ਕੁਸ਼ਤੀ ਫੈਡਰੇਸ਼ਨ ਪ੍ਰਧਾਨ ਖਿਲਾਫ ਜਾਂਚ ਕਮੇਟੀ ਬਣਾਈ

ਕੁਸ਼ਤੀ ਫੈਡਰੇਸ਼ਨ ਪ੍ਰਧਾਨ ਖਿਲਾਫ ਜਾਂਚ ਕਮੇਟੀ ਬਣਾਈ

ਧਰਨਾਕਾਰੀ ਪਹਿਲਵਾਨਾਂ ਵੱਲੋਂ ਆਈਓਏ ਮੁਖੀ ਨੂੰ ਭੇਜੇ ਪੱਤਰ ’ਤੇ ਕਾਰਵਾਈ
ਨਵੀਂ ਦਿੱਲੀ : ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਬਿ੍ਰਜਭੂਸ਼ਨ ਸ਼ਰਨ ਸਿੰਘ ’ਤੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਓਲੰਪਿਕ ਤਗਮਾ ਜੇਤੂ ਮੁੱਕੇਬਾਜ ਐੱਮ.ਸੀ.ਮੇਰੀਕੌਮ ਨੂੰ ਜਾਂਚ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਜਦੋਂਕਿ ਹੋਰਨਾਂ ਮੈਂਬਰਾਂ ਵਿੱਚ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਦੇ ਪ੍ਰਧਾਨ ਸਹਿਦੇਵ ਯਾਦਵ, ਪਹਿਲਵਾਨ ਯੋਗੇਸ਼ਵਰ ਦੱਤ, ਤੀਰਅੰਦਾਜ ਡੋਨਾ ਬੈਨਰਜੀ ਆਦਿ ਸ਼ਾਮਲ ਹੋਣਗੇ। ਇਹ ਫੈਸਲਾ ਅੱਜ ਆਈਓਏ ਦੀ ਡੇਢ ਘੰਟੇ ਦੇ ਕਰੀਬ ਚੱਲੀ ਮੀਟਿੰਗ ਦੌਰਾਨ ਲਿਆ ਗਿਆ। ਆਈਓਏ ਦੀ ਕਾਰਜਕਾਰੀ ਕੌਂਸਲ ਦੀ ਹੰਗਾਮੀ ਮੀਟਿੰਗ ਵਿੱਚ ਪ੍ਰਧਾਨ ਪੀ.ਟੀ.ਊਸ਼ਾ ਤੇ ਸੰਯੁਕਤ ਸਕੱਤਰ ਕਲਿਆਣ ਚੌਬੇ ਤੋਂ ਇਲਾਵਾ ਓਲੰਪਿਕ ਸੋਨ ਤਗਮਾ ਜੇਤੂ ਨਿਸ਼ਾਨੇਬਾਜ ਅਭਿਨਵ ਬਿੰਦਰਾ ਤੇ ਯੋਗੇਸ਼ਵਰ ਦੱਤ ਵੀ ਮੌਜੂਦ ਸਨ। ਸ਼ਿਵਾ ਕੇਸ਼ਵਨ ਵਿਸ਼ੇਸ਼ ਇਨਵਾਇਟੀ ਵਜੋਂ ਸ਼ਾਮਲ ਹੋਏ।
ਕਾਬਿਲੇਗੌਰ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਿ੍ਰਜ ਭੂਸ਼ਨ ਸ਼ਰਨ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੇ ਦੇਸ ਦੇ ਨਾਮੀ ਪਹਿਲਵਾਨਾਂ ਦੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀਰਵਾਰ ਨੂੰ ਹੋਈ ਮੁਲਾਕਾਤ ਬੇਸਿੱਟਾ ਰਹੀ ਸੀ। ਸੁੱਕਰਵਾਰ ਸਵੇਰੇ ਡੇਢ ਵਜੇ ਤੱਕ ਚੱਲੀ ਮੀਟਿੰਗ ’ਚ ਕੋਈ ਸਿੱਟਾ ਨਾ ਨਿਕਲਣ ਮਗਰੋਂ ਪਹਿਲਵਾਨਾਂ ਵਿਨੇਸ਼ ਫੋਗਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ, ਰਵੀ ਦਹੀਆ ਤੇ ਦੀਪਕ ਪੂਨੀਆ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਅੱਜ ਇਕ ਪੱਤਰ ਲਿਖ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਖਿਲਾਫ ਸ਼ਿਕਾਇਤ ਕੀਤੀ ਸੀ। ਇਨ੍ਹਾਂ ਪਹਿਲਵਾਨਾਂ ਨੇ ਕੇਂਦਰੀ ਖੇਡ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਡਬਲਿਊਐੱਫਆਈ ਨੂੰ ਭੰਗ ਕਰਨ ਦੀ ਆਪਣੀ ਮੰਗ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਸੀ। ਮੀਟਿੰਗ ਵੀਰਵਾਰ ਰਾਤ ਕਰੀਬ 10 ਵਜੇ ਸੁਰੂ ਹੋਈ ਸੀ। ਪਹਿਲਵਾਨ ਤੜਕੇ 1.45 ਵਜੇ ਠਾਕੁਰ ਦੇ ਘਰ ਤੋਂ ਨਿਕਲੇ ਅਤੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨਾਲ ਗੱਲ ਕੀਤੇ ਬਿਨਾਂ ਚਲੇ ਗਏ। ਮੀਟਿੰਗ ਵਿੱਚ ਓਲੰਪਿਕ ਤਗਮਾ ਜੇਤੂ ਬਜਰੰਗ ਪੂਨੀਆ, ਰਵੀ ਦਹੀਆ, ਸਾਕਸੀ ਮਲਿਕ ਅਤੇ ਵਿਸਵ ਚੈਂਪੀਅਨਸ਼ਿਪ ਤਗਮਾ ਜੇਤੂ ਵਿਨੇਸ ਫੋਗਟ ਸ਼ਾਮਲ ਸਨ। ਪਹਿਲਵਾਨਾਂ ਨੇ ਆਈਓਏ ਨੂੰ ਲਿਖੇ ਪੱਤਰ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਕਾਇਮ ਕਰਨ ਦੀ ਅਪੀਲ ਕੀਤੀ ਸੀ। ਪਹਿਲਵਾਨਾਂ ਨੇ ਓਲੰਪਿਕ ਸੰਘ ਨੂੰ ਕਿਹਾ ਸੀ ਕਿ ਕੁਸ਼ਤੀ ਫੈਡਰੇਸ਼ਨ ਨੂੰ ਚਲਾਉਣ ਲਈ ਪਹਿਲਵਾਨਾਂ ਨਾਲ ਸਲਾਹ ਕਰਕੇ ਨਵੀਂ ਕਮੇਟੀ ਬਣਾਈ ਜਾਵੇ। ਪਹਿਲਵਾਨਾਂ ਨੇ ਡਬਲਿਊਐੱਫਆਈ ’ਚ ਕਥਿਤ ਫੰਡਾਂ ਦੇ ਹੇਰ-ਫੇਰ ਦਾ ਵੀ ਦਾਅਵਾ ਕੀਤਾ ਸੀ। ਪਹਿਲਵਾਨਾਂ ਨੇ ਕਿਹਾ ਸੀ ਕਿ ਕੌਮੀ ਕੈਂਪ ਵਿੱਚ ਤਾਇਨਾਤ ਕੋਚ ਤੇ ਖੇਡ ਵਿਗਿਆਨ ਨਾਲ ਜੁੜਿਆ ਸਟਾਫ ‘ਨਾਕਾਬਲ’ ਹੈ।
ਪੀੜਤਾਂ ਦੇ ਨਾਂ ਨਸ਼ਰ ਨਹੀਂ ਕਰ ਸਕਦੇ: ਵਿਨੇਸ਼ ਫੋਗਟ – ਪਹਿਲਵਾਨ ਵਿਨੇਸ ਫੋਗਟ ਨੇ ਅੱਜ ਕਿਹਾ ਕਿ ਜਿਨਸੀ ਸ਼ੋਸ਼ਣ ਦੀਆਂ ਪੀੜਤ ਖਿਡਾਰਨਾਂ ਦੇ ਨਾਂ ਜੱਗ ਜਾਹਿਰ ਕਰਨ ਨਾਲ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਤੇ ਇਹੀ ਵਜ੍ਹਾ ਹੈ ਕਿ ਅਜੇ ਤੱਕ ਇਸ ਮਾਮਲੇ ’ਚ ਐੱਫਆਈਆਰ ਦਰਜ ਨਹੀਂ ਕੀਤੀ ਗਈ। ਫੋਗਟ ਨੇ ਕਿਹਾ, ‘‘ਜੇਕਰ ਅਸੀਂ ਪੀੜਤਾਂ ਦੇ ਨਾਂ ਦੱਸ ਦਿੱਤੇ, ਤਾਂ ਇਸ ਨਾਲ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਅਸੀਂ ਉਨ੍ਹਾਂ ਦੀ ਪਛਾਣ ਨਹੀਂ ਦੱਸ ਸਕਦੇ, ਕਿਉਂਕਿ ਅਜੇ ਕੁਝ ਵੀ ਕਾਗਜਾਂ ’ਚ ਨਹੀਂ ਆਇਆ ਤੇ ਇਸ ਨੂੰ ਅਜੇ ਤੱਕ ਅਧਿਕਾਰਤ ਨਹੀਂ ਕੀਤਾ ਗਿਆ। ਅਸੀਂ ਆਪਣੇ ਗੌਰਵ ਦੀ ਲੜਾਈ ਲਈ ਇਥੇ ਆਏ ਹਾਂ ਤੇ ਜੇਕਰ ਇਹ ਸਾਡੇ ਕੋਲੋਂ ਖੋਹ ਲਿਆ, ਤਾਂ ਫਿਰ ਧਰਨਾ ਲਾਉਣ ਦੀ ਕੀ ਤੁੱਕ ਹੈ? ਇਕ ਵਾਰ ਸਾਨੂੰ ਭਰੋਸਾ ਮਿਲ ਜਾਵੇ, ਅਸੀਂ ਸਾਰੀ ਤਫਸੀਲ ਸਾਂਝੀ ਕਰਾਂਗੇ।’’

ਫੋਗਟ ਨੇ ਕਿਹਾ ਕਿ ਉਨ੍ਹਾਂ ਕੋਲ ਪੀੜਤ ਮਹਿਲਾ ਪਹਿਲਵਾਨਾਂ ਦੇ ਬਿਆਨਾਂ ਦੀ ਵੁਆਇਸ ਰਿਕਾਰਡਿੰਗ ਹੈ, ਜਿਸ ਵਿੱਚ ਉਨ੍ਹਾਂ ਆਪਣੇ ’ਤੇ ਹੋਏ ਮਾਨਸਿਕ ਤੇ ਸਰੀਰਕ ਤਸ਼ੱਦਦ ਦੀ ਕਹਾਣੀ ਬਿਆਨ ਕੀਤੀ ਹੈ। ਫੋਗਟ ਨੇ ਕਿਹਾ ਕਿ ਛੇ-ਸੱਤ ਮੁੰਡਿਆਂ ਨੇ ਵੀ ਮੰਨਿਆ ਹੈ ਕਿ ਉਹ ਆਪਣੇ ’ਤੇ ਹੋਏ ਮਾਨਸਿਕ ਤਸ਼ੱਦਦ ਕਰਕੇ ਡਿਪਰੈਸ਼ਨ ਵਿੱਚ ਹਨ। ਫੋਗਟ ਨੇ ਕਿਹਾ ਕਿ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਨ੍ਹਾਂ ਨੂੰ ਇਕ ਹੋਰ ਗੇੜ ਦੀ ਗੱਲਬਾਤ ਕਰਨ ਤੇ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ। ਉਧਰ ਬਜਰੰਗ ਪੂਨੀਆ ਨੇ ਕਿਹਾ, ‘‘ਜੰਤਰ ਮੰਤਰ ਤੋਂ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਦਾ ਦਫਤਰ 500 ਮੀਟਰ ਦੀ ਦੂਰੀ ’ਤੇ ਹੈ। ਉਹ ਗੌਂਡਾ ਨੂੰ ਕਿਉਂ ਭੱਜਿਆ? ਜੇਕਰ ਉਹ ਇਥੋਂ ਭੱਜ ਸਕਦਾ ਹੈ ਤਾਂ ਉਹ ਦੇਸ਼ ਵਿਚੋਂ ਵੀ ਉਡਾਰੀ ਮਾਰ ਸਕਦਾ ਹੈ।’’