ਕੁਸ਼ਲਦੀਪ ਢਿੱਲੋਂ ਨੂੰ ਪੰਜ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ

ਕੁਸ਼ਲਦੀਪ ਢਿੱਲੋਂ ਨੂੰ ਪੰਜ ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜਿਆ

ਫਰੀਦਕੋਟ- ਫ਼ਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਅੱਜ ਇੱਥੇ ਡਿਊਟੀ ਮੈਜਿਸਟਰੇਟ ਦਮਨਦੀਪ ਕਮਲ ਹੀਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਬਕਾ ਵਿਧਾਇਕ ਨੂੰ ਪੁੱਛਗਿੱਛ ਲਈ ਪੰਜ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਕੁਸ਼ਲਦੀਪ ਸਿੰਘ ਢਿੱਲੋਂ ਨੇ ਪੰਜ ਸਾਲਾਂ ਵਿੱਚ ਆਪਣੀ ਆਮਦਨ ਨਾਲੋਂ 7 ਕਰੋੜ 97 ਲੱਖ ਰੁਪਏ ਵੱਧ ਖਰਚੇ ਹਨ ਅਤੇ ਇਸ ਦੇ ਨਾਲ ਹੀ ਪਿੰਡ ਮੁਮਾਰਾ ਵਿੱਚ 42 ਕਿੱਲੇ ਬੇਨਾਮੀ ਜਾਇਦਾਦ ਬਣਾਈ ਹੈ।

ਵਿਜੀਲੈਂਸ ਵੱਲੋਂ ਰਿਮਾਂਡ ਲਈ ਦਿੱਤੀ ਗਈ ਅਰਜ਼ੀ ਅਨੁਸਾਰ ਸਾਬਕਾ ਵਿਧਾਇਕ ਨੇ ਨਿਊ ਚੰਡੀਗੜ੍ਹ ਵਿੱਚ ਬਣ ਰਹੇ ਫਾਰਮ ਹਾਊਸ ’ਤੇ ਦੱਸੀ ਗਈ ਰਕਮ ਨਾਲੋਂ 2 ਕਰੋੜ 70 ਲੱਖ ਰੁਪਏ ਵੱਧ ਖਰਚੇ ਅਤੇ ਕਿੱਕੀ ਢਿੱਲੋਂ ਦੇ ਖਾਤੇ ਵਿੱਚ ਉਸ ਦੀ ਮਾਤਾ ਵੱਲੋਂ 1 ਕਰੋੜ 64 ਲੱਖ ਰੁਪਏ ਅਤੇ ਉਸ ਦੀ ਪਤਨੀ ਵੱਲੋਂ 96 ਲੱਖ ਰੁਪਏ ਭੇਜੇ ਗਏ ਹਨ। ਇਸ ਬਾਰੇ ਪੁੱਛਗਿੱਛ ਦੌਰਾਨ ਸਾਬਕਾ ਵਿਧਾਇਕ ਨੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ।

ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਲੋੜੀਂਦੇ ਕਾਗਜ਼ਾਤ ਮੁਹੱਈਆ ਨਹੀਂ ਕਰਵਾਏ ਅਤੇ ਜਾਂਚ ਵਿੱਚ ਵੀ ਸਹਿਯੋਗ ਨਹੀਂ ਕੀਤਾ। ਵਿਜੀਲੈਂਸ ਨੇ ਸਾਬਕਾ ਵਿਧਾਇਕ ਦਾ ਦਸ ਦਿਨਾਂ ਲਈ ਪੁਲੀਸ ਰਿਮਾਂਡ ਮੰਗਿਆ ਸੀ। ਸੀਨੀਅਰ ਵਕੀਲਾਂ ਦੀ ਹੋਈ ਲੰਬੀ ਬਹਿਸ ਤੋਂ ਬਾਅਦ ਅਦਾਲਤ ਨੇ ਸਾਬਕਾ ਵਿਧਾਇਕ ਨੂੰ 22 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ। ਅੱਜ ਕੁਸ਼ਲਦੀਪ ਸਿੰਘ ਢਿੱਲੋਂ ਦੀ ਅਦਾਲਤ ਵਿੱਚ ਪੇਸ਼ੀ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਤ੍ਰਿਪਤਇੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਆਦਿ ਹਾਜ਼ਰ ਸਨ।

ਰਾਜਾ ਵੜਿੰਗ ਨੇ ਕਿਹਾ ਕਿ ਜਿਹੜੇ ਕਾਂਗਰਸੀ ਆਗੂ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ, ਪੰਜਾਬ ਸਰਕਾਰ ਉਨ੍ਹਾਂ ਖਿਲਾਫ਼ ਝੂਠੇ ਪਰਚੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਭਾਜਪਾ ਦੇ ਇਸ਼ਾਰਿਆਂ ’ਤੇ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ।