ਕਿਸਾਨੀ ਮਸਲੇ ਹੱਲ ਕਰਵਾਉਣ ਲਈ ਰੇਲਾਂ ਰੋਕੀਆਂ

ਮਾਨਸਾ- ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪੰਜਾਬ ਭਰ ਵਿੱਚ ਰੇਲ ਗੱਡੀਆਂ ਰੋਕਣ ਲਈ ਧਰਨੇ ਲਾਏ ਗਏ। ਇਹ ਧਰਨੇ 12 ਵਜੇ ਤੋਂ 3 ਵਜੇ ਤੱਕ ਚੱਲੇ। ਜਥੇਬੰਦੀ ਅਨੁਸਾਰ ਪੰਜਾਬ ਸਰਕਾਰ ਵਿਰੁੱਧ 15 ਜ਼ਿਲ੍ਹਿਆਂ ਵਿੱਚ ਰੇਲ ਮਾਰਗ ਜਾਮ ਕੀਤੇ ਗਏ। ਮਾਲਵਾ ਖੇਤਰ ਵਿੱਚ ਇਨ੍ਹਾਂ ਧਰਨਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਵੱਡੀ ਪੱਧਰ ’ਤੇ ਔਰਤਾਂ ਨੇ ਵੀ ਸਮੂਲੀਅਤ ਕੀਤੀ। ਮਾਨਸਾ ਵਿੱਚ ਹਲਕੇ ਮੀਂਹ ਪੈਂਦੇ ਦੌਰਾਨ ਵੀ ਧਰਨਾਕਾਰੀ ਰੇਲਵੇ ਲਾਈਨਾਂ ’ਤੇ ਸਰਕਾਰ ਵਿਰੋਧੀ ਨਾਅਰੇ ਲਾਉਂਦੇ ਹੋਏ ਡੱਟੇ ਰਹੇ।

ਮਾਨਸਾ ਵਿੱਚ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ’ਚ ਭਗਵੰਤ ਮਾਨ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਲੋਕ ਵਿਰੋਧੀ ਫੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਝੋਨੇ ਦੀ ਫਸਲ 68 ਮਣ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਐੱਮਐੱਸਪੀ ਰੇਟ ’ਤੇ ਖਰੀਦੀ ਜਾਵੇਗੀ ਅਤੇ ਇਸ ਤੋਂ ਵੱਧ ਨਹੀਂ ਖਰੀਦੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਜ਼ਬੂਰੀ ਵੱਸ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸ਼ਕਤੀ ਵਰਤਣ ਦਾ ਐਲਾਨ ਕਰਕੇ ਸੈਂਕੜਿਆਂ ਦੀ ਗਿਣਤੀ ਵਿੱਚ ਟੀਮਾਂ ਬਣਾ ਦਿੱਤੀਆਂ ਹਨ ਅਤੇ ਪੁਲੀਸ ਪਾਰਟੀਆਂ ਨਾਲ ਲੈਣ ਦੀ ਹਦਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਜ਼ਮੀਨ ਦੇ ਖੁਦ ਮਾਲਕ ਹਨ ਪਰ ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ’ਚੋਂ ਮਿੱਟੀ ਨਹੀਂ ਚੁੱਕ ਸਕਦੇ। ਅਜਿਹਾ ਕਰਨ ਵਾਲੇ ਕਿਸਾਨਾਂ ਖ਼ਿਲਾਫ਼ ਬਠਿੰਡਾ ਜ਼ਿਲ੍ਹੇ ਵਿੱਚ ਪਰਚੇ ਦਰਜ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਨਾਲ ਨਰਮੇ ਦੀ ਫਸਲ ਦਾ ਨੁਕਸਾਨ ਹੋ ਗਿਆ ਸੀ। ਜਥੇਬੰਦੀ ਨੇ ਸੰਘਰਸ਼ ਕਰਕੇ ਮੁਆਵਜ਼ੇ ਦਾ ਐਲਾਨ ਕਰਵਾਇਆ ਸੀ ਪਰ ਇਹ ਐਲਾਨ ਵੀ ਪੰਜਾਬ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ।

ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਰੋਮਾਣਾ, ਉੱਤਮ ਸਿੰਘ ਰਾਮਾਂਨੰਦੀ, ਭੋਲਾ ਸਿੰਘ ਮਾਖਾ, ਜਗਸੀਰ ਸਿੰਘ ਜਵਾਹਰਕੇ, ਕੁਲਦੀਪ ਸਿੰਘ ਚਚੋਹਰ, ਬਿੰਦਰ ਸਿੰਘ ਝੰਡਾ, ਕਾਲਾ ਸਿੰਘ ਮੰਡੇਰ, ਜਗਰਾਜ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।