ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਵੱਲੋਂ ਪਟਿਆਲਾ ’ਚ ਨੀਟ-ਪੀਜੀ ਪ੍ਰੀਖਿਆ ਕੇਂਦਰ ਦਾ ਅਚਨਚੇਤ ਦੌਰਾ

ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਵੱਲੋਂ ਪਟਿਆਲਾ ’ਚ ਨੀਟ-ਪੀਜੀ ਪ੍ਰੀਖਿਆ ਕੇਂਦਰ ਦਾ ਅਚਨਚੇਤ ਦੌਰਾ

ਪ੍ਰੀਖਿਆ ਲਈ ਕੀਤੇ ਸੁਰੱਖਿਆ ਪ੍ਰਬੰਧਾਂ ’ਤ ਤਸੱਲੀ ਜਤਾਈ, ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਮਿਲੇ
ਨਵੀਂ ਦਿੱਲੀ/ਚੰਡੀਗੜ੍ਹ,- ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਨੀਟ-ਪੀਜੀ ਪ੍ਰੀਖਿਆ ਲਈ ਕੀਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਪਟਿਆਲਾ ਦੇ ਪ੍ਰੀਖਿਆ ਕੇਂਦਰ ਵਿੱਚ ਅਚਨਚੇਤ ਦਸਤਕ ਦਿੱਤੀ। ਉਹ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੇ ਮਾਪਿਆਂ ਨੂੰ ਵੀ ਮਿਲੇ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਕੇਂਦਰੀ ਮੰਤਰੀ ਨੇ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (ਐੱਨਬੀਈਐੱਮਐੱਸ) ਪ੍ਰੀਖਿਆ ਕੇਂਦਰ ਦਾ ਦੌਰਾ ਕੀਤਾ ਹੈ। ਮੰਡਵੀਆ ਨੇ ਪ੍ਰੀਖਿਆ ਲਈ ਕੀਤੇ ਪ੍ਰਬੰਧਾਂ ’ਤੇ ਤਸੱਲੀ ਜ਼ਾਹਿਰ ਕੀਤੀ ਤੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਮੰਡਾਵੀਆ ਮਗਰੋਂ ਸ੍ਰੀ ਕਾਲੀ ਦੇਵੀ ਮੰਦਿਰ ਤੇ ਗੁਰਦੁਆਰਾ ਦੂਖ ਨਿਵਾਰਨ ਵੀ ਗਏ। ਐੱਨਬੀਈਐੱਮਐੱਸ ਨੇ 277 ਸ਼ਹਿਰਾਂ ਦੇ 902 ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਲਈ। ਕੰਪਿਊਟਰ ਅਧਾਰਿਤ ਮੰਚ ਰਾਹੀਂ ਲਈ ਇਸ ਪ੍ਰੀਖਿਆ ਵਿੱਚ ਕੁੱਲ 2,08,898 ਵਿਦਿਆਰਥੀ ਬੈਠੇ।