ਕੁਦਰਤਿ ਹੈ ਕੀਮਤਿ ਨਹੀ ਪਾਇ।।

ਕੁਦਰਤਿ ਹੈ ਕੀਮਤਿ ਨਹੀ ਪਾਇ।।

ਮੇਰੇ ਗੀਤਾਂ ਦੀ ਲਾਜਵੰਤੀ ਨੂੰ

ਤੇਰੇ ਬਿਰਹੇ ਨੇ ਹੱਥ ਲਾਇਐ।

ਮੇਰੇ ਬੋਲਾਂ ਦੇ ਜ਼ਰਦ ਪੱਤਿਆਂ ਨੇ

ਤੇਰੀ ਸਰਦਲ ਤੇ ਸਿਰ ਨਿਵਾਇਐ।

ਉਪਰੋਕਤ ਸਤਰਾਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਲਾਜਵੰਤੀ’ ਵਿੱਚੋਂ ਲਈਆਂ ਹਨ ਅਤੇ ਅੱਜ ਆਪਾਂ ਗੱਲ ਵੀ ‘ਲਾਜਵੰਤੀ’ ਨਾਮੀ ਪੌਦੇ ਦੀ ਕਰਾਂਗੇ ਜੋ ਆਪਣੀ ਖ਼ਾਸ ਵਿਸ਼ੇਸ਼ਤਾ ਨਾਲ ਜਾਣਿਆ ਜਾਂਦਾ ਹੈ। ਲਾਜਵੰਤੀ ਨੂੰ ਜ਼ਿਆਦਾਤਰ ਛੂਈ-ਮੂਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਕੁਝ ਪ੍ਰਦੇਸ਼ਾਂ ਵਿੱਚ ਇਸ ਨੂੰ ਲਜਾਲੂ ਸੱਦਿਆ ਜਾਂਦਾ ਹੈ। ਵਿਸ਼ਵ ਪੱਧਰ ’ਤੇ ਇਸ ਨੂੰ ‘ਟੱਚ ਵੀ ਨਾਟ’, ਸੈਂਸਟਿਵ ਪਲਾਂਟ ਜਾਂ ਮਿਮੋਜ਼ਾ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸ ਦਾ ਵਿਗਿਆਨਕ ਨਾਂ ‘ਮਿਮੋਜ਼ਾ ਪੁਡੀਕਾ’ ਹੈ। ਇਸ ਪੌਦੇ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਪੱਤਿਆਂ ਨੂੰ ਹੱਥ ਲਾਉਣ ’ਤੇ ਇਕੱਠੇ/ਸੁੰਗੜ ਜਾਂਦੇ ਹਨ, ਇਸ ਕਰਕੇ ਇਸ ਨੂੰ ਛੂਈ-ਮੂਈ ਜਾਂ ਲਾਜਵੰਤੀ ਭਾਵ ਸ਼ਰਮੀਲੀ ਨਾਮ ਮਿਲਿਆ ਹੈ। ਲਾਜਵੰਤੀ ਦਾ ਇਹੀ ਗੁਣ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਨੂੰ ਆਕਰਸ਼ਿਤ ਕਰਦਾ ਹੈ।

‘ਲਾਜਵੰਤੀ’ ਕੁਦਰਤ ਦੀਆਂ ਬਿਹਤਰੀਨ ਕਲਾਕਾਰੀਆਂ ਵਿੱਚੋਂ ਇੱਕ ਹੈ। ਵਿਗਿਆਨੀਆਂ ਅਨੁਸਾਰ ਇਸ ਦੇ ਪੱਤਿਆਂ ਨੂੰ ਹੱਥ ਲਾਉਣ ’ਤੇ ਸੁੰਗੜਨ ਪਿੱਛੇ ਰੱਬ ਦੀ ਬਖ਼ਸ਼ੀ ਸੁਰੱਖਿਆ ਪ੍ਰਣਾਲੀ ਅਤੇ ਪਾਣੀ ਦੇ ਵਾਸ਼ਪੀਕਰਨ ਤੋਂ ਬਚਾਅ ਜਾਪਦੀ ਹੈ। ਇਸ ਪੌਦੇ ਦੇ ਪੱਤੇ ਹਨੇਰੇ ਵਿੱਚ ਵੀ ਸੁੰਗੜ ਜਾਂਦੇ ਹਨ ਜੋ ਰੌਸ਼ਨੀ ਆਉਣ ’ਤੇ ਦੁਬਾਰਾ ਖੁੱਲ੍ਹ ਜਾਂਦੇ ਹਨ। ਲਾਜਵੰਤੀ ਕਿਸੇ ਵੇਲੇ ਆਪ ਮੁਹਾਰੇ ਉੱਗਣ ਵਾਲਾ ਪੌਦਾ ਹੁੰਦੀ ਸੀ ਜੋ ਸਮਾਂ ਪਾ ਕੇ ਗਮਲਿਆਂ ਅਤੇ ਬਗੀਚਿਆਂ ਵਿੱਚ ਵਿਸ਼ੇਸ਼ ਤੌਰ ’ਤੇ ਲਾਇਆ ਜਾਂਦਾ ਹੈ। ਇਸ ਦੀ ਉੱਚਾਈ ਬਹੁਤ ਜ਼ਿਆਦਾ ਨਹੀਂ ਹੁੰਦੀ, ਸਗੋਂ ਖਿੱਲਰੀ ਜਿਹੀ ਕੰਡਿਆਲੀ ਝਾੜੀ ਹੁੰਦੀ ਹੈ ਜੋ ਧਰਤ ਉੱਪਰ ਫੈਲਦੀ ਹੈ। ਇਸ ਦੇ ਪੱਤੇ ਬਾਰੀਕ-ਬਾਰੀਕ ਜਿਹੇ ਹੁੰਦੇ ਹਨ ਅਤੇ ਇਸ ਦੀਆਂ ਡੰਡੀਆਂ ਉੱਪਰ ਕੰਡੇ ਵਿਖਾਈ ਦਿੰਦੇ ਹਨ। ਲਾਜਵੰਤੀ ਦੇ ਫੁੱਲਾਂ ਦਾ ਰੰਗ ਗੁਲਾਬੀ ਹੁੰਦਾ ਹੈ ਅਤੇ ਫੁੱਲ ਮਸਾਂ ਇੱਕ ਦਿਨ ਖਿੜ ਕੇ ਖਤਮ ਹੋ ਜਾਂਦੇ ਹਨ। ਸਮਾਂ ਪਾ ਕੇ ਫੁੱਲਾਂ ਤੋਂ ਬਾਅਦ ਪੌਦਿਆਂ ਉੱਪਰ ਫਲੀਆਂ ਨਜ਼ਰ ਆਉਂਦੀਆਂ ਹਨ ਜੋ ਚਪਟੀਆਂ ਹੁੰਦੀਆਂ ਹਨ। ਉਨ੍ਹਾਂ ਵਿੱਚ ਬੀਜ ਪਾਏ ਜਾਂਦੇ ਹਨ।

ਲਾਜਵੰਤੀ ਨਾਮੀ ਪੌਦਾ ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਵੇਖਣ ਨੂੰ ਮਿਲਦਾ ਹੈ। ਕੁਝ ਦੇਸ਼ ਤਾਂ ਅਜਿਹੇ ਵੀ ਹਨ ਜਿੱਥੇ ਇਸ ਦਾ ਵਾਧਾ ਬੇਤਹਾਸ਼ਾ ਹੋਣ ਕਰਕੇ ਨਦੀਨ ਦਾ ਰੂਪ ਲੈ ਚੁੱਕਿਆ ਹੈ। ਲਾਜਵੰਤੀ ਨੂੰ ਜੇਕਰ ਆਯੁਰਵੈਦਿਕ ਪ੍ਰਣਾਲੀ ਦੀ ਅੱਖ ਨਾਲ ਵੇਖਿਆ ਜਾਵੇ ਤਾਂ ਇਹ ਗੁਣਾਂ ਦੀ ਗੁਥਲੀ ਹੈ। ਇਸ ਦੇ ਵੱਖ ਵੱਖ ਭਾਗ ਜਿਵੇਂ ਕਿ ਜੜਾਂ, ਪੱਤੇ ਅਤੇ ਬੀਜ ਆਦਿ ਤੋਂ ਅਨੇਕਾਂ ਨੁਸਖੇ ਤਿਆਰ ਕੀਤੇ ਜਾਂਦੇ ਹਨ। ਐਂਟੀ ਆਕਸੀਡੈਂਟ ਅਤੇ ਐਂਟੀ ਬੈਕਟੀਰੀਅਲ ਗੁਣ ਇਸ ਵਿੱਚ ਮੌਜੂਦ ਹੁੰਦੇ ਹਨ। ਸ਼ੂਗਰ, ਮੂਤਰ ਰੋਗ, ਮਿਰਗੀ, ਬਵਾਸੀਰ, ਜ਼ਖ਼ਮ, ਮਾਈਗ੍ਰੇਨ, ਪਾਚਨ ਪ੍ਰਣਾਲੀ, ਪੀਲੀਆ ਆਦਿ ਬਿਮਾਰੀਆਂ ਵਿੱਚ ਇਸ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ। ਕੁਝ ਵੈਦ ਗੁਰਦੇ ਦੀ ਪੱਥਰੀ, ਭਗੰਦਰ, ਵਾਲਾਂ ਦਾ ਡਿੱਗਣਾ ਆਦਿ ਲਈ ਨੁਸਖੇ ਤਿਆਰ ਕਰਦੇ ਹਨ। ਪੁਰਾਤਨ ਵੇਲਿਆਂ ਵਿੱਚ ਔਰਤ ਦੇ ਅੰਗਾਂ ਦੇ ਢਿਲਕਣ ਨੂੰ ਦਰੁਸਤ ਕਰਨ ਲਈ ਅਤੇ ਆਦਮੀਆਂ ਦੇ ਪਤਾਲੂਆਂ ਅਤੇ ਗਿਲਟੀਆਂ ਦੀ ਸੋਜ ਲਈ ਲਾਜਵੰਤੀ ਦੇ ਪੱਤਿਆਂ ਦਾ ਲੇਪ ਵਿਸ਼ੇਸ਼ ਤੌਰ ’ਤੇ ਕੀਤਾ ਜਾਂਦਾ ਸੀ। ਸੱਪ ਦੀ ਜ਼ਹਿਰ ਉਤਾਰਨ ਲਈ ਇਸ ਪੌਦੇ ਦਾ ਪ੍ਰਯੋਗ ਕੀਤਾ ਜਾਂਦਾ ਸੀ। ਬੇਸ਼ੱਕ ਲਾਜਵੰਤੀ ਦੇ ਅਨੇਕਾਂ ਗੁਣਾਂ/ਨੁਸਖਿਆਂ ਤੋਂ ਅਸੀਂ ਜਾਣੂ ਹੋਈਏ, ਪਰ ਇਸ ਦਾ ਉਪਯੋਗ ਕਿਸੇ ਮਾਹਿਰ ਦੀ ਸਲਾਹ ਤੋਂ ਬਿਨਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ