ਕਿਸਾਨ ਅੰਦੋਲਨ ਦੀਆਂ ਅਧੂਰੀਆਂ ਮੰਗਾਂ ਉਭਾਰੇਗੀ ਜੀਂਦ ਰੈਲੀ: ਉਗਰਾਹਾਂ

ਕਿਸਾਨ ਅੰਦੋਲਨ ਦੀਆਂ ਅਧੂਰੀਆਂ ਮੰਗਾਂ ਉਭਾਰੇਗੀ ਜੀਂਦ ਰੈਲੀ: ਉਗਰਾਹਾਂ

ਬਠਿੰਡਾ- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 26 ਜਨਵਰੀ ਨੂੰ ਜੀਂਦ (ਹਰਿਆਣਾ) ਵਿੱਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਉੱਤਰੀ ਭਾਰਤ ਦੇ ਛੇ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਪੰਚਾਇਤ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦੇਵਗੀ| ਜਥੇਬੰਦੀ ਦੇ ਸੂਬਾਈ ਆਗੂ ਇੱਥੇ ਟੀਚਰਜ਼ ਹੋਮ ਵਿੱਚ ਪੁੱਜੇ ਸਨ।

ਸ੍ਰੀ ਉਗਰਾਹਾਂ ਨੇ ਕਿਹਾ ਕਿ ਭਾਵੇਂ ਕੇਂਦਰ ਹਕੂਮਤ ਨੇ ਇਤਿਹਾਸਕ ਕਿਸਾਨ ਸੰਘਰਸ਼ ਦੇ ਭਾਰੀ ਦਬਾਅ ਅੱਗੇ ਝੁਕਦਿਆਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲੈ ਲਏ ਸਨ, ਪਰ ਸੰਘਰਸ਼ ਦੀ ਸਮਾਪਤੀ ਸਮੇਂ ਹਕੂਮਤ ਨੇ ਜਿਹੜੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ, ਉਹ ਪੂਰੀਆਂ ਨਹੀਂ ਕੀਤੀਆਂ। ਇਸ ਮਹਾਪੰਚਾਇਤ ਦਾ ਅਹਿਮ ਮਕਸਦ ਇਨ੍ਹਾਂ ਮੰਗਾਂ ਨੂੰ ਫਿਰ ਤੋਂ ਉਭਾਰਨਾ ਹੋਵੇਗਾ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ 26 ਜਨਵਰੀ 2021 ਨੂੰ ਮੋਦੀ ਹਕੂਮਤ ਨੇ ਸੰਘਰਸ਼ ਖੇਰੂੰ-ਖੇਰੂੰ ਕਰਨ ਦੀ ਸਾਜ਼ਿਸ਼ ਰਚੀ ਸੀ ਜੋ ਲੋਕਾਂ ਦੀ ਏਕਤਾ ਨੇ ਅਸਫ਼ਲ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜੀਂਦ ਦੀ ਕਿਸਾਨ ਮਹਾਪੰਚਾਇਤ ’ਚ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ ਜਾਵੇਗਾ। ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਜਥੇਬੰਦੀ ਵੱਲੋਂ ਇਨ੍ਹਾਂ ਤਿਆਰੀਆਂ ਲਈ ਕਿਸਾਨ ਮੀਟਿੰਗਾਂ, ਰੈਲੀਆਂ, ਮੋਟਰਸਾਈਕਲ ਮਾਰਚ ਤੇ ਨੁੱਕੜ ਨਾਟਕਾਂ ਦੇ ਰੂਪ ’ਚ ਲੋਕਾਂ ਨੂੰ ਜਥੇਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਲਗਭਗ ਹਜ਼ਾਰ ਬੱਸਾਂ ਸਣੇ ਹੋਰ ਛੋਟੇ ਵਾਹਨਾਂ ਰਾਹੀਂ ਕਰੀਬ ਪੰਜਾਹ ਹਜ਼ਾਰ ਕਿਸਾਨਾਂ ਦਾ ਕਾਫ਼ਲਾ ਮਹਾਪੰਚਾਇਤ ਵਿੱਚ ਸ਼ਾਮਲ ਹੋਵੇਗਾ। ਇਸ ਰੈਲੀ ਵਿਚ ਔਰਤਾਂ ਵੱਲੋਂ ਵੀ ਸ਼ਿਰਕਤ ਕੀਤੀ ਜਾਵੇਗੀ।