ਕੇਂਦਰੀ ਆਰਡੀਨੈਂਸ: ਕੇਜਰੀਵਾਲ ਨੇ ਰਾਹੁਲ ਨੂੰ ਚਾਹ ’ਤੇ ਮੁੱਦਾ ਸੁਲਝਾਉਣ ਦਾ ਦਿੱਤਾ ਸੁਝਾਅ

ਕੇਂਦਰੀ ਆਰਡੀਨੈਂਸ: ਕੇਜਰੀਵਾਲ ਨੇ ਰਾਹੁਲ ਨੂੰ ਚਾਹ ’ਤੇ ਮੁੱਦਾ ਸੁਲਝਾਉਣ ਦਾ ਦਿੱਤਾ ਸੁਝਾਅ

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਨਾ ਵਿੱਚ ਵਿਰੋਧੀ ਧਿਰਾਂ ਦੀ ਮੀਟਿੰਗ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕੇਂਦਰ ਤਰਫ਼ੋਂ ਦਿੱਲੀ ਸਬੰਧੀ ਜਾਰੀ ਆਰਡੀਨੈਂਸ ਦੇ ਮਾਮਲੇ ’ਤੇ ਆਪਸੀ ਮੱਤਭੇਦ ਭੁਲਾਉਣ ਅਤੇ ਇੱਕਜੁੱਟ ਹੋ ਕੇ ਅੱਗੇ ਵਧਣ ਦਾ ਸੱਦਾ ਦਿੱਤਾ ਹੈ। ਪਾਰਟੀ ਸੂਤਰ ਨੇ ਦੱਸਿਆ, ‘‘ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਨਾਲ (ਆਰਡੀਨੈਂਸ ਦੇ ਮੁੱਦੇ ’ਤੇ) ਸਿੱਧਿਆਂ ਗੱਲਬਾਤ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਮੁੱਦਾ ਹੈ ਤਾਂ ਉਸ ਨੂੰ ਚਾਹ ’ਤੇ ਸੁਲਝਾਇਆ ਜਾ ਸਕਦਾ ਹੈ। ਵਿਰੋਧੀ ਧਿਰਾਂ ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਹੁਣ ਗਿਲੇ-ਸ਼ਿਕਵੇ ਭੁਲਾਉਣ ਅਤੇ ਇਕੱਠਿਆਂ ਅੱਗੇ ਵਧਣ ਦੀ ਲੋੜ ਹੈ।’’ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਜੇ ਫ਼ੈਸਲਾ ਕਰਨਾ ਹੈ ਕਿ ਕੀ ਉਹ ਸ਼ਿਮਲਾ ਵਿੱਚ ਹੋਣ ਵਾਲੀ ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ ਵਿੱਚ ਸ਼ਾਮਲ ਹੋਵੇਗੀ ਜਾਂ ਨਹੀਂ।

ਪਟਨਾ ਵਿੱਚ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਵਿਰੋਧੀ ਧਿਰਾਂ ਨੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਇੱਕਜੁੱਟ ਹੋਣ ਦਾ ਅਹਿਦ ਲਿਆ ਸੀ। ‘ਆਪ’ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਵਿਵਾਦਪੂਰਨ ਦਿੱਲੀ ਆਰਡੀਨੈਂਸ ਦੇ ਮੁੱਦੇ ’ਤੇ ਪੁਰਾਣੀ ਪਾਰਟੀ ਨਾਲ ਸ਼ਬਦੀ ਜੰਗ ਤੋਂ ਬਾਅਦ ਕਾਂਗਰਸ ਨਾਲ ਕੋਈ ਗੱਠਜੋੜ ਕਰਨਾ ਬਹੁਤ ਮੁਸ਼ਕਲ ਹੋਵੇਗਾ। ਮੀਟਿੰਗ ਦੌਰਾਨ ਬਹੁ-ਗਿਣਤੀ ਪਾਰਟੀਆਂ ਨੇ ਕਾਂਗਰਸ ਨੂੰ ‘ਕਾਲੇ ਆਰਡੀਨੈਂਸ’ ਦੀ ਜਨਤਕ ਤੌਰ ’ਤੇ ਆਲੋਚਨਾ ਕਰਨ ਦੀ ਮੰਗ ਕੀਤੀ ਸੀ ਪਰ ਪਾਰਟੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੀਟਿੰਗ ਮਗਰੋਂ ‘ਆਪ’ ਇੱਕ ਬਿਆਨ ਵਿੱਚ ਕਿਹਾ ਸੀ ਅਜਿਹਾ ਕਰਨ ਨਾਲ ਕਾਂਗਰਸ ਦੇ ਇਰਾਦਿਆਂ ’ਤੇ ਸ਼ੱਕ ਪੈਦਾ ਹੁੰਦਾ ਹੈ। ‘ਆਪ’ ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੀਟਿੰਗ ਦੌਰਾਨ ਦਖ਼ਲ ਦਿੰਦਿਆਂ ਕਿਹਾ ਸੀ ਕਿ ਗਾਂਧੀ ਅਤੇ ਕੇਜਰੀਵਾਲ ਨੂੰ ਦੁਪਹਿਰ ਦੇ ਭੋਜਨ ’ਤੇ ਇਕੱਠਿਆਂ ਬੈਠਣਾ ਚਾਹੀਦਾ ਹੈ ਤਾਂ ਕਿ ਸਾਰੇ ਮੁੱਦੇ ਸੁਲਝਾਏ ਜਾ ਸਕਣ। ਸੂਤਰਾਂ ਅਨੁਸਾਰ ਮੀਟਿੰਗ ਦੇ ਅਖ਼ੀਰ ’ਤੇ ਖੜਗੇ ਨੇ ਦੋਸ਼ ਲਾਇਆ ਸੀ ਕਿ ‘ਆਪ’ ਦਾ ਇੱਕ ਬੁਲਾਰਾ ਕਾਂਗਰਸ ਦੇ ਬਿਆਨ ਬਾਰੇ ‘ਗ਼ਲਤ’ ਬਿਆਨ ਦੇ ਰਿਹਾ ਹੈ।

ਸੂਤਰ ਨੇ ਦੱਸਿਆ, ‘‘ਇਸ ਦੇ ਜਵਾਬ ਵਿੱਚ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਕਿਹਾ ਕਿ ਕਾਂਗਰਸ ਦੇ ਬੁਲਾਰਿਆਂ ਨੇ ਵੀ ‘ਆਪ’ ਖ਼ਿਲਾਫ਼ ਗੁੰਮਰਾਹਕੁੰਨ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੱਤਭੇਦ ਭੁਲਾ ਕੇ ਇਕੱਠੇ ਹੋਣ ਦੀ ਲੋੜ ਹੈ।’’

ਸੂਤਰ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਵਾਦਤ ਦਿੱਲੀ ਆਰਡੀਨੈਂਸ ਬਾਰੇ ਚਰਚਾ ਕਰਨ ਦੀ ਪ੍ਰਕਿਰਿਆ ਹੈ। ਸੂਤਰ ਨੇ ਦੱਸਿਆ, ‘‘ਕੇਜਰੀਵਾਲ ਨੇ ਕਾਂਗਰਸ ਨੂੰ ਅਗਲੀ ਮੀਟਿੰਗ ਦਾ ਸਮਾਂ ਦੱਸਣ ਲਈ ਕਿਹਾ ਪਰ ਕਾਂਗਰਸੀ ਆਗੂਆਂ ਨੇ ਕੋਈ ਜਵਾਬ ਨਹੀਂ ਦਿੱਤਾ ਸੀ। ਮੀਟਿੰਗ ਦੌਰਾਨ ਮੌਜੂਦ ਸਾਰੇ ਪ੍ਰਮੁੱਖ ਵਿਰੋਧੀ ਨੇਤਾਵਾਂ ਨੇ ਕਾਂਗਰਸ ਨੂੰ ਆਰਡੀਨੈਂਸ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਅਤੇ ਇਸ ’ਤੇ ਚਰਚਾ ਕਰਨ ਲਈ ਮੀਟਿੰਗ ਤੈਅ ਕਰਨ ਦੀ ਅਪੀਲ ਕੀਤੀ ਸੀ।’’ ‘ਆਪ’ ਸੂਤਰ ਨੇ ਦੱਸਿਆ ਕਿ ਕੇਜਰੀਵਾਲ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਸਹੀ ਮੁੱਦਿਆਂ ’ਤੇ ਹਮੇਸ਼ਾ ਕਾਂਗਰਸ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, ‘‘ਜਦੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੀ ਗਈ ਸੀ ਤਾਂ ਉਦੋਂ ਕੇਜਰੀਵਾਲ ਨੇ ਇਸ ਦਾ ਵਿਰੋਧ ਕੀਤਾ ਸੀ। ਜੇਕਰ ਗਾਂਧੀ ਅਤੇ ਕਾਂਗਰਸੀ ‘ਆਪ’ ਨੇਤਾਵਾਂ ਨੂੰ ਮਿਲਣ ਤੋਂ ਡਰਦੇ ਹਨ, ਤਾਂ ਵਿਰੋਧੀ ਏਕਤਾ ਦੀ ਕਾਇਮੀ ਸ਼ੱਕੀ ਹੈ। ਅਸੀਂ ਲਗਾਤਾਰ ਲੀਡਰਸ਼ਿਪ ਨਾਲ ਮੁਲਾਕਾਤ ਦੀ ਮੰਗ ਕਰ ਰਹੇ ਹਾਂ, ਪਰ ਕਾਂਗਰਸ ਸਮਾਂ ਨਹੀਂ ਦੇ ਰਹੀ ਹੈ।’’

‘ਆਪ’ ਸੂਤਰ ਨੇ ਕਿਹਾ ਕਿ ਹਾਲਾਂਕਿ ਖੜਗੇ ਦੀ ਅਗਵਾਈ ਵਾਲੀ ਪਾਰਟੀ ਨੇ ਹਮੇਸ਼ਾ ਹੀ ਵਿਵਾਦਤ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਈ ਹੈ ਪਰ ਉਹ ਦਿੱਲੀ ਆਰਡੀਨੈਂਸ ਦੇ ਮੁੱਦੇ ’ਤੇ ਚੁੱਪ ਹੈ। ਭਾਵੇਂ ਵਿਰੋਧੀ ਧਿਰਾਂ ਦੀ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜ ਸਭਾ ਮੈਂਬਰ ਸੰਜੈ ਸਿੰਘ ਅਤੇ ਰਾਘਵ ਚੱਢਾ ਨੇ ਵੀ ਸ਼ਿਕਰਤ ਕੀਤੀ ਪਰ ਉਹ ਬਾਅਦ ਵਿੱਚ ਵਿਰੋਧੀ ਧਿਰਾਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਗ਼ੈਰ-ਹਾਜ਼ਰ ਰਹੇ।

ਭਾਜਪਾ ਨੇ ਵਿਰੋਧੀ ਧਿਰਾਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਕੇਜਰੀਵਾਲ ਦੀ ਗ਼ੈਰਹਾਜ਼ਰੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੀਟਿੰਗ ਦੀ ਸ਼ੁਰੂਆਤ ਵਿੱਚ ‘ਆਪ’ ਵੱਲੋਂ ਕੀਤੀ ਗਈ ‘ਬਲੈਕਮੇਲਿੰਗ’ ਤੋਂ ‘ਅਪਵਿੱਤਰ ਗੱਠਜੋੜ’ ਦੇ ਭਵਿੱਖ ਦਾ ਪਤਾ ਲੱਗਦਾ ਹੈ। ਹਾਲਾਂਕਿ ਖੜਗੇ ਨੇ ਕਿਹਾ ਸੀ ਕਿ ਸੰਸਦ ਦੇ ਮੌਨਸੂਨੀ ਇਜਲਾਸ ਤੋਂ ਪਹਿਲਾਂ ਕਾਂਗਰਸ ਇਸ ਮੁੱਦੇ ’ਤੇ ਫ਼ੈਸਲਾ ਲਵੇਗੀ।