ਕੇਂਦਰ ਤੇ ਕਿਸਾਨਾਂ ’ਚ ਗੱਲਬਾਤ ਨਿਬੇੜਨ ਦੀ ਕਮਾਨ ਮੁੱਖ ਮੰਤਰੀ ਨੇ ਸੰਭਾਲੀ

ਕੇਂਦਰ ਤੇ ਕਿਸਾਨਾਂ ’ਚ ਗੱਲਬਾਤ ਨਿਬੇੜਨ ਦੀ ਕਮਾਨ ਮੁੱਖ ਮੰਤਰੀ ਨੇ ਸੰਭਾਲੀ

‘ਆਪ’ ਕਿਸਾਨਾਂ ਦੀ ‘ਏ’ ਟੀਮ ਕਰਾਰ; ਜਮੂਦ ਤੋੜਨ ਲਈ ਸਰਕਾਰ ‘ਸੁਝਾਅਨੁਮਾ’ ਫ਼ਾਰਮੂਲਾ ਤਿਆਰ ਕਰਨ ’ਚ ਰੁੱਝੀ
ਚੰਡੀਗੜ੍ਹ- ਪੰਜਾਬ ਸਰਕਾਰ ਲਈ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਸੰਘਰਸ਼ ਨੂੰ ਬਿਨਾਂ ਕਿਸੇ ਟਕਰਾਅ ਤੋਂ ਖਤਮ ਕਰਾਉਣਾ ਕਿਸੇ ਪ੍ਰੀਖਿਆ ਤੋਂ ਘੱਟ ਨਹੀਂ ਹੈ। ਬੇਸ਼ੱਕ ਕਿਸਾਨ ਫੋਰਮਾਂ ਦੇ ਨਿਸ਼ਾਨੇ ’ਤੇ ਕੇਂਦਰ ਸਰਕਾਰ ਹੈ ਅਤੇ ਕਿਸਾਨੀ ਮੰਗਾਂ ਵੀ ਕੇਂਦਰ ਨਾਲ ਸਬੰਧ ਰੱਖਦੀਆਂ ਹਨ ਪਰ ਸੂਬਾ ਸਰਕਾਰ ਚਾਹੁੰਦੀ ਹੈ ਕਿ ਸੰਘਰਸ਼ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਅਤੇ ਕੇਂਦਰ ਸਰਕਾਰ ਵੀ ਕਿਸਾਨੀ ਦਰਦ ਨੂੰ ਸਮਝਦਿਆਂ ਕਿਸਾਨ ਫੋਰਮਾਂ ਦੀ ਗੱਲ ਸਵੀਕਾਰ ਲਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਆਪ’ ਨੂੰ ਕਿਸਾਨਾਂ ਦੀ ‘ਏ’ ਟੀਮ ਵੀ ਕਰਾਰ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਅਤੇ ਕਿਸਾਨ ਫੋਰਮਾਂ ਵਿਚਾਲੇ ਗੱਲਬਾਤ ਨੂੰ ਸਿਰੇ ਚਾੜ੍ਹਨ ਦੀ ਕਮਾਨ ਖ਼ੁਦ ਸੰਭਾਲ ਲਈ ਹੈ ਅਤੇ ਉਹ ਕਿਸਾਨੀ ਮਸਲੇ ਨੂੰ ਨਜਿੱਠਣ ਲਈ ਕੇਂਦਰ ਸਰਕਾਰ ਅਤੇ ਕਿਸਾਨ ਫੋਰਮਾਂ ਵਿਚਾਲੇ ਤਵਾਜ਼ਨੀ ਭੂਮਿਕਾ ਨਿਭਾਉਣ ਲੱਗੇ ਹਨ। ਮੁੱਖ ਮੰਤਰੀ ਚਾਹੁੰਦੇ ਹਨ ਕਿ ਬਿਨਾਂ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਕਿਸਾਨਾਂ ਦੀ ਗੱਲ ਨੇਪਰੇ ਚੜ੍ਹ ਜਾਵੇ।

ਮੁੱਖ ਮੰਤਰੀ ਨੇ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਹੁਣ ਐਤਵਾਰ ਨੂੰ ਹੋਣ ਵਾਲੀ ਚੌਥੇ ਗੇੜ ਦੀ ਮੀਟਿੰਗ ਦੀ ਤਿਆਰੀ ਵਿੱਢ ਦਿੱਤੀ ਹੈ ਜਿਸ ਵਾਸਤੇ ਖਰੜਾ ਤਿਆਰ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਆਸਵੰਦ ਹੈ ਕਿ ਚੌਥੇ ਗੇੜ ਦੀ ਮੀਟਿੰਗ ਵਿੱਚ ਗੱਲ ਸਿਰੇ ਲੱਗ ਜਾਵੇਗੀ। ਸੂਬਾ ਸਰਕਾਰ ਵੱਲੋਂ ਅਜਿਹਾ ‘ਸੁਝਾਅਨੁਮਾ’ ਫ਼ਾਰਮੂਲਾ ਤਿਆਰ ਕੀਤਾ ਜਾ ਰਿਹਾ ਹੈ ਜੋ ਸਭ ਨੂੰ ਪ੍ਰਵਾਨਿਤ ਹੋਵੇ।

ਮੁੱਖ ਮੰਤਰੀ ਤੀਜੇ ਗੇੜ ਦੀ ਗੱਲਬਾਤ ਵਿੱਚ ਮਸਲੇ ਦਾ ਹੱਲ ਕੱਢਣ ਦੇ ਰੌਂਅ ਵਿੱਚ ਸਨ ਜਿਸ ਕਰ ਕੇ ਉਨ੍ਹਾਂ ਲੰਮਾ ਸਮਾਂ ਇਨ੍ਹਾਂ ਮੀਟਿੰਗਾਂ ਵਿੱਚ ਹਾਜ਼ਰੀ ਭਰੀ। ਲੰਘੀ ਰਾਤ ਤੀਜੇ ਗੇੜ ਦੀ ਮੀਟਿੰਗ ਮਗਰੋਂ ਉਹ ਤੜਕੇ ਚਾਰ ਵਜੇ ਆਪਣੀ ਰਿਹਾਇਸ਼ ’ਤੇ ਪਰਤੇ। ਉਹ 8 ਫਰਵਰੀ ਨੂੰ ਪਹਿਲੇ ਗੇੜ ਦੀ ਮੀਟਿੰਗ ’ਚ ਵੀ ਸ਼ਾਮਲ ਹੋਏ ਸਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੂਰੀ ਸਥਿਤੀ ’ਤੇ ਨਿੱਜੀ ਤੌਰ ’ਤੇ ਨਜ਼ਰ ਰੱਖ ਰਹੇ ਹਨ ਅਤੇ ਸਾਰੇ ਹਸਪਤਾਲਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਸੂਬਾ ਸਰਕਾਰ ਜ਼ਖ਼ਮੀ ਕਿਸਾਨਾਂ ਦਾ ਮੁਫ਼ਤ ਇਲਾਜ ਕਰਵਾ ਰਹੀ ਹੈ। ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਦੇਸ਼ ਦੀ ਕਿਸਾਨੀ ਨਾਲ ਖੜ੍ਹੀ ਹੈ ਅਤੇ ਪਿਛਲੇ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਟਾਲਿਆ ਜਾ ਸਕਦਾ ਸੀ। ਅੰਦੋਲਨਕਾਰੀ ਕਿਸਾਨਾਂ ’ਤੇ ਹਮਲਾ ਕਰਨ ਲਈ ਡਰੋਨ ਦੀ ਵਰਤੋਂ ਅਸਹਿਣਯੋਗ ਹੈ। ਉਨ੍ਹਾਂ ਕਿਹਾ, ‘‘ਅਸਲ ਵਿੱਚ ਆਮ ਆਦਮੀ ਪਾਰਟੀ ਕਿਸਾਨਾਂ ਦੀ ‘ਏ’ ਟੀਮ ਹੈ ਜਦਕਿ ਵਿਰੋਧੀ ਧਿਰਾਂ ਉਨ੍ਹਾਂ ਨੂੰ ਭਾਜਪਾ ਦੀ ‘ਬੀ’ ਟੀਮ ਆਖ ਕੇ ਕੂੜ ਪ੍ਰਚਾਰ ਕਰਦੀਆਂ ਹਨ।’’
ਹਰਿਆਣਾ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਨਾ ਕਰੇ: ਭਗਵੰਤ ਮਾਨ

ਹਰਿਆਣਾ ਨੂੰ ਜੁਆਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ, ‘‘ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਰੋਕਣ ਲਈ ਸੂਬੇ ਵਿੱਚ ਕਰਫਿਊ ਨਹੀਂ ਲਾਇਆ ਜਾ ਸਕਦਾ ਬਲਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਕੁਰਸੀਆਂ ਦੀ ਖ਼ਾਤਰ ਸਿਆਸਤ ’ਚ ਨਹੀਂ ਹਾਂ।’’ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਠੰਢੇ ਬਸਤੇ ’ਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਜ ਵਿਰੋਧੀ ਅਨਸਰ ਕਿਸਾਨਾਂ ਨੂੰ ਭੜਕਾਉਣ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਜਿਹੇ ਅਨਸਰਾਂ ਖਿਲਾਫ ਸਖ਼ਤੀ ਵਰਤੀ ਜਾਵੇਗੀ। ਮਾਨ ਮੁਤਾਬਕ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਹਰਿਆਣਾ ਸਰਕਾਰ ਸੂਬੇ ਦੇ ਕਿਸਾਨਾਂ ਨਾਲ ਧੱਕੇਸ਼ਾਹੀ ਨਾ ਕਰੇ ਜੋ ਸ਼ਾਂਤਮਈ ਢੰਗ ਨਾਲ ਆਪਣਾ ਧਰਨਾ ਕਰ ਰਹੇ ਹਨ।