ਕੇਂਦਰ ਅੱਗੇ ਹੱਥ ਨਹੀਂ ਅੱਡੇਗਾ ਪੰਜਾਬ: ਮੁੱਖ ਮੰਤਰੀ

ਕੇਂਦਰ ਅੱਗੇ ਹੱਥ ਨਹੀਂ ਅੱਡੇਗਾ ਪੰਜਾਬ: ਮੁੱਖ ਮੰਤਰੀ

ਪਾਣੀਆਂ ’ਚ ਹਿੱਸਾ ਮੰਗਣ ਵਾਲੇ ਹਿਮਾਚਲ ਅਤੇ ਹਰਿਆਣਾ ਦੀ ਚੁੱਪ ’ਤੇ ਸੁਆਲ ਉਠਾਏ; ਕੁਦਰਤੀ ਆਫ਼ਤ ’ਤੇ ਸਿਆਸਤ ਕਰਨ ਵਾਲਿਆਂ ਦੀ ਕੀਤੀ ਆਲੋਚਨਾ
ਪਟਿਆਲਾ/ਪਾਤੜਾਂ- ਕੁਦਰਤੀ ਆਫ਼ਤ ’ਤੇ ਸਿਆਸਤ ਕਰਨ ਲਈ ਵਿਰੋਧੀ ਧਿਰਾਂ ’ਤੇ ਨਿਸ਼ਾਨਾ ਸਾਧਦਿਆਂ, ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਖਿਆ ਕਿ ਇਸ ਵੇਲੇ ਉਹ ਪੰਜਾਬੀਆਂ ਨੂੰ ਫੌਰੀ ਰਾਹਤ ਪਹੁੰਚਾਉਣ ਵਿੱਚ ਰੁੱਝੇ ਹੋਏ ਹਨ ਅਤੇ ਢੁਕਵਾਂ ਸਮਾਂ ਆਉਣ ’ਤੇ ਵਿਰੋਧੀਆਂ ਦੇ ਬਿਆਨਾਂ ਦਾ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਹੜ੍ਹਾਂ ਸਬੰਧੀ ਕੇਂਦਰ ਨੇ 218 ਕਰੋੜ ਰੁਪਏ ਅਜੇ 10 ਜੁਲਾਈ ਨੂੰ ਹੀ ਦਿਤੇ ਹਨ ਤੇ ਇਹ ਸਾਰਾ ਫੰਡ ਢੁਕਵੇਂ ਰੂਪ ਵਿਚ ਪੀੜਤਾਂ ਲਈ ਵਰਤਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵਲੋਂ 218 ਕਰੋੜ ਰੁਪਏ ਦੇ ਫੰਡ ਬੀਤੀ 10 ਜੁਲਾਈ ਨੂੰ ਜਾਰੀ ਕੀਤੇ ਹਨ ਪਰੰਤੂ ਦੋ ਦਿਨਾਂ ਬਾਅਦ ਹੀ ਉਸ ਤੋਂ 218 ਕਰੋੜ ਰੁਪਏ ਦਾ ਹਿਸਾਬ ਮੰਗਿਆ ਜਾ ਰਿਹਾ ਹੈ। ਤਿੰਨ ਦਿਨਾਂ ਵਿਚ ਉਹ ਇਹ ਫੰਡ ਕਿਥੇ ਖਰਚ ਦੇਣਗੇ। ਸ੍ਰੀ ਮਾਨ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵਲੋਂ 218 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦੇ ਦਿੱਤੇ ਬਿਆਨ ਦੇ ਜਵਾਬ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ,‘‘ ਫੰਡ ਜਾਰੀ ਕਰਕੇ ਦੋ ਦਿਨਾਂ ਬਾਅਦ ਹੀ ਹਿਸਾਬ ਮੰਗਦੇ ਹੋ ? ’’।
ਉਨ੍ਹਾਂ ਕਿਹਾ ਕਿ ਅਜਿਹੀ ਮੁਸ਼ਕਲ ਦੀ ਘੜੀ ਸੂਬਿਆਂ ਦੀ ਮਦਦ ਕਰਨਾ ਕੇਂਦਰ ਦਾ ਫਰਜ਼ ਬਣਦਾ ਹੈ। ਸੂਬਾ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਦੀ ਭੀਖ ਨਹੀਂ ਮੰਗੇਗਾ, ਪਰ ਹੜ੍ਹਾਂ ਦੇ ਨੁਕਸਾਨ ਦੇ ਅਨੁਮਾਨ ਦੀ ਰਿਪੋਰਟ ਜ਼ਰੂਰ ਭੇਜਾਂਗੇ। ਜੇਕਰ ਕੇਂਦਰ ਪੰਜਾਬ ਦੀ ਮਦਦ ਨਹੀਂ ਕਰੇਗਾ, ਤਾਂ ਪੰਜਾਬ ਖੁਦ ਇਸ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। ਇਸ ਕਰਕੇ ਸਰਕਾਰ ਕੇਂਦਰ ਅੱਗੇ ਹੱਥ ਨਹੀਂ ਅੱਡੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਿੱੱਤ ਦਿਨ ਪੰਜਾਬ ਕੋਲ਼ੋਂ ਪਾਣੀਆਂ ਦਾ ਹਿੱਸਾ ਮੰਗਣ ਵਾਲੇ ਹਿਮਾਚਲ ਅਤੇ ਹਰਿਆਣਾ ਹੁਣ ਤਬਾਹੀ ਮਚਾ ਰਹੇ ਪਾਣੀ ਸਬੰਧੀ ਚੁੱਪ ਕਿਉਂ ਹਨ। ਕੀ ਪੰਜਾਬ ਡੁੱਬਣ ਲਈ ਹੀ ਹੈ।
ਅੱਜ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਸੰਵੇਦਨਸ਼ੀਲ ਮੌਕੇ ’ਤੇ ਵਿਰੋਧੀ ਧਿਰਾਂ ਵੱਲੋਂ ਸਿਆਸਤ ਕਰਨਾ ਸ਼ਰਮਨਾਕ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮੁਸ਼ਕਲ ਦੀ ਘੜੀ ਲੰਘਣ ਮਗਰੋਂ ਉਹ ਨਿਕੰਮੇ ਤੇ ਨਕਾਰੇ ਹੋਏ ਸਿਆਸੀ ਵਿਰੋਧੀਆਂ ਨੂੰ ਢੁਕਵਾਂ ਜਵਾਬ ਦੇਣਗੇ। ਮੁੱੱਖ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਇਹ ਫੜ੍ਹਾਂ ਮਾਰ ਰਹੇ ਹਨ ਕਿ ਕੇਂਦਰ ਨੇ 218 ਕਰੋੜ ਜਾਰੀ ਕੀਤੇ ਹਨ, ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਫੰਡ 10 ਜੁਲਾਈ ਨੂੰ ਜਾਰੀ ਕੀਤੇ ਗਏ ਹਨ। ਸੂਬਾ ਸਰਕਾਰ ਇਹ ਰਕਮ 72 ਘੰਟਿਆਂ ਵਿੱਚ ਖਰਚ ਨਹੀਂ ਕਰ ਸਕਦੀ ਕਿਉਂਕਿ ਘੱਟ ਤੋਂ ਘੱਟ ਨੁਕਸਾਨ ਲਈ ਸਰਕਾਰ ਨੇ ਪਹਿਲਾਂ ਹੀ ਲੋੜੀਂਦੇ ਉਪਰਾਲੇ ਕੀਤੇ ਸਨ। ਘੱਗਰ ਦੀ ਸਫਾਈ ਵੀ ਸੂਬੇ ਦੇ ਬਾਕੀ ਸੇਮ-ਨਾਲਿਆਂ ਵਾਂਗ ਚੰਗੀ ਤਰ੍ਹਾਂ ਕੀਤੀ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਔਖੀ ਘੜੀ ਵਿਚ ਪੰਜਾਬੀਆਂ ਨੇ ਇਕ-ਦੂਜੇ ਦੀ ਮਦਦ ਕਰਕੇ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਨਿਵੇਕਲੀ ਮਿਸਾਲ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਹਿਮਾਚਲ ਅਤੇ ਹਰਿਆਣਾ ਪੰਜਾਬ ਤੋਂ ਪਾਣੀ ਅਤੇ ਸੈੱਸ ਦੀ ਮੰਗ ਕਰਦੇ ਹਨ ਜਦਕਿ ਹੁਣ ਉਹ ਵੱਧ ਪਾਣੀ ਆਪਣੇ ਕੋਲ ਰੱਖਣ ਲਈ ਤਿਆਰ ਨਹੀਂ ਹਨ। ਆਪਣਾ ਵਾਧੂ ਪਾਣੀ ਪੰਜਾਬ ਵੱਲ ਵਹਾਅ ਰਹੇ ਹਨ, ਜਿਸ ਨਾਲ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐੱਸ ਐੱਸ ਪੀ ਵਰੁਣ ਸ਼ਰਮਾ ਸਮੇਤ ਹੋਰ ਅਧਿਕਾਰੀਆਂ ਦੀ ਹੜ੍ਹਾਂ ਸਬੰਧੀ ਸੁਚੱਜੀ ਕਾਰਵਾਈ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਜਿਲ੍ਹੇ ਦੇ ਕੁਝ ਪ੍ਰਭਾਵਿਤ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ।