ਕੂਟਨੀਤਕ ਗੱਲਬਾਤ ਹੀ ਮਸਲੇ ਦਾ ਹੱਲ: ਮੋਦੀ

ਕੂਟਨੀਤਕ ਗੱਲਬਾਤ ਹੀ ਮਸਲੇ ਦਾ ਹੱਲ: ਮੋਦੀ

ਮੋਦੀ ਤੇ ਪੂਤਿਨ ਵੱਲੋਂ ਯੂਕਰੇਨ ਜੰਗ ਬਾਰੇ ਚਰਚਾ
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਆਪਣੀ ਗੱਲ ਨੂੰ ਦੁਹਰਾਇਆ ਕਿ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਇੱਕੋ-ਇੱਕ ਹੱਲ ਕੂਟਨੀਤਕ ਗੱਲਬਾਤ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਊਰਜਾ ਸਹਿਯੋਗ, ਵਪਾਰ, ਨਿਵੇਸ਼, ਰੱਖਿਆ ਅਤੇ ਸੁਰੱਖਿਆ ਸਹਿਯੋਗ ਤੋਂ ਇਲਾਵਾ ਹੋਰ ਖੇਤਰਾਂ ਸਣੇ ਦੁਵੱਲੇ ਸਮਝੌਤਿਆਂ ਦੇ ਵੱਖ-ਵੱਖ ਪੱਖਾਂ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਜਾਰੀ ਇਕ ਬਿਆਨ ਵਿੱਚ ਕਿਹਾ, ‘‘ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਗੱਲ ਦੁਹਰਾਈ ਹੈ ਕਿ ਮਸਲੇ ਦਾ ਇੱਕੋ-ਇੱਕ ਹੱਲ ਗੱਲਬਾਤ ਤੇ ਕੂਟਨੀਤੀ ਹੈ।’’ 16 ਸਤੰਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸੰਮੇਲਨ ਤੋਂ ਇਕ ਪਾਸੇ ਸਮਰਕੰਦ ਵਿੱਚ ਦੋਹਾਂ ਆਗੂਆਂ ਦੀ ਆਹਮੋ-ਸਾਹਮਣੇ ਹੋਈ ਮੀਟਿੰਗ ਤੋਂ ਬਾਅਦ ਇਹ ਦੂਜੀ ਗੱਲਬਾਤ ਹੈ। ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪੂਤਿਨ ਨੂੰ ਜੀ20 ਵਿੱਚ ਭਾਰਤ ਦੇ ਪ੍ਰਧਾਨਗੀ ਦੇ ਚੱਲ ਰਹੇ ਕਾਰਜਕਾਲ ਬਾਰੇ ਵੀ ਸੰਖੇਪ ਵਿੱਚ ਦੱਸਿਆ ਅਤੇ ਇਸ ਦੌਰਾਨ ਜੀ20 ਦੀਆਂ ਪ੍ਰਮੁੱਖ ਤਰਜੀਹਾਂ ਦਾ ਜ਼ਿਕਰ ਵੀ ਕੀਤਾ। ਦੋਹਾਂ ਆਗੂਆਂ ਨੇ ਇਕ-ਦੂਜੇ ਦੇ ਸੰਪਰਕ ਵਿੱਚ ਰਹਿਣ ਦੀ ਹਾਮੀ ਵੀ ਭਰੀ। ਸਮਰਕੰਦ ਵਿੱਚ ਆਪਣੀ ਪਿਛਲੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਦੁਵੱਲੇ ਸਬੰਧਾਂ ਵਿੱਚ ਨਿਰੰਤਰ ਗਤੀ ਦੀ ਸ਼ਲਾਘਾ ਕੀਤੀ ਸੀ। ਮੋਦੀ ਨੇ ਆਪਣੀਆਂ ਟਿੱਪਣੀਆਂ ਵਿੱਚ ਕਿਹਾ, ‘‘ਅੱਜ ਦਾ ਸਮਾਂ ਜੰਗ ਦਾ ਨਹੀਂ ਹੈ। ਮੈਂ ਪਹਿਲਾਂ ਵੀ ਇਸ ਬਾਰੇ ਤੁਹਾਡੇ ਨਾਲ ਗੱਲ ਕੀਤੀ ਸੀ। ਅੱਜ ਵੀ ਸਾਨੂੰ ਗੱਲਬਾਤ ਦਾ ਮੌਕਾ ਮਿਲਿਆ ਹੈ ਤੇ ਅਸੀਂ ਸ਼ਾਂਤੀ ਦੀ ਰਾਹ ’ਤੇ ਅੱਗੇ ਵਧ ਸਕਦੇ ਹਾਂ। ਭਾਰਤ ਤੇ ਰੂਸ ਕਈ ਦਹਾਕਿਆਂ ਤੋਂ ਇਕ-ਦੂਜੇ ਨਾਲ ਰਹੇ ਹਨ।’’ ਮੋਦੀ ਨੇ ਕਿਹਾ, ‘‘ਅਸੀਂ ਕਈ ਵਾਰ ਫੋਨ ’ਤੇ ਭਾਰਤ-ਰੂਸ ਦੇ ਦੁਵੱਲੇ ਸਬੰਧਾਂ ਤੇ ਹੋਰ ਮੁੱਦਿਆਂ ਬਾਰੇ ਗੱਲ ਕੀਤੀ ਹੈ। ਸਾਨੂੰ ਅਨਾਜ, ਤੇਲ ਸੁਰੱਖਿਆ ਅਤੇ ਖਾਦਾਂ ਸਬੰਧੀ ਸਮੱਸਿਆਵਾਂ ਦੇ ਹੱਲ ਦੇ ਤਰੀਕੇ ਲੱਭਣੇ ਚਾਹੀਦੇ ਹਨ।’’