ਕਿਸਾਨੀ ਨੂੰ ਸਿਖਰਾਂ ਵੱਲ ਲਿਜਾਏਗੀ ਨਵੀਂ ਖੇਤੀ ਨੀਤੀ: ਧਾਲੀਵਾਲ

ਕਿਸਾਨੀ ਨੂੰ ਸਿਖਰਾਂ ਵੱਲ ਲਿਜਾਏਗੀ ਨਵੀਂ ਖੇਤੀ ਨੀਤੀ: ਧਾਲੀਵਾਲ

ਹੁਸ਼ਿਆਰਪੁਰ – ਖੇਤੀਬਾੜੀ, ਕਿਸਾਨ ਭਲਾਈ ਅਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਇੱਥੇ ਹੁਸ਼ਿਆਰਪੁਰ ਦੇ ਪਿੰਡ ਖੜਕਾਂ ਦੇ ਇੱਕ ਫਾਰਮ ਵਿੱਚ ਕਰਵਾਈ ਗਈ ਦੂਜੀ ਸਰਕਾਰ-ਕਿਸਾਨ ਮਿਲਣੀ ਅਤੇ ਐਨਆਰਆਈ ਸੰਮੇਲਨ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਛੇ ਦੇਸ਼ਾਂ ਦੇ ਪਰਵਾਸੀ ਭਾਰਤੀਆਂ ਤੇ ਸੂਬੇ ਭਰ ਤੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 30 ਜੂਨ ਨੂੰ ਲਾਗੂ ਹੋਣ ਜਾ ਰਹੀ ਨਵੀਂ ਖੇਤੀ ਨੀਤੀ ਰਾਹੀਂ ਪੰਜਾਬ ਦੀ ਖੇਤੀ ਨੂੰ ਸਿਖਰਾਂ ’ਤੇ ਲਿਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ, ਵਿਦਵਾਨਾਂ ਅਤੇ ਖੇਤੀ ਵਿਗਿਆਨੀਆਂ ਦੇ ਵਡਮੁੱਲੇ ਸੁਝਾਅ ਲੈ ਕੇ ਅਜਿਹੀ ਨੀਤੀ ਤਿਆਰ ਕੀਤੀ ਜਾ ਰਹੀ ਹੈ, ਜੋ ਘੱਟੋ-ਘੱਟ ਅਗਲੇ 25 ਸਾਲਾਂ ਤੱਕ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਨਵੀਂ ਖੇਤੀ ਨੀਤੀ ਇੱਥੋਂ ਦੇ ਵਾਤਾਵਰਨ, ਭੂਗੋਲਿਕ ਸਥਿਤੀ ਤੇ ਪਾਣੀ ਦੀ ਸਥਿਤੀ ਅਨੁਸਾਰ ਬਣਾਈ ਜਾ ਰਹੀ ਹੈ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਮਿਲਣੀ ਦੇ ਦੋ ਉਦੇਸ਼ ਹਨ, ਪਹਿਲਾ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ’ਚੋਂ ਬਾਹਰ ਕੱਢਣ ਲਈ ਉਨ੍ਹਾਂ ਦੇ ਸੁਝਾਅ ਲੈਣੇ ਤੇ ਦੂਜਾ ਇਨ੍ਹਾ ਸੁਝਾਵਾਂ ਦੇ ਆਧਾਰ ’ਤੇ ਨਵੀਂ ਖੇਤੀ ਨੀਤੀ ਤਿਆਰ ਕਰਨਾ। ਉਨ੍ਹਾਂ ਕਿਹਾ ਕਿ ਦਰਿਆਵਾਂ ਅਤੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਸਮੇਂ ਦੀ ਮੁੱਖ ਮੰਗ ਹੈ ਤੇ ਸਰਕਾਰ ਦਾ ਮੁੱਖ ਉਦੇਸ਼ ਪਾਣੀ, ਬਿਜਲੀ ਅਤੇ ਬੀਜਾਂ ਦੀ ਵੰਡ ਨੂੰ ਪਾਰਦਰਸ਼ੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਾਸਮਤੀ ਵਾਂਗ ਹੋਰਨਾਂ ਫ਼ਸਲਾਂ ਦਾ ਵੀ ਘੱਟੋ-ਘੱਟ ਮੁੱਲ ਤੈਅ ਕੀਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਨਵੀਂ ਖੇਤੀ ਨੀਤੀ ਪੰਜਾਬ ਨੂੰ ਨਵੀਂ ਦਿਸ਼ਾ ਦੇਵੇਗੀ।