ਕਿਰਨਦੀਪ ਕੌਰ ਨੂੰ ਬਰਤਾਨੀਆ ਜਾਣ ਤੋਂ ਰੋਕਣਾ ਠੀਕ ਨਹੀਂ: ਜਥੇਦਾਰ

ਕਿਰਨਦੀਪ ਕੌਰ ਨੂੰ ਬਰਤਾਨੀਆ ਜਾਣ ਤੋਂ ਰੋਕਣਾ ਠੀਕ ਨਹੀਂ: ਜਥੇਦਾਰ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇਸ਼ ਵਿੱਚ ਸਿੱਖ ਵਿਰੋਧੀ ਮਾਹੌਲ ਸਿਰਜ ਰਹੀ ਹੈ ਜੋ ਠੀਕ ਨਹੀਂ ਹੈ। ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਬੀਤੇ ਕੱਲ੍ਹ ਹਵਾਈ ਅੱਡੇ ਤੋਂ ਬਰਤਾਨੀਆ ਜਾਣ ਤੋਂ ਰੋਕੇ ਜਾਣ ’ਤੇ ਟਿੱਪਣੀ ਕਰਦਿਆਂ ਜਥੇਦਾਰ ਨੇ ਆਖਿਆ ਕਿ ਜੇਕਰ ਕੋਈ ਬੇਕਸੂਰ ਹੈ ਅਤੇ ਉਸ ਖਿਲਾਫ਼ ਕੋਈ ਕੇਸ ਵੀ ਦਰਜ ਨਹੀਂ ਤਾਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਪੁਲੀਸ ਮੁੜ ਉਨ੍ਹਾਂ ਦੇ ਘਰ ਜਾ ਕੇ ਉਸ ਕੋਲੋਂ ਪੁੱਛਗਿੱਛ ਕਰ ਸਕਦੀ ਸੀ ਪਰ ਉਸ ਨੂੰ ਆਪਣੇ ਘਰ ਜਾਣ ਤੋਂ ਰੋਕਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਕਿਰਨਦੀਪ ਕੌਰ ਨੂੰ ਹਵਾਈ ਅੱਡੇ ’ਤੇ ਰੋਕ ਕੇ ਪ੍ਰੇਸ਼ਾਨ ਕਰਨ ਦੀ ਨਿੰਦਾ ਕੀਤੀ ਹੈ।

ਸਿਮਰਨਜੀਤ ਸਿੰਘ ਮਾਨ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲਾਏ

ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਰਨਦੀਪ ਕੌਰ ਦੇ ਮਾਮਲੇ ਵਿਚ ਦਿੱਲੀ ਯੂਕੇ ਸਫ਼ਾਰਤਖ਼ਾਨੇ ਦੇ ਸਫੀਰ ਨੂੰ ਪੱਤਰ ਭੇਜ ਕੇ ਦੋਸ਼ ਲਾਇਆ ਕਿ ਸਰਕਾਰ ਦੀ ਇਹ ਕਾਰਵਾਈ ਕਿਰਨਦੀਪ ਕੌਰ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਬੰਦੀ ਬਣਾ ਕੇ ਰੱਖਣ ਬਰਾਬਰ ਹੈ ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਪੱਤਰ ਭੇਜ ਕੇ ਕਿਰਨਦੀਪ ਕੌਰ ਦੇ ਹੱਕਾਂ ਦੀ ਰਾਖੀ ਮੰਗੀ ਹੈ।