ਕਿਸਾਨ ਅੰਦੋਲਨ: ਸਰਹੱਦਾਂ ’ਤੇ ਸੱਤਵੇਂ ਦਿਨ ਅਮਨ-ਸ਼ਾਂਤੀ ਵਾਲਾ ਮਾਹੌਲ

ਕਿਸਾਨ ਅੰਦੋਲਨ: ਸਰਹੱਦਾਂ ’ਤੇ ਸੱਤਵੇਂ ਦਿਨ ਅਮਨ-ਸ਼ਾਂਤੀ ਵਾਲਾ ਮਾਹੌਲ

ਚੌਥੇ ਗੇੜ ਦੀ ਮੀਟਿੰਗ ਬਾਰੇ ਚਰਚਾ ਕਰਦੇ ਰਹੇ ਕਿਸਾਨ; ਨੌਜਵਾਨਾਂ ਦੀ ਹਰਿਆਣਾ ਪੁਲੀਸ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ

ਪਟਿਆਲਾ/ਸੰਗਰੂਰ/ਖਨੌਰੀ- ਇੱਥੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਅੱਜ ਸੱਤਵੇਂ ਦਿਨ ਮਾਹੌਲ ਭਾਵੇਂ ਅਮਨ ਸ਼ਾਂਤੀ ਵਾਲਾ ਬਣਿਆ ਰਿਹਾ ਪਰ ਕਿਸਾਨਾਂ ’ਚ ਦਿੱਲੀ ਕੂਚ ਕਰਨ ਲਈ ਜੋਸ਼ ਤੇ ਉਤਸ਼ਾਹ ਲਗਾਤਾਰ ਬਰਕਰਾਰ ਹੈ। ਕਿਸਾਨ ਖਨੌਰੀ ਬਾਰਡਰ ’ਤੇ ਪੂਰੇ ਬੁਲੰਦ ਹੌਸਲੇ ’ਚ ਹਨ ਅਤੇ ਖਾਸ ਕਰਕੇ ਨੌਜਵਾਨ ਕਿਸਾਨ ਪੰਜਾਬ-ਹਰਿਆਣਾ ਬਾਰਡਰ ’ਤੇ ਹਰਿਆਣਾ ਪੁਲੀਸ ਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਉਪਰ ਤਿੱਖੀ ਨਜ਼ਰ ਰੱਖ ਰਹੇ ਹਨ। ਬੀਤੀ ਰਾਤ ਖਨੌਰੀ ਬਾਰਡਰ ’ਤੇ ਕਿਸਾਨ ਮਨਜੀਤ ਸਿੰਘ ਵਾਸੀ ਕਾਂਗਥਲਾ ਦੀ ਸ਼ਹਾਦਤ ਨੇ ਕਿਸਾਨੀ ਸੰਘਰਸ਼ ’ਚ ਜੋਸ਼ ਭਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸੂਬਾ ਕਮੇਟੀ ਵਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਉਪਰ ਡਟ ਕੇ ਪਹਿਰਾ ਦਿਆਂਗੇ। ਖਨੌਰੀ ਬਾਰਡਰ ’ਤੇ ਅੱਜ ਵੀ ਕਾਫ਼ੀ ਚਹਿਲ ਪਹਿਲ ਰਹੀ। ਵਗਦੀਆਂ ਤੇਜ਼ ਹਵਾਵਾਂ ਕਾਰਨ ਕਈ ਕਿਸਾਨ ਆਪਣੇ ਰੈਣ ਬਸੇਰੇ ਟਰਾਲੀਆਂ ਉਪਰ ਤਰਪਾਲਾਂ ਨੂੰ ਮਜ਼ਬੂਤੀ ਨਾਲ ਬੰਨ੍ਹਣ ’ਚ ਜੁਟੇ ਨਜ਼ਰ ਆਏ। ਇੱਥੇ ਵਿਦੇਸ਼ੀ ਜੋੜੇ ਨੇ ਵੀ ਖਨੌਰੀ ਬਾਰਡਰ ’ਤੇ ਪੁੱਜ ਕੇ ਕਿਸਾਨਾਂ ਦੇ ਸੰਘਰਸ਼ ਨੂੰ ਗਹੁ ਨਾਲ ਵੇਖਿਆ। ਹਰਿਆਣਾ ਦੇ ਕਿਸਾਨ ਵੀ ਖਨੌਰੀ ਬਾਰਡਰ ’ਤੇ ਪੰਜਾਬ ਦੇ ਕਿਸਾਨਾਂ ਦੀ ਹਮਾਇਤ ਵਿਚ ਜੁਟੇ ਹੋਏ ਹਨ ਜੋ ਕਿ ਮੌਜੂਦਾ ਹਾਲਾਤ ਬਾਰੇ ਚਰਚਾ ਕਰਨ ਦੇ ਨਾਲ ਨਾਲ ‘ਹੁੱਕਾ’ ਦਾ ਆਨੰਦ ਵੀ ਲੈਂਦੇ ਨਜ਼ਰ ਆਏ।
ਉਧਰ, ਅੱਜ ਸੱਤਵੇਂ ਦਿਨ ਵੀ ਕਿਸਾਨ ਸ਼ੰਭੂ ਬੈਰੀਅਰ ’ਤੇ ਡਟੇ ਰਹੇ। ਮੌਸਮ ਵਿਭਾਗ ਵੱਲੋਂ ਕੀਤੀ ਮੀਂਹ ਦੀ ਪੇਸ਼ੀਨਗੋਈ ਦੇ ਬਾਵਜੂਦ ਅੱਜ ਇੱਥੇ ਕਾਫ਼ੀ ਇਕੱਠ ਸੀ। ਪਹਿਲੇ ਕੁਝ ਦਿਨ ਭਾਰੀ ਤਣਾਅ ਵਿੱਚੋਂ ਨਿਕਲਣ ਉਪਰੰਤ ‘ਸਰਹੱਦ’ ਉੱਤੇ ਅੱਜ ਮਾਹੌਲ ਸ਼ਾਂਤਮਈ ਬਣਿਆ ਰਿਹਾ। ਉਧਰ, ਐਤਵਾਰ ਨੂੰ ਹੋਈ ਚੌਥੇ ਗੇੜ ਦੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜ ਫਸਲਾਂ ’ਤੇ ਐੱਮਐੱਸਪੀ ਦੀ ਕੀਤੀ ਗਈ ਪੇਸ਼ਕਸ਼ ਸਬੰਧੀ ਕਿਸਾਨ ਆਗੂ ਅੱਜ ਦਿਨ ਭਰ ਵਿਚਾਰਾਂ ਕਰਦੇ ਰਹੇ। ਇਸ ਸਬੰਧੀ ਦੂਜੇ ਰਾਜਾਂ ਦੇ ਉਨ੍ਹਾਂ ਕਿਸਾਨਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ, ਜੋ ਕਿਸਾਨ ਅੰਦੋਲ਼ਨ ਦੌਰਾਨ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਲਾਛੜੂ ਦੀ ਅਗਵਾਈ ਹੇਠ ਪਿਛਲੇ ਦਿਨਾਂ ਤੋਂ ਲੰਗਰ ਲਾਏ ਹੋਏ ਹਨ। ਕਮੇਟੀ ਵੱਲੋਂ ਦਵਾਈਆਂ ਆਦਿ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਅਕਾਲੀ ਦਲ ਘਨੌਰ ਦੇ ਹਲਕਾ ਇੰਚਾਰਜ ਭੂਪਿੰਦਰ ਸਿੰਘ ਸ਼ੇਖੂਪੁਰ ਅਤੇ ਅਕਾਲੀ ਆਗੂ ਸੁਖਜੀਤ ਬਘੌਰਾ ਵੀ ਸੇਵਾਵਾਂ ਨਿਭਾ ਰਹੇ ਹਨ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੇਰ ਸ਼ਾਮ ਖਨੌਰੀ ਬਾਰਡਰ ’ਤੇ ਪ੍ਰੈਸ ਕਾਨਫਰੰਸ ਵੀ ਕੀਤੀ। ਉਨ੍ਹਾਂ ਨਾਲ ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਅਤੇ ਹਰਿਆਣਾ ਦੇ ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਆਦਿ ਮੌਜੂਦ ਸਨ। ਸੰਯੁਕਤ ਕਿਸਾਨ ਮੋਰਚਾ ਵਲੋਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਅਤੇ ਟੋਲ ਫ੍ਰੀ ਕਰਨ ਦੇ ਸੰਘਰਸ਼ ਬਾਰੇ ਪੁੱਛੇ ਸਵਾਲ ’ਤੇ ਸ੍ਰੀ ਡੱਲੇਵਾਲ ਨੇ ਕਿਹਾ ਕਿ ਕੋਈ ਵੀ ਸਾਡੇ ਵਿਚ ਆ ਸਕਦਾ ਹੈ ਜਾਂ ਜੇਕਰ ਬਾਹਰੋਂ ਵੀ ਆਪਣੇ ਪੱਧਰ ’ਤੇ ਹਮਾਇਤ ਕਰਦਾ ਹੈ ਤਾਂ ਉਸਦਾ ਧੰਨਵਾਦ ਕਰਦੇ ਹਾਂ।