ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ

ਭਾਵੇਂ ਕਿ ਕਿਰਤ ਤਿੰਨ ਅੱਖਰਾਂ ਦਾ ਛੋਟਾ ਜਿਹਾ ਸ਼ਬਦ ਹੈ ਪਰ ਸਾਡੀ ਜ਼ਿੰਦਗੀ ‘ਚ ਕਿਰਤ ਦੀ ਮਹੱਤਤਾ ਬਹੁਤ ਵੱਡੀ ਹੈ। ਹਰ ਹੱਥ ਨੂੰ ਮਿਲੇ ਕਿਰਤ, ਸਮੂਹ ਮਾਨਵਤਾ ਲਈ ਇਹ ਉਪਦੇਸ਼ ਦੇਣ ਵਾਲੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਦੀਵਾਲੀ ਤੋਂ ਅਗਲੇ ਦਿਨ ਹਰ ਵਰਗ ਦੇ ਲੋਕਾਂ ਵਲੋਂ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਜਿਵੇਂ ਕਿ ਸੂਈ ਤੋਂ ਲੈ ਕੇ ਸਮੁੰਦਰੀ ਜਹਾਜ਼ ਤੱਕ, ਛੋਟੇ ਜਿਹੇ ਘਰ ਤੋਂ ਲੈ ਕੇ ਅਸਮਾਨ ਨੂੰ ਛੂੰਹਦੀਆਂ ਵੱਡੀਆਂ-ਵੱਡੀਆਂ ਇਮਾਰਤਾਂ, ਸਾਡੇ ਕੰਮ ਧੰਦੇ ਤੇ ਹਰ ਤਰ੍ਹਾਂ ਦੀਆਂ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ, ਇਹ ਵੀ ਕਿਸੇ ਨਾ ਕਿਸੇ ਸਨਅਤਾਂ ਰਾਹੀਂ ਮਸ਼ੀਨਰੀ ਤੇ ਔਜ਼ਾਰ ਨਾਲ ਤਿਆਰ ਹੋ ਕੇ ਹੀ ਸਾਨੂੰ ਪ੍ਰਾਪਤ ਹੋਈਆਂ ਹਨ। ਇਸੇ ਕਰਕੇ ਅਸੀਂ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦਾ ਆਨੰਦ ਮਾਣ ਰਹੇ ਹਾਂ। ਇਸ ਕਰਕੇ ਜੋ ਵੀ ਸਨਅਤਾਂ ਵਿਚ ਕਿਰਤੀਆਂ ਵਲੋਂ ਵਰਤੀ ਜਾਂਦੀ ਮਸ਼ੀਨਰੀ ਅਤੇ ਔਜ਼ਾਰ ਹਨ, ਇਹ ਸਭ ਕੁਝ ਬਾਬਾ ਵਿਸ਼ਵਕਰਮਾ ਦੀ ਹੀ ਦੇਣ ਹੈ।
ਭਾਵੇਂ ਕਿ ਕੁਦਰਤ ਵਲੋਂ ਚੁਰਾਸੀ ਲੱਖ ਜੂਨਾਂ ਵਿਚੋਂ ਮਨੁੱਖ ਦੀ ਜੂਨੀ ਨੂੰ ਉੱਤਮ ਮੰਨਿਆ ਗਿਆ ਹੈ ਕਿਉਂਕਿ ਪਰਮਾਤਮਾ ਵਲੋਂ ਮਨੁੱਖ ਨੂੰ ਬਖ਼ਸ਼ੀ ਬੁੱਧੀ ਬਾਕੀ ਜੂਨੀਆਂ ਤੋਂ ਵੱਖ ਹੈ। ਮਨੁੱਖ ਆਪਣੇ ਦਸਾਂ-ਨਹੁੰਆਂ ਦੀ ਕਿਰਤ ਕਮਾਈ ਕਰਕੇ ਆਪਣੇ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਅਤੇ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਵੀ ਮਦਦ ਕਰਦਾ ਹੈ। ਪਰ ਮਨੁੱਖ ਦੇ ਨਾਲ-ਨਾਲ ਜੀਵ-ਜੰਤੂ, ਪਸ਼ੂ-ਪੰਛੀ ਵੀ ਤੀਲਾ-ਤੀਲਾ ਇਕੱਠਾ ਕਰ ਆਪਣੇ ਬੱਚਿਆਂ ਲਈ ਰੈਣ-ਬਸੇਰਾ ਬਣਾਉਣ ਵਿਚ ਅਤੇ ਧਰਤੀ ਵੀ ਸੂਰਜ ਦੁਆਲੇ ਪਰਿਕਰਮਾ ਕਰਕੇ ਆਪਣੀ ਕਿਰਤ ਵਿਚ ਵਿਚਰਦੀ ਨਜ਼ਰ ਆਉਂਦੀ ਹੈ। ਕਿਰਤ, ਮਿਹਨਤ ਤੇ ਤਰੱਕੀ ਮਨੁੱਖ ਦੀ ਜ਼ਿੰਦਗੀ ਦਾ ਗਹਿਣਾ ਹੁੰਦੇ ਹਨ। ਪਿਛਲੇ ਸਮਿਆਂ ਵੱਲ ਦੇਖਿਆ ਜਾਵੇ ਤਾਂ ਮਿਹਨਤ, ਪੁੰਨ-ਦਾਨ, ਸੇਵਾ, ਕਿਰਤ, ਦਸਵੰਧ, ਦਇਆ, ਸਬਰ-ਸੰਤੋਖ, ਪ੍ਰੇਮ ਤੇ ਨਿਮਰਤਾ ਅਜਿਹੇ ਗੁਣਾਂ ਨਾਲ ਮਨੁੱਖ ਭਰੇ ਪਏ ਹੁੰਦੇ ਸਨ। ਪਰ ਅੱਜ ਸਾਡੀ ਨੌਜਵਾਨ ਪੀੜ੍ਹੀ ਅਜਿਹੇ ਗੁਣਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਜੋ ਵੀ ਅੱਜ ਸਾਨੂੰ ਜ਼ਿੰਦਗੀ ਦੇ ਸੁਖ-ਆਰਾਮ ਲਈ ਸਾਧਨ ਪ੍ਰਾਪਤ ਹੋਏ ਹਨ, ਇਹ ਕੋਈ ਕਿਸੇ ਰਸਤੇ ‘ਚੋਂ ਲੱਭੇ ਹੋਏ ਨਹੀਂ ਮਿਲੇ। ਇਹ ਵੀ ਕਿਸੇ ਨਾ ਕਿਸੇ ਸਨਅਤ ਰਾਹੀਂ ਕਿਰਤੀਆਂ ਦੇ ਹੱਥਾਂ ਵਿਚੋਂ ਲੰਘ ਕੇ ਆਏ ਹਨ। ਇਸ ਕਰਕੇ ਬਾਬਾ ਵਿਸ਼ਵਕਰਮਾ ਨੂੰ ਸ੍ਰਿਸ਼ਟੀ ਨੂੰ ਸ਼ਿੰਗਾਰਨ ਵਾਲੇ ਕਿਹਾ ਗਿਆ ਹੈ। ਇਸ ਸ਼ੁੱਭ ਦਿਹਾੜੇ ‘ਤੇ ਹਰ ਵਰਗ ਦੇ ਲੋਕਾਂ ਵਲੋਂ ਆਪਣੀ ਮਸ਼ੀਨਰੀ ਤੇ ਔਜ਼ਾਰਾਂ ਨੂੰ ਧੂਫ-ਬੱਤੀ ਕਰਕੇ ਆਪਣੇ ਕੰਮ ਕਾਰ ਦੀ ਸਫਲਤਾ ਲਈ ਬਾਬਾ ਵਿਸ਼ਵਕਰਮਾ ਜੀ ਅੱਗੇ ਅਰਦਾਸ ਕੀਤੀ ਜਾਂਦੀ ਹੈ।
ਆਓ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਵਿਹਲੜਪੁਣੇ ਵਰਗੇ ਔਗੁਣਾਂ ਨੂੰ ਤਿਆਗ ਕੇ ਸਮਾਜ ਵਿਚ ਦਇਆ ਭਾਵਨਾ, ਪੁੰਨ-ਦਾਨ, ਹਮਦਰਦੀ ਤੇ ਮਿਹਨਤ ਕਰਨ ਵਾਲੇ ਕਿਰਤੀ ਲੋਕਾਂ ਦਾ ਸਾਥ ਦਈਏ ਤਾਂ ਕਿ ਸਾਡੇ ਬੱਚਿਆਂ ਵਿਚ ਇਹ ਭਾਵਨਾ ਹੋਰ ਮਜ਼ਬੂਤ ਹੋਵੇ। ਇਸ ਤਰ੍ਹਾਂ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇਗੀ।