ਕੁਦਰਤਿ ਹੈ ਕੀਮਤਿ ਨਹੀ ਪਾਇ।।

ਕੁਦਰਤਿ ਹੈ ਕੀਮਤਿ ਨਹੀ ਪਾਇ।।

ਅੰਗਰੇਜ਼ੀ ਭਾਸ਼ਾ ਵਿੱਚ ਫਿੱਗ ਅਤੇ ਮਾਤ ਭਾਸ਼ਾ ਵਿੱਚ ਅੰਜੀਰ ਵਜੋਂ ਜਾਣਿਆ ਜਾਣ ਵਾਲਾ ਪੌਦਾ ਅਤੇ ਫ਼ਲ ਇਟਲੀ, ਤੁਰਕੀ, ਪੁਰਤਗਾਲ, ਸਪੇਨ ਆਦਿ ਤੋਂ ਹੁੰਦਾ ਹੋਇਆ ਵਿਸ਼ਵ ਦੇ ਹਰ ਹਿੱਸੇ ਵਿੱਚ ਆਪਣੀ ਹਾਜ਼ਰੀ ਲਵਾ ਰਿਹਾ ਹੈ। ਕਾਬੁਲ ਅਤੇ ਈਰਾਨ ਦੇ ਸੁੱਕੇ ਅੰਜੀਰ ਮਿਠਾਸ ਭਰਪੂਰ ਤੇ ਖੂਬ ਮਸ਼ਹੂਰ ਮੰਨੇ ਗਏ ਹਨ। ਭਾਰਤ ਦੇ ਪੂਨੇ, ਮੈਸੂਰ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੇ ਇਲਾਕਿਆਂ ਵਿੱਚ ਅੰਜੀਰ ਦੀ ਕਾਸ਼ਤ ਕੀਤੀ ਜਾਂਦੀ ਰਹੀ ਹੈ। ਪੰਜਾਬ ਵਿੱਚ ਜੰਗਲੀ ਅੰਜੀਰ ਜਾਂ ਫਗਵਾੜਾ ਦੇ ਨਾਂ ਨਾਲ ਜਾਣਿਆ ਜਾਂਦਾ ਅੰਜੀਰ ਜਾਤੀ ਦਾ ਪੌਦਾ ਪਹਿਲਾਂ ਕਾਫ਼ੀ ਦੇਖਣ ਨੂੰ ਮਿਲ ਜਾਂਦਾ ਸੀ। ਅੰਜੀਰ ਦਾ ਇਤਿਹਾਸ ਬਹੁਤ ਹੀ ਪੁਰਾਤਨ ਹੈ ਅਤੇ ਇਸ ਦਾ ਜ਼ਿਕਰ ਪੁਰਾਣੇ ਵੇਦਾਂ, ਗ੍ਰੰਥਾਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਮੁਸਲਿਮ ਭਾਈਚਾਰੇ ਦੇ ਲੋਕ ਅੰਜੀਰ ਨੂੰ ਆਪਣੇ ਪੈਗੰਬਰ ਹਜਰਤ ਮੁਹੰਮਦ ਨਾਲ ਜੋੜ ਕੇ ਦੇਖਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਸਵਰਗ ਦਾ ਫ਼ਲ ਹੈ।

ਅੰਜੀਰ ਦਾ ਵਿਗਿਆਨਕ ਨਾਮ ਫਾਈਕਸ ਕੈਰਿਕ ਅਤੇ ਜੰਗਲੀ ਅੰਜੀਰ (ਫਗਵਾੜਾ) ਦਾ ਵਿਗਿਆਨਕ ਨਾਂ ਫਾਈਕਸ ਪਾਮੇਟਾ ਹੈ। ਕੁਝ ਲੋਕ ਇਸ ਦੇ ਕੱਚੇ ਫ਼ਲਾਂ ਦੀ ਸਬਜ਼ੀ ਵੀ ਬਣਾ ਲੈਂਦੇ ਸਨ, ਤਾਜ਼ੇ ਪੱਕੇ ਫ਼ਲ ਖਾਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ। ਅੰਜੀਰ ਦੀਆਂ ਕਈ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ, ਪਰ ‘ਬਰਾਊਨ ਟਰਕੀ’ ਨਾਮੀ ਅੱਜਕੱੱਲ੍ਹ ਖੂਬ ਪ੍ਰਚੱਲਿਤ ਹੈ। ਕਿਸਮ ਅਨੁਸਾਰ ਅੰਜੀਰ ਦੇ ਫ਼ਲਾਂ ਦਾ ਰੰਗ ਹਲਕੇ ਹਰੇ ਤੋਂ ਲੈ ਕੇ ਗੂੜ੍ਹਾ ਜਾਮਣੀ/ ਬੈਂਗਣੀ ਵੇਖਣ ਨੂੰ ਮਿਲਦਾ ਹੈ। ਇਸ ਦੇ ਫ਼ਲਾਂ ਨੂੰ ਤੋੜ ਕੇ ਜ਼ਿਆਦਾ ਦੇਰ ਰੱਖਣਾ ਜਾਂ ਜ਼ਿਆਦਾ ਦੂਰ ਲੈ ਕੇ ਜਾਣਾ ਔਖਾ ਹੁੰਦਾ ਹੈ। ਜਦੋਂ ਫ਼ਲ ਨੂੰ ਤੋੜਿਆ ਜਾਂਦਾ ਹੈ ਤਾਂ ਦੁਧੀਆ ਤਰਲ ਨਿਕਲਦਾ ਹੈ ਜੋ ਚਮੜੀ ਉੱਪਰ ਵਾਰ-ਵਾਰ ਜਾਂ ਜ਼ਿਆਦਾ ਲੱਗਣ ’ਤੇ ਨੁਕਸਾਨ ਕਰਦਾ ਹੈ। ਹੋ ਸਕੇ ਤਾਂ ਦਸਤਾਨੇ ਪਾ ਕੇ ਤੁੜਾਈ ਕਰਨੀ ਚਾਹੀਦੀ ਹੈ।

ਕੁਝ ਇਤਿਹਾਸਕਾਰ ਤਾਂ ਅੰਜੀਰ ਨੂੰ ਮਨੁੱਖ ਦੁਆਰਾ ਕਾਸ਼ਤ ਕੀਤੀ ਪਹਿਲੀ ਫ਼ਸਲ ਵੀ ਮੰਨਦੇ ਹਨ। ਅੰਜੀਰ ਦੇ ਪੱਤੇ ਫਗਵਾੜਾ ਨਾਲੋਂ ਵੱਡੇ ਤੇ ਚੌੜੇ ਹੁੰਦੇ ਹਨ। ਫ਼ਲਾਂ ਦੀ ਦਿੱਖ ਨਾਸ਼ਪਾਤੀ ਵਰਗੀ ਹੁੰਦੀ ਹੈ। ਦਰਮਿਆਨੇ ਕੱਦ ਦੇ ਇਸ ਪੌਦੇ ਦੀ ਸਰਦੀਆਂ ਵਿੱਚ ਕਾਂਟ-ਛਾਂਟ ਵੀ ਕਰਨੀ ਬਿਹਤਰ ਮੰਨੀ ਜਾਂਦੀ ਹੈ। ਜੰਗਲੀ ਅੰਜੀਰ ਪੁਰਾਣੇ ਸਮਿਆਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਰੋਪੜ ਅਤੇ ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਵਿੱਚ ਖੇਤਾਂ ਦੇ ਨਾਲ ਨਾਲ ਅਕਸਰ ਵਾੜ ਵਜੋਂ ਲੱਗੀ ਵੀ ਨਜ਼ਰੀਂ ਪੈ ਜਾਂਦੀ ਸੀ। ਇਸ ਦੇ ਪੱਤਿਆਂ ਤੋਂ ਚਾਰੇ ਦਾ ਕੰਮ ਵੀ ਲਿਆ ਜਾਂਦਾ ਸੀ। ਅੰਜੀਰ ਦੇ ਪੌਦੇ ਕਲਮ ਵਿਧੀ ਰਾਹੀਂ ਜਨਵਰੀ ਮਹੀਨੇ ਤਿਆਰ ਕੀਤੇ ਜਾਂਦੇ ਹਨ। ਖੁਸ਼ਕ ਅਤੇ ਜ਼ਿਆਦਾ ਪਾਣੀ ਦੋਵੇਂ ਅੰਜੀਰ ਦੇ ਪੌਦੇ ਲਈ ਸਹਾਈ ਨਹੀਂ ਹੁੰਦੇ।

ਅੰਜੀਰ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਆਇਰਨ ਵਰਗੇ ਕਈ ਤੱਤਾਂ ਦੀ ਮੌਜੂਦਗੀ ਹੁੰਦੀ ਹੈ ਅਤੇ ਇਸ ਨੂੰ ਐਂਟੀਆਕਸੀਡੈਂਟ ਤੇ ਫਾਈਬਰ ਭਰਪੂਰ ਮੰਨਿਆ ਜਾਂਦਾ ਹੈ। ਅੰਜੀਰ ਫ਼ਲ ਦੇ ਨਾਲ ਨਾਲ ਵੈਦਿਕ ਨੁਸਖਿਆਂ ਨਾਲ ਵੀ ਭਰਪੂਰ ਹੈ। ਇਹ ਅਨੇਕਾਂ ਮਨੁੱਖੀ ਬਿਮਾਰੀਆਂ ਜਿਵੇਂ ਕਿ ਬਵਾਸੀਰ, ਗਠੀਆ, ਪਾਚਣ ਪ੍ਰਣਾਲੀ, ਕਬਜ਼, ਬਲੱਡ ਪ੍ਰੈੱਸ਼ਰ, ਅੱਖਾਂ ਦੀ ਰੌਸ਼ਨੀ, ਚਮੜੀ ਰੋਗ, ਸਰੀਰਕ ਕਮਜ਼ੋਰੀ ਆਦਿ ਦੇ ਇਲਾਜ ਲਈ ਬੇਹੱਦ ਸਹਾਈ ਹੁੰਦੀ ਹੈ। ਹਾਲਾਂਕਿ ਅਸੀਂ ੲਿਸ ਨੂੰ ਜ਼ਿਆਦਾਤਰ ਸੁੱਕੇ ਮੇਵੇ ਵਜੋਂ ਹੀ ਖਾਂਦੇ ਹਾਂ, ਪਰ ਇਸ ਦੇ ਤਾਜ਼ੇ ਫ਼ਲ, ਜੈਮ, ਰੋਲ, ਬਿਸਕੁਟ, ਸ਼ਰਬਤ ਵਜੋਂ ਵੀ ਇਸ ਨੂੰ ਖਾਧਾ ਜਾਂਦਾ ਹੈ। ਮਾਈਗ੍ਰੇਨ, ਗੁਰਦੇ ਦੀਆਂ ਪੱਥਰੀਆਂ ਅਤੇ ਜਿਗਰ ਦੇ ਰੋਗੀਆਂ ਨੂੰ ਇਸ ਦੀ ਵਰਤੋਂ ਮਾਹਿਰ ਦੀ ਸਲਾਹ ਲੈਣ ਉਪਰੰਤ ਹੀ ਕਰਨੀ ਚਾਹੀਦੀ ਹੈ।

ਜੇਕਰ ਤੁਸੀਂ ਆਪਣੇ ਘਰ ਪੰਛੀਆਂ ਨੂੰ ਸੱਦਾ ਦੇਣਾ ਚਾਹੁੰਦੇ ਹੋ ਤਾਂ ਅੰਜੀਰ ਦਾ ਇੱਕ ਪੌਦਾ ਹੀ ਅਨੇਕਾਂ ਪੰਛੀਆਂ ਨੂੰ ਫ਼ਲਾਂ ਰਾਹੀਂ ਸੱਦਾ ਦੇਣ ਲਈ ਕਾਫ਼ੀ ਹੁੰਦਾ ਹੈ।

ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ