ਕਿਸਾਨ ਮੇਲੇ ’ਚ ਪੰਜਾਬੀ ਵਿਰਸੇ ਦਾ ‘ਲਿਸ਼ਕਾਰਾ’

ਕਿਸਾਨ ਮੇਲੇ ’ਚ ਪੰਜਾਬੀ ਵਿਰਸੇ ਦਾ ‘ਲਿਸ਼ਕਾਰਾ’

ਫੱਟੀਆਂ, ਤੂੰਬੀਆਂ ਅਤੇ ਢੋਲਕੀਆਂ ਦੀਆਂ ਸਟਾਲਾਂ ਲੱਗੀਆਂ; ਪੰਜਾਬੀ ਪਕਵਾਨ ਬਣੇ ਖਿੱਚ ਦਾ ਕੇਂਦਰ
ਲੁਧਿਆਣਾ- ਪੀਏਯੂ ਦਾ ਕਿਸਾਨ ਮੇਲਾ ਹੁਣ ਖੇਤੀਬਾੜੀ ਗਿਆਨ, ਮਸ਼ੀਨਰੀ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਪਕਵਾਨਾਂ ਕਰ ਕੇ ਵੀ ਲੋਕਾਂ ਵਿੱਚ ਪਛਾਣ ਬਣਾਉਣ ਲੱਗਾ ਹੈ। ਇਸ ਵਾਰ ਮੇਲੇ ਵਿੱਚ ਲੱਗੇ ਬਹੁਤੇ ਸਟਾਲਾਂ ’ਤੇ ਕਿਸਾਨਾਂ ਨੇ ਗੁਰਮੁਖੀ ਲਿਪੀ ਲਿਖੀਆਂ ਫੱਟੀਆਂ, ਤੂੰਬੀਆਂ, ਢੋਲਕੀਆਂ ਖਰੀਦਣ ਦੇ ਨਾਲ-ਨਾਲ ਪਸ਼ੂਆਂ ਨੂੰ ਸਜਾਉਣ ਵਾਲਾ ਸਾਮਾਨ ਖਰੀਦਣ ਵਿੱਚ ਭਾਰੀ ਦਿਲਚਸਪੀ ਦਿਖਾਈ।

ਪੀਏਯੂ ਦਾ ਦੋ ਦਿਨਾਂ ਕਿਸਾਨ ਮੇਲਾ ਅੱਜ ਸਮਾਪਤ ਹੋ ਗਿਆ ਹੈ। ਇਸ ਮੇਲੇ ਵਿੱਚ ਹੋਰਾਂ ਸਟਾਲਾਂ ਦੀ ਤਰ੍ਹਾਂ ਇਸ ਵਾਰ ਘਰੇਲੂ ਵਰਤੋਂ ਵਾਲੇ ਸਾਮਾਨ, ਪੰਜਾਬੀ ਪਹਿਰਾਵੇ, ਸੱਭਿਆਚਾਰ ਨੂੰ ਹੋਰ ਅਮੀਰੀ ਪ੍ਰਦਾਨ ਕਰਦੇ ਸਟਾਲ ਵੀ ਲਾਏ ਗਏ ਸਨ। ਇਨ੍ਹਾਂ ਵਿੱਚੋਂ ਇੱਕ ਸਟਾਲ ’ਤੇ ਗੁਰਮੁਖੀ ਲਿਪੀ ਲਿਖੀਆਂ ਫੱਟੀਆਂ ਵੀ ਵਿਕਰੀ ਲਈ ਰੱਖੀਆਂ ਹੋਈਆਂ ਸਨ। ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੇ ਛੋਟੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਇਨ੍ਹਾਂ ਫੱਟੀਆਂ ਨੂੰ ਖਰੀਦਿਆ। ਇਸੇ ਤਰ੍ਹਾਂ ਢੋਲਕੀਆਂ, ਤੂੰਬੀਆਂ ਅਤੇ ਹੋਰ ਅਜਿਹੇ ਪੁਰਾਤਨ ਸਾਜ਼ ਵੀ ਲੋਕਾਂ ਨੇ ਖਰੀਦਣ ਵਿੱਚ ਦਿਲਚਸਪੀ ਦਿਖਾਈ। ਮੇਲੇ ਵਿੱਚ ਪਸ਼ੂਆਂ ਨੂੰ ਸਜਾਉਣ ਲਈ ਰੰਗ-ਬਿਰੰਗੇ ਪਟੇ, ਗਲ ਅਤੇ ਪੈਰਾਂ ’ਚ ਪਾਉਣ ਲਈ ਘੁੰਗਰੂ ਅਤੇ ਰੱਸੀਆਂ ਆਦਿ ਦੇ ਸਟਾਲਾਂ ’ਤੇ ਵੀ ਪੂਰੀ ਰੌਣਕ ਰਹੀ। ਇਸ ਵਾਰ ਮੇਲੇ ਵਿੱਚ ਪੰਜਾਬੀ ਪਕਵਾਨਾਂ/ਮਠਿਆਈਆਂ ਵਿੱਚ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ, ਜਲੇਬੀਆਂ, ਪਕੌੜੇ ਅਤੇ ਹੋਰ ਪਕਵਾਨ ਵੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਰਹੇ। ਸੈਲਫ ਹੈਲਪ ਗਰੁੱਪਾਂ ਵੱਲੋਂ ਮਸਾਲਿਆਂ, ਬੜੀਆਂ, ਆਚਾਰ, ਪੰਜਾਬੀ ਸੂਟਾਂ ਦੇ ਸਟਾਲਾਂ ’ਤੇ ਸ਼ਹਿਰੀਆਂ ਦੀ ਗਿਣਤੀ ਵੱਧ ਦੇਖਣ ਨੂੰ ਮਿਲੀ। ਇਸੇ ਤਰ੍ਹਾਂ ਪੀਏਯੂ ਵਿੱਚ ਸਥਿਤ ਪੁਰਾਤਨ ਵਸਤਾਂ ਦਾ ਆਜਾਇਬ ਘਰ ਵੀ ਮੇਲੇ ਦਾ ਸ਼ਿੰਗਾਰ ਰਿਹਾ। ਕਿਸਾਨਾਂ ਨੇ ਪਰਿਵਾਰਾਂ ਸਮੇਤ ਆਜਾਇਬ ਘਰ ਵਿੱਚ ਪਹੁੰਚ ਕੇ ਪੁਰਾਤਨ ਵਸਤਾਂ ਦੇਖੀਆਂ ਅਤੇ ਬੱਚਿਆਂ ਨੂੰ ਇਨ੍ਹਾਂ ਬਾਰੇ ਜਾਣਕਾਰੀ ਦੇ ਕੇ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਮੇਲੇ ਵਿੱਚ ਵੱਡੀ ਗਿਣਤੀ ਪੁਸਤਕਾਂ ਦੇ ਸਟਾਲ ਲੱਗੇ ਹੋਏ ਸਨ। ਇਨ੍ਹਾਂ ’ਚ ਖੇਤੀਬਾੜੀ ਸਾਹਿਤ ਦੇ ਨਾਲ ਨਾਲ, ਪੰਜਾਬੀ ਸਾਹਿਤ, ਧਾਰਮਿਕ ਅਤੇ ਤਰਕਸ਼ੀਲ ਸਾਹਿਤ ਪ੍ਰਮੁੱਖ ਸਨ।

ਜ਼ਿਲ੍ਹਾ ਬਰਨਾਲਾ ਦੇ ਸਤਨਾਮ ਸਿੰਘ ਨੇ ਜਿੱਤਿਆ ਡਰੈਗਨ ਫਰੂਟ ਦਾ ਮੁਕਾਬਲਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੋ ਰੋਜ਼ਾ ਕਿਸਾਨ ਮੇਲੇ ਦੇ ਦੂਜੇ ਦਿਨ ਖੇਤੀ ਜਿਣਸਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚੋਂ ਡਰੈਗਨ ਫਰੂਟ ਦਾ ਪਹਿਲਾ ਇਨਾਮ ਪਿੰਡ ਠੂਲ਼ੇਵਾਲ, ਜ਼ਿਲ੍ਹਾ ਬਰਨਾਲਾ ਦੇ ਸਤਨਾਮ ਸਿੰਘ ਨੇ, ਦੂਜਾ ਇਨਾਮ ਪਿੰਡ ਰੋਗਲਾ ਜ਼ਿਲ੍ਹਾ ਸੰਗਰੂਰ ਦੇ ਬਲਵਿੰਦਰ ਸਿੰਘ ਨੇ, ਮਿੱਠੇ ਵਿਚ ਪਹਿਲਾ ਇਨਾਮ ਮਲਕੀਤ ਸਿੰਘ, ਮਾਲਟੇ ਵਿਚ ਗਗਨਦੀਪ ਸਿੰਘ, ਚਕੋਤਰਾ ਵਿੱਚ ਸੁਖਦੇਵ ਸਿੰਘ, ਬਾਰਾਮਾਸੀ ਨਿੰਬੂ ਵਿਚ ਅਮਿਤੋਜ ਸਿੰਘ, ਲਸਣ ਵਿਚ ਭੁਪਿੰਦਰ ਕੌਰ, ਲੌਕੀ ਵਿਚ ਜਿੱਕੀ ਸਿੰਘ, ਘੀਆ ਕੱਦੂ ਵਿਚ ਬਲਵਿੰਦਰ ਸਿੰਘ, ਤੋਰੀ ਵਿਚ ਜਸਪਾਲ ਸਿੰਘ, ਮਿਰਚ ਵਿਚ ਗੁਰਪ੍ਰਕਾਰ ਸਿੰਘ, ਬੈਂਗਣ ਵਿਚ ਸੁਰਿੰਦਰਪਾਲ ਕੌਰ, ਗੁਆਰ ਫ਼ਲੀ ਵਿਚ ਸੁਖਵੀਰ ਸਿੰਘ, ਖੀਰੇ ਵਿਚ ਜਸਪ੍ਰੀਤ ਸਿੰਘ, ਝਾੜ ਕਰੇਲਾ ਵਿਚ ਹਰਸ਼ਪ੍ਰੀਤ ਸਿੰਘ, ਕਰੇਲਾ ਵਿਚ ਪਰਮਜੀਤ ਸਿੰਘ, ਲੋਬੀਆ ਵਿਚ ਸੁਖਦੇਵ ਸਿੰਘ, ਭਿੰਡੀ ਵਿਚ ਤੀਰਥ ਸਿੰਘ, ਪਿਆਜ਼ ਵਿਚ ਜਤਿੰਦਰ ਸਿੰਘ, ਗੰਨਾ ਵਿਚ ਰਾਜਿੰਦਰ ਸਿੰਘ ਅਤੇ ਨਰਮੇ ਵਿਚ ਰਵੀਕਾਂਤ ਨੇ ਪਹਿਲੇ ਇਨਾਮ ਜਿੱਤੇ। ਇਸੇ ਤਰ੍ਹਾਂ ਸਟਾਲ ਮੁਕਾਬਲਿਆਂ ਵਿਚ ਟਰੈਕਟਰ, ਕੰਬਾਈਨ ਰਿਪੇਅਰ ਥਰੈਸ਼ਰ ਸ਼੍ਰੇਣੀ ਵਿਚ ਇੰਟਰਨੈਸ਼ਨਲ ਟਰੈਕਟਰ, ਟਰੈਕਟਰ ਨਾਲ ਚੱਲਣ ਵਾਲੇ ਸਾਜੋ-ਸਾਮਾਨ ਵਿਚ ਲੈਂਡਫੋਰਸ ਨੂੰ, ਇਲੈਕਟ੍ਰਿਕ ਮੋਟਰਜ਼, ਇੰਜਨ ਅਤੇ ਪੰਪ ਸੈੱਟ ਆਦਿ ਸ਼੍ਰੇਣੀ ਵਿਚ ਵੀਏਆਰ ਹੈਂਡਟੂਲਜ਼ ਨੂੰ, ਐਗਰੋ ਪ੍ਰੋਸੈਸਿੰਗ ਮਸ਼ੀਨਰੀ ਵਿਚ ਕੇਸੀ ਮਾਰਕੀਟਿੰਗ ਕੰਪਨੀ ਨੂੰ, ਖਾਦਾਂ ਵਿਚ ਨੈਸ਼ਨਲ ਫਾਰਟੀਲਾਈਜ਼ਰ ਨੂੰ ਅਤੇ ਕੀਟਨਾਸ਼ਕਾਂ ਵਿਚ ਬੇਅਰ ਕਰਾਪ ਸਾਇੰਸ ਨੂੰ ਪਹਿਲਾ ਸਥਾਨ ਹਾਸਲ ਹੋਇਆ। ਪ੍ਰਦਰਸ਼ਨੀਆਂ ਵਿਚ ਭੂਮੀ ਵਿਭਾਗ ਨੂੰ ਪਹਿਲਾ ਅਤੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੂੰ ਦੂਜਾ ਇਨਾਮ ਹਾਸਲ ਹੋਇਆ। ਪੰਜਾਬ ਨੌਜਵਾਨ ਸੰਸਥਾ ਵਿਚ ਖੇਤੀ ਸਲਾਹਕਾਰ ਸੇਵਾ ਕੇਂਦਰ ਹੁਸ਼ਿਆਰਪੁਰ ਨੂੰ ਪਹਿਲਾ ਅਤੇ ਖੇਤੀ ਸਲਾਹਕਾਰ ਸੇਵਾ ਕੇਂਦਰ ਬਠਿੰਡਾ ਨੂੰ ਦੂਜਾ ਇਨਾਮ ਹਾਸਲ ਹੋਇਆ। ਉੱਦਮਸ਼ੀਲਤਾ ਵਿਚ ਗੁਰਵਿੰਦਰ ਸਿੰਘ ਨੂੰ ਮੋਟੇ ਅਨਾਜ ਉਤਪਾਦਾਂ ਵਿਚ ਪਹਿਲਾ ਅਤੇ ਰਣਜੀਤ ਕੌਰ ਲੁਧਿਆਣਾ ਨੂੰ ਹੋਮ ਮੇਕਰ ਸੈਲਫ ਹੈਲਪ ਗਰੁੱਪ ਨੂੰ ਪਹਿਲਾ ਸਥਾਨ ਹਾਸਲ ਹੋਇਆ ਹੈ।