ਕਿਰਤ, ਕਿਰਤੀ ਤੇ ਕਰਤਾ

ਕਿਰਤ, ਕਿਰਤੀ ਤੇ ਕਰਤਾ

ਡਾ. ਮੋਹਨ ਸਿੰਘ
ਗੁਰਾਂ ਦਾ ਨਾਮ ਕੀ ਹੈ? ਗੁਰਾਂ ਦਾ ਨਾਮ ਇਸ਼ਾਰਾ ਹੈ, ਗਿਆਨ ਹੈ, ਸਿੱਖਿਆ ਹੈ, ਚਾਨਣ ਹੈ, ਮਿਸਾਲ ਹੈ, ਮੋਏ ਲਈ ਸੁਵਾਸ ਹੈ, ਪਿਆਸੇ ਲਈ ਪਾਣੀ ਹੈ, ਭੁੱਖੇ ਲਈ ਅੰਨ ਹੈ, ਹਿਰਦੇ ਦੀ ਠੰਢਕ ਹੈ, ਜੀਵਨ ਦਾਨ ਹੈ। ਅਸੀਂ ਇਕ ਗੱਲ ਆਪਣੇ ਘਰਾਂ ‘ਚ ਆਮ ਸੁਣੀ ਏ ਕਿ ਮਾਪੇ ਜਾਂ ਵਡੇਰੇ ਆਪਣੇ ਬੱਚਿਆਂ ਜਾਂ ਆਪ ਤੋਂ ਨਿੱਕਿਆਂ ਨੂੰ ਕਹਿੰਦੇ ਹੁੰਦੇ ਸਨ ਕਿ ਸਾਡੇ ਨਾਮ ਨੂੰ ਲਾਜ ਨਾ ਲਾਈਂ/ਲਾਇਉ, ਇਸ ਦਾ ਮਤਲਬ ਕਿ ਇਕੱਲਾ ਅੱਖਰੀ ਨਾਮ ਨਹੀਂ, ਨਾਮ ਮਤਲਬ ਹੋਰ ਕੁਝ ਹੈ। ਨਾਮ ਦੋ-ਚਾਰ ਅੱਖਰਾਂ ਦਾ ਸੁਮੇਲ ਨਹੀਂ, ਨਾਮ ਕਿਸੇ ਸਮੂਹਿਕ ਸੰਬੰਧਾਂ ਨੂੰ ਕਹਿੰਦੇ ਹਨ ਜੋ ਅੰਦਰ ਅਤੇ ਬਾਹਰ ਨੂੰ ਬੜੇ ਅਨੁਸ਼ਾਸਨੀ ਅਤੇ ਆਲੌਕਿਕ ਤਰੀਕਿਆਂ ਨਾਲ ਜੋੜ ਕੇ ਰੱਖਦਾ ਹੈ। ਨਾਮ ਆਪਣੇ ਆਪ ‘ਚ ਪੂਰਾ ਬ੍ਰਹਿਮੰਡ ਸਮਾਈ ਬੈਠਾ ਹੁੰਦਾ ਹੈ, ਪੂਰੇ ਬ੍ਰਹਿਮੰਡ ਦਾ ਅਨੁਸ਼ਾਸਨ ਸਮਾਈ ਬੈਠਾ ਹੁੰਦਾ ਹੈ। ਨਾਮ ਮਤਲਬ ਇਕੱਲਾ ਇਹ ਵੀ ਨਹੀਂ ਕਿ ਬਸ ਜ਼ੁਬਾਨ ਨਾਲ ਰਟਨ ਜਾਂ ਲੈਣ ਵਾਲਾ ਨਾਮ, ਨਾਮ ਮਤਲਬ ਇਨ ਬਿਨ ਗੁਰੁ ਦੇ ਹੁਕਮ ਨੂੰ ਜੀਵਨ ‘ਚ ਉਤਾਰ ਲੈਣਾ, ਨਾਮ ਮਤਲਬ ਉਸ ਦੇ ਨਾਮ ਵਰਗਾ ਹੋ ਜਾਣਾ, ਸਾਰੇ ਦਾ ਸਾਰਾ ਨਾਮ ਵਾਲੇ ਵਰਗਾ ਹੋ ਜਾਣਾ, ਉਸ ਦੀ ਛੋਹ ਵਰਗੇ ਹੋ ਜਾਣਾ, ਕਿਸੇ ਬ੍ਰਹਿਮੰਡੀ ਸੰਬੰਧਾਂ ‘ਚ ਇਕ-ਮਿਕ ਹੋ ਜਾਣਾ, ਉਸ ਦਾ ਹੁਕਮ ਮੰਨਣਾ ਅਤੇ ਉਸ ਦੇ ਹੁਕਮ ਵਰਗਾ ਹੋ ਜਾਣਾ। ਇਹ ਵੀ ਸੱਚ ਏ ਕਿ ਉਸ ਦਾ ਨਾਮ ਜ਼ਰੇ-ਜ਼ਰੇ ‘ਚ ਹੈ, ਪਰ ਜ਼ਰਾ-ਜ਼ਰਾ ਉਸ ਦੇ ਨਾਮ ਦਾ ਕਦਰਦਾਨ ਵੀ ਹੈ ਅਤੇ ਕਿਸੇ ਕੌਸਮਿਕ ਅਨੁਸ਼ਾਸਨ ‘ਚ ਵੀ ਹੈ। ਪਰ ਇਸ ਦੇ ਉਲਟ ਮਨੁੱਖ ਦਾ ਨਾਮ ਨੂੰ ਲੈ ਕੇ ਕੋਈ ਵਿਸ਼ਾਲ ਦ੍ਰਿਸ਼ਟੀ ਵਾਲਾ ਰੁਖ ਵੀ ਨਹੀਂ ਅਤੇ ਕਿਸੇ ਅਨੁਸ਼ਾਸਨ ਨੂੰ ਬਰਕਰਾਰ ਵੀ ਨਹੀਂ ਰੱਖ ਰਿਹਾ। ਧਰਤੀ ‘ਚ ਵੰਨ-ਸੁਵੰਨਤਾ ਹੈ, ਧਰਮ ਕੋਈ ਵੀ ਹੋਵੇ ਇੱਥੇ ਆਪਣੇ ਗੁਰੂ/ਮੁਰਸ਼ਦ ਨੂੰ ਪਿਆਰ ਆਪ-ਮੁਹਾਰੇ ਹੁੰਦਾ ਹੈ, ਹਰ ਕੋਈ ਆਪਣੇ ਗੁਰੂ/ਮੁਰਸ਼ਦ ਨੂੰ ਆਪਣੇ ਹੀ ਤਰੀਕਿਆਂ ਨਾਲ ਯਾਦ ਕਰਦਾ ਹੈ, ਪੁਕਾਰਦਾ ਹੈ, ਪੂਜਾ ਕਰਦਾ ਹੈ। ਪਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਗੁਰੂ/ਮੁਰਸ਼ਦ ਦੇ ਹੁਕਮ ਨੂੰ ਮੰਨਣਾ।
ਜੇ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਗੱਲ ਕਰੀਏ, ਗੁਰੂ ਨਾਨਕ ਪਾਤਿਸ਼ਾਹ ਨੇ ਸਾਨੂੰ ਇਕ ਹੁਕਮ ਕੀਤਾ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਇਨ੍ਹਾਂ ਤਿੰਨਾਂ ਗੱਲਾਂ ਨੂੰ ਇਕੱਲਾ-ਇਕੱਲਾ ਕਰਕੇ ਨਹੀਂ ਦੇਖਣਾ, ਪੜ੍ਹਨਾ ਜਾਂ ਸਮਝਣਾ ਚਾਹੀਦਾ, ਇਨ੍ਹਾਂ ਨੂੰ ਸਮੂਹਿਕ ਢਾਂਚੇ ‘ਚ ਹੀ ਦੇਖਣਾ ਚਾਹੀਦਾ ਹੈ, ਸਮੂਹ ‘ਚ ਹੀ ਅਸਲ ਮਤਲਬ ਹੈ। ਇਹ ਗੁਰੂ ਸਾਹਿਬ ਵਲੋਂ ਸਿਰਫ਼ ਅੱਖਰਾਂ ਦਾ ਇਕ ਜੋੜ ਨਹੀਂ, ਇਹ ਜੀਵਨ ਜਾਂਚ ਹੈ, ਇਹ ਗੁਰੂ ਦਾ ਹੁਕਮ ਹੈ, ਸਿਮਰਨ ਹੈ। ਜਦੋਂ ਮਨੁੱਖ ਸੱਚੀ-ਸੁੱਚੀ ਕਿਰਤ ਕਰੇਗਾ ਤਾਂ ਆਪ ਮੁਹਾਰੇ ਕਰਤੇ ਨਾਲ ਜੁੜੇਗਾ, ਉਸ ਨੂੰ ਕਿਰਤ ‘ਚ ਹੀ ਆਪਣਾ ਕਰਤਾ ਨਜ਼ਰ ਆਵੇਗਾ, ਫਿਰ ਉਸ ਦੀ ਕਿਰਤ ਹੀ ਕਰਤਾ ਬਣ ਜਾਵੇਗੀ, ਉਸ ਦੀ ਕਿਰਤ ਹੀ ਉਸ ਦਾ ਨਾਮ ਬਣ ਜਾਵੇਗਾ। ਸੱਚੀ ਕਿਰਤ ਸੱਚੇ ਪਰਵਦਗਾਰ ਦੀ ਕਿਰਤ ਹੈ, ਕਰਤੇ ਦੀ ਕਿਰਤ ਹੈ, ਸੱਚਾ ਕਿਰਤੀ ਦ੍ਰਿਸ਼ਟ ਜਾਂ ਅਦ੍ਰਿਸ਼ਟ ਰੂਪ ‘ਚ ਉਸ ਪਰਵਦਗਾਰ ਦੀ ਵਾਹ-ਵਾਹ ਦਾ ਆਦੀ ਬਣ ਜਾਵੇਗਾ, ਉਸ ਨੂੰ ਕਣ-ਕਣ ‘ਚ ਪਰਵਦਗਾਰ ਦਿਖੇਗਾ, ਗੁਰੂ ਦਿਖੇਗਾ। ਸੱਚੀ ਕਿਰਤ ਭਗਵਾਨ ਦਾ ਨਾਮ ਹੋ ਜਾਵੇਗੀ, ਕਿਰਤ ਸਿਮਰਨ ਇਕ ਹੋ ਜਾਣਗੇ, ਕਿਰਤ ਕਰਤੇ ਦਾ ਰੂਪ ਹੋ ਜਾਵੇਗੀ। ਜਦ ਕਿਰਤ ਅਤੇ ਨਾਮ ‘ਚ ਉਹ ਪਰਪੱਕ ਹੋ ਜਾਵੇਗਾ ਤਾਂ ਉਹ ਨਫ਼ੇ-ਨੁਕਸਾਨ ਤੋਂ ਉਪਰ ਉੱਠ ਜਾਵੇਗਾ, ਉਸ ਕੋਲੋਂ ਕਿਸੇ ਦਾ ਦੁੱਖ, ਕਿਸੇ ਦੀ ਥੁੜ ਦੇਖੀ ਨਹੀ ਜਾਵੇਗੀ, ਫਿਰ ਉਹ ਵੰਡ ਕੇ ਛਕੇਗਾ, ਸਰਬੱਤ ਦਾ ਭਲਾ ਮੰਗੇਗਾ, ਕਿਰਤੀ ਕਰਤਾ ਬਣ ਜਾਵੇਗਾ, ਪਾਲਣਹਾਰ ਬਣ ਜਾਵੇਗਾ ਅਤੇ ਕਿਰਤ, ਕਿਰਤੀ ਤੇ ਕਰਤਾ ਇਕ ਹੋ ਜਾਣਗੇ ਅਤੇ ਇਹ ਸੁਮੇਲ ਸਿਮਰਨ ਹੋ ਜਾਵੇਗਾ, ਜੋ ਧਰਤੀ ਨੂੰ ਜਿਊਂਦਾ ਰੱਖੇਗਾ।