ਕੇਂਦਰੀ ਕੈਬਨਿਟ ਵੱਲੋਂ ‘ਚੰਦਰਯਾਨ-3’ ਦੀ ਸਫ਼ਲਤਾ ਦੀ ਸ਼ਲਾਘਾ

ਕੇਂਦਰੀ ਕੈਬਨਿਟ ਵੱਲੋਂ ‘ਚੰਦਰਯਾਨ-3’ ਦੀ ਸਫ਼ਲਤਾ ਦੀ ਸ਼ਲਾਘਾ

ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਅੱਜ ਇਕ ਮਤਾ ਮਨਜ਼ੂਰ ਕਰ ਕੇ ਚੰਦਰਯਾਨ-3 ਦੀ ਚੰਦ ਦੀ ਸਤਹਿ ਉਤੇ ਸੌਫਟ ਲੈਂਡਿੰਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਿਸ਼ਨ ਦੀ ਸਫ਼ਲਤਾ ਨਾ ਸਿਰਫ ਇਸਰੋ ਦੀ ਜਿੱਤ ਹੈ ਬਲਕਿ ਇਹ ਭਾਰਤ ਦੀ ਤਰੱਕੀ ਦਾ ਵੀ ਪ੍ਰਤੀਕ ਹੈ। ਇਸ ਨਾਲ ਆਲਮੀ ਮੰਚ ਉਤੇ ਭਾਰਤ ਦਾ ਮਾਣ ਵਧਿਆ ਹੈ। ਇਸ ਮੌਕੇ 23 ਅਗਸਤ ਨੂੰ ‘ਨੈਸ਼ਨਲ ਸਪੇਸ ਡੇਅ’ ਵਜੋਂ ਮਨਾਉਣ ਦਾ ਵੀ ਸਵਾਗਤ ਕੀਤਾ ਗਿਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਕੈਬਨਿਟ ਨੇ ‘ਇਸਰੋ’ (ਭਾਰਤੀ ਪੁਲਾੜ ਖੋਜ ਸੰਗਠਨ) ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੋਵਰ ਵੱਲੋਂ ਭੇਜੀ ਜਾਣ ਸੂਚਨਾ ਨਾਲ ਗਿਆਨ ’ਚ ਹੋਰ ਵਾਧਾ ਹੋਵੇਗਾ, ਤੇ ਨਵੀਆਂ ਖੋਜਾਂ ਲਈ ਰਾਹ ਬਣਨਗੇ। ਇਸ ਤੋਂ ਇਲਾਵਾ ਚੰਦ ਦੇ ਕਈ ਰਹੱਸ ਵੀ ਖੁੱਲ੍ਹਣਗੇ। ਕੈਬਨਿਟ ਨੇ ਇਸ ਮਿਸ਼ਨ ਵਿਚ ਮਹਿਲਾਵਾਂ ਦੀ ਵੱਡੀ ਗਿਣਤੀ ਵਿਚ ਹਿੱਸੇਦਾਰੀ ਦੀ ਵੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਪੁਲਾੜ ਪ੍ਰੋਗਰਾਮ ਪ੍ਰਤੀ ਅਟੱਲ ਵਚਨਬੱਧਤਾ ਦਿਖਾਈ ਤੇ ਵਿਗਿਆਨੀਆਂ ਦੀਆਂ ਯੋਗਤਾਵਾਂ ਉਤੇ ਪੂਰਾ ਭਰੋਸਾ ਰੱਖਿਆ।