ਕਿਸਾਨੀ ਨੂੰ ਐੱਮਐੱਸਪੀ ਗਾਰੰਟੀ ਕਾਨੂੰਨ ਨਾਲ ਹੀ ਬਚਾਇਆ ਜਾ ਸਕਦੈ: ਟਿਕੈਤ

ਕਿਸਾਨੀ ਨੂੰ ਐੱਮਐੱਸਪੀ ਗਾਰੰਟੀ ਕਾਨੂੰਨ ਨਾਲ ਹੀ ਬਚਾਇਆ ਜਾ ਸਕਦੈ: ਟਿਕੈਤ

ਲੌਂਗੋਵਾਲ- ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਰਾਕੇਸ਼ ਟਿਕੈਤ ਨੇ ਅੱਜ ਪਿੰਡ ਮੰਡੇਰ ਕਲਾਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਐੱਮਐੱਸਪੀ ਗਾਰੰਟੀ ਕਾਨੂੰਨ ਨਾਲ ਹੀ ਬਚਾਇਆ ਜਾ ਸਕਦਾ ਹੈ। ਕਿਸਾਨਾਂ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ, ਜਿਸ ਕਾਰਨ ਉਹ ਥਾਂ-ਥਾਂ ਧਰਨੇ ਦੇਣ ਲਈ ਮਜਬੂਰ ਹਨ। ਉਹ ਇੱਥੇ ਪਿਛਲੇ ਦਿਨੀਂ ਪੁਲੀਸ ਅਤੇ ਕਿਸਾਨਾਂ ਵਿਚਾਲੇ ਝੜਪ ਦੌਰਾਨ ਮਾਰੇ ਗਏ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ। ਉਨ੍ਹਾਂ ਕਿਹਾ ਲੌਂਗੋਵਾਲ ਵਿੱਚ ਵਾਪਰੇ ਪੂਰੇ ਘਟਨਾਕ੍ਰਮ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ‘ਆਪ’ ਸਰਕਾਰ ’ਤੇ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਬਣਨ ਨਾਲ ਦੇਸ਼ ਦੇ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਲਈ ਹੁਣ ਲੜਾਈ ਦਿੱਲੀ ਵਾਂਗ ਇੱਕ ਥਾਂ ਤੋਂ ਨਹੀਂ ਸਗੋਂ ਸੂਬਿਆਂ ’ਚੋਂ ਲੜੀ ਜਾਵੇਗੀ। ਇਸੇ ਲੜੀ ਤਹਿਤ ਉਹ ਅਗਲੇ ਮਹੀਨੇ ਚਾਰ ਦਿਨਾਂ ਲਈ ਬਿਹਾਰ ਜਾ ਰਹੇ ਹਨ, ਜਿੱਥੇ ਸਰਕਾਰ ਨੇ ਮੰਡੀਆਂ ਹੀ ਖ਼ਤਮ ਕਰ ਦਿੱਤੀਆਂ ਹਨ ਅਤੇ ਉਥੋਂ ਦੇ ਕਾਸ਼ਤਕਾਰ ਹੋਰਨਾਂ ਸੂਬਿਆਂ ਵਿੱਚ ਜਾ ਕੇ ਮਜ਼ਦੂਰੀ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਹੜ੍ਹਾਂ ਕਾਰਨ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ ਇਲਾਵਾ ਪਹਾੜੀ ਇਲਾਕੇ ਹਿਮਾਚਲ ਤੇ ਉਤਰਾਖੰਡ ਵਿਚ ਵੱਡੀ ਤਬਾਹੀ ਹੋਈ ਹੈ। ਪ੍ਰਭਾਵਿਤ ਰਾਜਾਂ ਲਈ ਕੇਂਦਰ ਸਰਕਾਰ ਨੂੰ ਵਿਸ਼ੇਸ਼ ਪੈਕੇਜ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀਆਂ ਸੂਬਾ ਸਰਕਾਰਾਂ ਨੂੰ ਵੀ ਜਲਦੀ ਸਰਵੇਖਣ ਕਰਵਾ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ।