਕੇ ਜਿੱਥੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਉਥੇ ਹੀ ਪੰਜਾਬ ਦੇ ਕਰੋੜਾਂ ਦੇ ਦਿਹਾਤੀ ਵਿਕਾਸ ਫੰਡਾਂ ਸਮੇਤ ਐੱਨਐੱਚਐੱਮ ਫੰਡ ਵੀ ਰੋਕ ਦਿੱਤੇ ਹਨ, ਪਰ ਸੀਮਤ ਸਾਧਨਾਂ ਦੇ ਬਾਵਜੂਦ ਸਰਕਾਰ ਵੱਲੋਂ ਮੂੰਗੀ ’ਤੇ ਐੱਮਐੱਸਪੀ ਤੇ ਗੰਨੇ ਦਾ ਵਾਜਬ ਭਾਅ ਦਿੱਤਾ ਗਿਆ ਹੈ। ਮੇਲੇ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਕਿਸਾਨ ਮੇਲਿਆਂ ਦਾ ਉਦੇਸ਼ ‘ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਨੂੰ ਪੂਰਨ ਤੌਰ ’ਤੇ ਅਪਨਾਉਣ ਦੀ ਅਪੀਲ ਕੀਤੀ।

ਵਾਈਸ ਚਾਂਸਲਰ ਨੇ ਸਰਕਾਰ-ਕਿਸਾਨ ਮਿਲਣੀ ਨੂੰ ਇੱਕ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਸਰਕਾਰ ਦੇ ਯਤਨਾਂ ਸਦਕਾ ਪਹਿਲੀ ਵਾਰ ਸੂਬੇ ਵਿੱਚ ਖੇਤੀ ਨੀਤੀ ਤਿਆਰ ਹੋਣ ਜਾ ਰਹੀ ਹੈ, ਜਿਸ ਲਈ ਕਿਸਾਨ ਆਪਣੇ ਸੁਝਾਅ ਯੂਨੀਵਰਸਿਟੀ ਨਾਲ ਸਾਂਝੇ ਕੀਤੇ ਜਾਣ। ਉਨ੍ਹਾਂ ਨੇ ਕਿਸਾਨਾਂ ਦੀ ਸਹੂਲਤ ਲਈ ਪਟਿਆਲਾ ਬਾਰਾਂਦਰੀ ਸਥਿਤ ਫਾਰਮ ਸਲਾਹਕਾਰ ਕੇਂਦਰ ਨੂੰ ਮੁੜ ਸਥਾਪਤ ਕਰਨ ਦਾ ਐਲਾਨ ਕੀਤਾ।