ਕਿਸਾਨਾਂ ਵੱਲੋਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ

ਕਿਸਾਨਾਂ ਵੱਲੋਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ

ਰੂਪਨਗਰ : ਇੱਥੇ ਅੱਜ ਸ਼ੇਰ-ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਪਾਵਰਕੌਮ ਦੇ ਐੱਸਈ ਦੇ ਦਫ਼ਤਰ ਸਾਹਮਣੇ ਮੀਟਰ ਰੀਡਰਾਂ ਦੇ ਹੱਕ ਵਿੱਚ ਅਤੇ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਵਿੱਚ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਜੱਸੜਾਂ, ਕੁਲਵਿੰਦਰ ਸਿੰਘ ਪੰਜੋਲਾ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਚੈੜੀਆਂ ਅਤੇ ਪ੍ਰੈਸ ਸਕੱਤਰ ਭੁਪਿੰਦਰ ਸਿੰਘ ਡੇਕਵਾਲਾ ਨੇ ਕਿਹਾ ਕਿ ਪਾਵਰਕਾਮ ਮਹਿਕਮੇ ਦੁਆਰਾ ਲਗਾਏ ਜਾ ਚਿੱਪ ਵਾਲੇ ਮੀਟਰਾਂ ਕਾਰਨ ਜਿੱਥੇ ਖਪਤਕਾਰਾਂ ਦਾ ਵੱਡਾ ਨੁਕਸਾਨ ਹੋਵੇਗਾ, ਉੱਥੇ ਹੀ ਪੰਜਾਬ ਭਰ ਵਿੱਚ ਕੰਮ ਕਰਦੇ ਮੀਟਰ ਰੀਡਰਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣੇ ਪੈਣਗੇ। ਆਗੂਆਂ ਨੇ ਪਾਵਰਕੌਮ ਵਿਭਾਗ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜਬਰਦਸਤੀ ਲਗਾਏ ਗਏ ਮੀਟਰਾਂ ਨੂੰ ਬੁੱਧਵਾਰ ਤੱਕ ਬਦਲ ਦਿੱਤਾ ਜਾਵੇ ਨਹੀਂ ਤਾਂ ਉਸ ਤੋਂ ਬਾਅਦ ਜਥੇਬੰਦੀ ਵੱਲੋਂ ਇਨ੍ਹਾਂ ਮੀਟਰਾਂ ਨੂੰ ਉਤਾਰ ਕੇ ਐਸਈ ਰੂਪਨਗਰ ਦੇ ਦਫ਼ਤਰ ਵਿੱਚ ਰੱਖ ਦਿੱਤਾ ਜਾਵੇਗਾ।