ਕਿਸਾਨ ਅੰਦੋਲਨ: ਸੰਘਰਸ਼ੀਆਂ ਨੇ ਸੰਭਾਲੀ ਲੰਗਰ ਦੀ ਸੇਵਾ

ਕਿਸਾਨ ਅੰਦੋਲਨ: ਸੰਘਰਸ਼ੀਆਂ ਨੇ ਸੰਭਾਲੀ ਲੰਗਰ ਦੀ ਸੇਵਾ

ਐਸ.ਏ.ਐਸ. ਨਗਰ (ਮੁਹਾਲੀ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੰਨਦਾਤਾਵਾਂ ਦੀਆਂ ਵੱਖ-ਵੱਖ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ 32 ਕਿਸਾਨ ਜਥੇਬੰਦੀਆਂ ਵੱਲੋਂ ਜਗਤਪੁਰਾ ਟੀ-ਪੁਆਇੰਟ (ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ) ਉੱਤੇ ਦਿੱਤੇ ਜਾ ਰਹੇ ਧਰਨੇ ਕਾਰਨ ਪਿੰਡ ਜਗਤਪੁਰਾ ਅਤੇ ਸੈਕਟਰ-48 ਤੇ 49 ਨੂੰ ਵੰਡਦੀ ਮੁੱਖ ਸੜਕ ’ਤੇ ਬਾਵਾ ਵਾਈਟ ਹਾਊਸ ਫੇਜ਼-11 ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਕਿਸਾਨ ਟਰਾਲੀਆਂ ਵਿੱਚ ਰਾਸ਼ਨ-ਪਾਣੀ ਨਾਲ ਲੈ ਕੇ ਆਏ ਹਨ ਅਤੇ ਧਰਨੇ ਦੌਰਾਨ ਕਿਸਾਨ ਆਪਣੇ ਹੱਥੀਂ ਲੰਗਰ ਤਿਆਰ ਕਰ ਕੇ ਸਾਥੀਆਂ ਨੂੰ ਛਕਾ ਰਹੇ ਹਨ। ਇੱਥੋਂ ਤੱਕ ਧਰਨੇ ਵਾਲੀ ਥਾਂ ਤਾਇਨਾਤ ਪੰਜਾਬ ਤੇ ਯੂਟੀ ਪੁਲੀਸ ਦੇ ਜਵਾਨਾਂ ਨੂੰ ਵੀ ਲੰਗਰ ਪਰੋਸਿਆ ਜਾ ਰਿਹਾ ਹੈ।

ਧਰਨੇ ਦੌਰਾਨ ਖ਼ਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਬੀਬੀਆਂ ਲਈ ਲੰਗਰ ਵੀ ਕਿਸਾਨ ਹੀ ਤਿਆਰ ਕਰ ਰਹੇ ਹਨ ਤਾਂ ਕਿ ਬੀਬੀਆਂ ਆਗੂਆਂ ਦੇ ਵਿਚਾਰ ਸੁਣ ਸਕਣ। ਜਿੱਥੇ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸਟੇਜ ਸੰਭਾਲ ਰਹੇ ਹਨ ਅਤੇ ਅਧਿਕਾਰੀਆਂ ਨਾਲ ਤਾਲਮੇਲ ਬਣਾ ਰਹੇ ਹਨ, ਉੱਥੇ ਪਿੰਡਾਂ ਦੇ ਜੁਝਾਰੂ ਕਿਸਾਨ ਲੰਗਰ ਤਿਆਰ ਕਰਨ ’ਚ ਜੁਟੇ ਹੋਏ ਹਨ। ਕੋਈ ਪਿਆਜ਼ ਕੱਟ ਰਿਹਾ ਹੈ, ਕੋਈ ਲਸਣ ਛਿੱਲ ਰਿਹਾ ਅਤੇ ਕੋਈ ਸਬਜ਼ੀਆਂ ਕੱਟ ਰਿਹਾ ਹੈ। ਠੰਢ ਅਤੇ ਮੀਂਹ ਤੋਂ ਬਚਣ ਲਈ ਕਿਸਾਨਾਂ ਨੇ ਟਰਾਲੀਆਂ ਨੂੰ ਪਲਾਸਟਿਕ ਨਾਲ ਢਕ ਕੇ ਆਰਜ਼ੀ ਰਹਿਣ ਬਸੇਰੇ ਬਣਾਏ ਗਏ ਹਨ। ਠੰਢ ਦੇ ਮੌਸਮ ਵਿੱਚ ਕਿਸਾਨੀ ਮੰਗਾਂ ਪ੍ਰਤੀ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਧਰਨਾਕਾਰੀਆਂ ਵਿੱਚ ਰੋਹ ਹੈ ਅਤੇ ਉਹ ਹੁਕਮਰਾਨਾਂ ਨੂੰ ਕੋਸ ਕਰੇ ਹਨ।

ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਅਤੇ ਪ੍ਰੈੱਸ ਸਕੱਤਰ ਰਣਬੀਰ ਸਿੰਘ ਗਰੇਵਾਲ, ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਅਤੇ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੀਨੀਅਰ ਆਗੂ ਪਰਮਦੀਪ ਸਿੰਘ ਬੈਦਵਾਨ ਅਤੇ ਜ਼ਿਲ੍ਹਾ ਕਿਰਪਾਲ ਸਿੰਘ ਸਿਆਊ ਤੇ ਜਨਰਲ ਸਕੱਤਰ ਲਖਵਿੰਦਰ ਸਿੰਘ ਕਰਾਲਾ ਨੇ ਕਿਹਾ ਕਿ ਦਿੱਲੀ ਮੋਰਚਾ ਫ਼ਤਹਿ ਕਰਨ ਸਮੇਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ ਗਏ। ਇਸ ਲਈ ਬਾਕੀ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਅਤੇ ਸਰਕਾਰਾਂ ’ਤੇ ਦਬਾਅ ਬਣਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਜ਼ਬਰਦਸਤ ਤਰੀਕੇ ਨਾਲ ਚੰਡੀਗੜ੍ਹ ਦੀ ਘੇਰਾਬੰਦੀ ਕੀਤੀ ਗਈ ਅਤੇ ਭਲਕੇ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਵੱਲੋਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।