ਕਿਨੌਰ ਦਾ ਸ਼ਿੰਗਾਰ ਸਾਂਗਲਾ ਘਾਟੀ- ਸੈਰ ਸਫ਼ਰ

ਕਿਨੌਰ ਦਾ ਸ਼ਿੰਗਾਰ ਸਾਂਗਲਾ ਘਾਟੀ- ਸੈਰ ਸਫ਼ਰ

ਹਰਜਿੰਦਰ ਅਨੂਪਗੜ੍ਹ

ਹਿਮਾਚਲ ਪ੍ਰਦੇਸ਼ ਦਾ ਸਰਹੱਦੀ ਕਿਨੌਰ ਖੇਤਰ ਅਜਿਹਾ ਖ਼ੂਬਸੂਰਤ ਭੂ-ਭਾਗ ਹੈ ਜਿੱਥੇ ਆ ਕੇ ਮਨੁੱਖ ਕੁਦਰਤ ਦੇ ਰੰਗਾਂ ਵਿੱਚ ਗੁਆਚ ਕੇ ਰਹਿ ਜਾਂਦਾ ਹੈ। ਕਿਨੌਰ ਦੀ ਅਸਲੀ ਸੁੰਦਰਤਾ ਨੂੰ ਮਾਣਨ ਅਤੇ ਇਸ ਦੀ ਪੁਰਾਤਨ ਸੰਸਕ੍ਰਿਤੀ ਨੂੰ ਨੇੜਿਉਂ ਤੱਕਣ ਲਈ ਤੁਹਾਨੂੰ ਦੁਰਾਡੇ ਪਰਬਤਾਂ ਵਿੱਚ ਸਥਿਤ ਸਾਂਗਲਾ ਘਾਟੀ ਜਾਣਾ ਪਵੇਗਾ। ਇਹ ਖ਼ੂਬਸੂਰਤ ਘਾਟੀ ਕਰਛਮ (ਕੜਛਮ) ਤੋਂ ਸ਼ੁਰੂ ਹੁੰਦੀ ਹੈ ਅਤੇ ਛਿਤਕੁਲ ਜਾ ਕੇ ਖ਼ਤਮ ਹੋ ਜਾਂਦੀ ਹੈ। ਛਿਤਕੁਲ ਨਾ ਸਿਰਫ਼ ਇਸ ਘਾਟੀ ਦਾ ਆਖ਼ਰੀ ਪਿੰਡ ਹੈ ਸਗੋਂ ਇਹ ਤਿੱਬਤ ਦੀ ਸਰਹੱਦ ਵੱਲ ਭਾਰਤ ਦਾ ਵੀ ਅੰਤਿਮ ਪਿੰਡ ਹੈ। ਇਸ ਮਨਮੋਹਕ ਘਾਟੀ ਵਿਚਲੇ ਆਸਮਾਨ ਛੂੰਹਦੇ ਪਰਬਤ, ਕਲ਼ ਕਲ਼ ਵਹਿੰਦੇ ਝਰਨੇ, ਬਰਫ਼ਾਂ ਲੱਦੀਆਂ ਪਹਾੜੀ ਚੋਟੀਆਂ, ਮਹਿਕਾਂ ਵੰਡਦੇ ਫੁੱਲ, ਸੇਬ ਤੇ ਚੈਰੀ ਦੇ ਬਾਗ਼, ਕੇਸਰ ਦੀ ਖੁਸ਼ਬੋ ਅਤੇ ਛੋਟੇ ਛੋਟੇ ਲੱਕੜੀ ਦੇ ਘਰ ਕੁਦਰਤ ਪ੍ਰੇਮੀਆਂ ਦੇ ਮਨ ਮਸਤਕ ਵਿੱਚ ਹਮੇਸ਼ਾ ਲਈ ਵਸ ਜਾਂਦੇ ਹਨ। ਕਿੰਨਰ ਕੈਲਾਸ਼ ਪਰਬਤ ਲੜੀ ਦੇ ਪੈਰਾਂ ਵਿੱਚ ਸਥਿਤ ਇਸ ਅਲੌਕਿਕ ਘਾਟੀ ਦੀ ਸ਼ਾਂਤੀ ਸੈਲਾਨੀਆਂ ਨੂੰ ਵਾਰ ਵਾਰ ਆਪਣੇ ਵੱਲ ਖਿੱਚਦੀ ਹੈ। ਕਲ਼ ਕਲ਼ ਵਗਦੀ ਬਸਪਾ ਨਦੀ ਪੂਰੀ ਸਾਂਗਲਾ ਘਾਟੀ ਨੂੰ ਇੱਕ ਸੂਤਰ ’ਚ ਪਰੋਂਦੀ ਹੋਈ ਕਰਛਮ (ਕੜਛਮ) ਵਿਖੇ ਸਤਲੁਜ ਦਰਿਆ ਵਿੱਚ ਆ ਮਿਲਦੀ ਹੈ। ਘਾਟੀ ਦੇ ਜ਼ਿਆਦਾਤਰ ਪਿੰਡ ਬਸਪਾ ਨਦੀ ਕੰਢੇ ਵਸੇ ਹੋਣ ਕਾਰਨ ਇਸ ਨੂੰ ਬਸਪਾ ਘਾਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੁੰਦਰੀ ’ਚ ਜੜੇ ਨਗ ਵਾਂਗ ਬਸਪਾ ਨਦੀ ਘਾਟੀ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਂਦੀ ਹੈ। ਅਸਲ ਵਿੱਚ ਸਾਂਗਲਾ ਇਸ ਪੂਰੀ ਘਾਟੀ ਦਾ ਸਭ ਤੋਂ ਵੱਡਾ ਤੇ ਮਹੱਤਵਪੂਰਨ ਕਸਬਾ ਹੈ। ਇਸੇ ਕਰਕੇ ਇਸ ਨੂੰ ਸਾਂਗਲਾ ਘਾਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਂਗਲਾ ਸਮੁੰਦਰੀ ਤਲ ਤੋਂ ਲਗਭਗ 8600 ਫੁੱਟ ਦੀ ਉੱਚਾਈ ’ਤੇ ਵਸਿਆ ਇੱਕ ਖ਼ੂਬਸੂਰਤ ਛੋਟਾ ਜਿਹਾ ਕਸਬਾ ਹੈ। ਇਹ ਪਹਾੜੀ ਦੀ ਢਲਾਣ ’ਤੇ ਬਸਪਾ ਨਦੀ ਦੇ ਬਿਲਕੁਲ ਕਿਨਾਰੇ ਵਸਿਆ ਹੋਇਆ ਹੈ। ਸਾਂਗਲਾ ਵਿਖੇ ਰਹਿਣ ਲਈ ਹੋਟਲ, ਹੋਮ ਸਟੇਅ ਜਾਂ ਟੈਂਟ ਹਾਊਸ ਆਸਾਨੀ ਨਾਲ ਮਿਲ ਜਾਂਦੇ ਹਨ। ਇਸ ਤੋਂ ਬਿਨਾਂ ਇੱਥੇ ਬੈਂਕ, ਏ.ਟੀ.ਐੱਮ, ਡਾਕਖਾਨਾ, ਰੈਸਤਰਾਂ, ਬਾਰ ਅਤੇ ਕਰਿਆਨੇ ਦੀਆਂ ਦੁਕਾਨਾਂ ਵਰਗੀਆਂ ਸਹੂਲਤਾਂ ਵੀ ਉਪਲੱਬਧ ਹਨ। ਖੇਤਰ ਦਾ ਆਖ਼ਰੀ ਪੈਟਰੋਲ ਪੰਪ ਵੀ ਸਾਂਗਲਾ ਵਿਖੇ ਹੀ ਹੈ। ਇੱਥੇ ਬਸਪਾ ਨਦੀ ਕੰਢੇ ਮੱਛੀ ਫਾਰਮ ਵੀ ਮੌਜੂਦ ਹਨ ਜਿੱਥੋਂ ਟਰਾਊਟ ਮੱਛੀ ਵੀ ਮਿਲਦੀ ਹੈ। ਇੱਥੋਂ ਦੀ ਭੂਮੀ ਅਤੇ ਜਲਵਾਯੂ ਫਲ਼ਾਂ ਦੀ ਖੇਤੀ ਲਈ ਅਨੁਕੂਲ ਹੋਣ ਕਾਰਨ ਇਸ ਘਾਟੀ ਵਿੱਚ ਭਰਪੂਰ ਮਾਤਰਾ ਵਿੱਚ ਫਲ਼ਾਂ ਦਾ ਉਤਪਾਦਨ ਹੁੰਦਾ ਹੈ। ਸੇਬਾਂ ਦੀ ਉੱਤਮ ਕਿਸਮ ਤੋਂ ਬਿਨਾਂ ਇਸ ਖੇਤਰ ’ਚ ਵਧੀਆ ਕਿਸਮ ਦੀ ਖੁਰਮਾਨੀ, ਅੰਗੂਰ, ਬੱਗੂਗੋਸ਼ੇ ਤੇ ਚਿਲਗੋਜ਼ਿਆਂ (ਨਿਉਜ਼ਿਆਂ) ਦੀ ਖੇਤੀ ਵੀ ਹੁੰਦੀ ਹੈ। ਅੰਗੂਰਾਂ ਦੀ ਬਣੀ ਸ਼ਰਾਬ ਇੱਥੇ ਬੜੇ ਚਾਅ ਨਾਲ ਪੀਤੀ ਜਾਂਦੀ ਹੈ। ਸਰਦੀਆਂ ਦੀ ਰੁੱਤੇ ਇੱਥੇ ਖ਼ੂਬ ਬਰਫ਼ਬਾਰੀ ਹੁੰਦੀ ਹੈ। ਅਗਸਤ ਤੋਂ ਅਕਤੂਬਰ ਤੱਕ ਇੱਥੋਂ ਦਾ ਮੌਸਮ ਅਤਿਅੰਤ ਖੁਸ਼ਗਵਾਰ ਹੁੰਦਾ ਹੈ। ਸੰਘਣੇ ਜੰਗਲ, ਰਵਾਇਤੀ ਜੀਵਨ ਢੰਗ, ਕਿਨੌਰੀ ਪਰੰਪਰਾਵਾਂ ਅਤੇ ਸਦਾ ਸਫ਼ੈਦ ਬਰਫ਼ ਨਾਲ ਢਕੀਆਂ ਰਹਿਣ ਵਾਲੀਆਂ ਚੋਟੀਆਂ ਦੀ ਖ਼ੂਬਸੂਰਤੀ ਇਸ ਘਾਟੀ ਨੂੰ ਬਾਕੀ ਥਾਵਾਂ ਨਾਲੋਂ ਅਲੱਗ ਬਣਾਉਂਦੀ ਹੈ। ਇੱਥੇ ਕੇਸਰ ਦੇ ਖੇਤ, ਫਲ਼ਾਂ ਦੇ ਬਗੀਚੇ ਅਤੇ ਥੋੜ੍ਹੀ ਟ੍ਰੈਕਿੰਗ ਕਰਕੇ ਉੱਪਰ ਹਰੀਆਂ ਭਰੀਆਂ ਚਰਾਗਾਹਾਂ ਹਨ ਜਿਨ੍ਹਾਂ ਦੀ ਖ਼ੂਬਸੂਰਤੀ ਸਤੰਬਰ-ਅਕਤੂਬਰ ’ਚ ਪੂਰੇ ਜੋਬਨ ’ਤੇ ਹੁੰਦੀ ਹੈ।

29 ਦਸੰਬਰ ਦੀ ਸਰਦ ਸਵੇਰ ਨੂੰ ਆਪਣੀ ਮੋਟਰ ਸਾਈਕਲ ਯਾਤਰਾ ਦੇ ਛੇਵੇਂ ਦਿਨ ਮੈਂ ਪਹਾੜੀ ਕਸਬੇ ਸਰਾਹਨ ਤੋਂ ਸਾਂਗਲਾ ਘਾਟੀ ਵੱਲ ਚੱਲ ਪਿਆ। ਸਰਾਹਨ ਤੋਂ ਸਾਂਗਲਾ ਜਾਣ ਲਈ ਪਹਿਲਾਂ ਕੌਮੀ ਸ਼ਾਹਰਾਹ 22 ਉੱਤੇ ਸਥਿਤ ਜਿਉਰੀ ਪਿੰਡ ਜਾਣਾ ਪੈਂਦਾ ਹੈ। ਜਿਉਰੀ ਤੋਂ ਅੱਗੇ ਵੀਹ ਕੁ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਮਗਰੋਂ ਅਖੀਰ ਕਿਨੌਰ ਜ਼ਿਲ੍ਹੇ ਦੀ ਹੱਦ ਸ਼ੁਰੂ ਹੋ ਗਈ। ਜ਼ਿਲ੍ਹੇ ਦੀ ਹੱਦ ਉੱਪਰ ‘ਜੀ ਆਇਆਂ ਨੂੰ’ ਕਹਿੰਦਾ ਸਵਾਗਤੀ ਬੋਰਡ ਲੱਗਿਆ ਹੋਇਆ ਹੈ। ਇੱਥੇ ਪਹਾੜ ਨੂੰ ਕੱਟ ਕੇ ਵਿੱਚੋਂ ਛੋਟੀ ਜਿਹੀ ਸੜਕ ਲੰਘਦੀ ਹੈ। ਇਸ ਨੂੰ ਕਿਨੌਰ ਦਾ ਦਰਵਾਜ਼ਾ ਕਹਿੰਦੇ ਹਨ। ਅਗਲਾ ਰਸਤਾ ਸਤਲੁਜ ਦਰਿਆ ਦੇ ਨਾਲ ਨਾਲ ਜਾਂਦਾ ਹੈ। ਥਾਂ ਥਾਂ ਕੁਦਰਤ ਦੇ ਖੁੱਲ੍ਹੇ ਦਰਸ਼ਨ ਹੁੰਦੇ ਹਨ। ਪਹਾੜ ਦੀ ਵੱਖੀ ਨੂੰ ਚੀਰ ਬਣਾਈ ਨੀਮ-ਗੁਫ਼ਾਨੁਮਾ ਸੜਕ ਉੱਤੇ ਸਫ਼ਰ ਕਰਨ ਦਾ ਰੋਮਾਂਚ ਸਫ਼ਰ ਨੂੰ ਹੋਰ ਆਨੰਦਮਈ ਬਣਾ ਦਿੰਦਾ ਹੈ। ਚੌਰਾ, ਨਿਗੁਲਸਰੀ, ਭਾਵਾਨਗਰ, ਨਾਥਪਾ, ਵਾਂਗਤੂ ਅਤੇ ਟਾਪਰੀ ਆਦਿ ਪਿੰਡਾਂ ਵਿੱਚ ਕਿਨੌਰੀ ਪੇਂਡੂ ਜੀਵਨ ਸ਼ੈਲੀ ਦੇ ਦਰਸ਼ਨ ਹੁੰਦੇ ਹਨ। ਸਤਲੁਜ ਤੇ ਬਸਪਾ ਨਦੀ ਦੇ ਸੰਗਮ ਸਥਾਨ ਕਰਛਮ (ਕੜਛਮ) ਤੱਕ ਦਾ ਸਫ਼ਰ ਕੌਮੀ ਸ਼ਾਹਮਾਰਗ 22 ’ਤੇ ਹੀ ਤੈਅ ਕਰਨਾ ਪੈਂਦਾ ਹੈ। ਕਰਛਮ (ਕੜਛਮ) ਤੋਂ ਸੱਜੇ ਹੱਥ ਸਤਲੁਜ ਦਾ ਪੁਲ ਪਾਰ ਕਰਕੇ ਇੱਕ ਤੰਗ ਜਿਹੀ ਸੜਕ ਸਾਂਗਲਾ ਨੂੰ ਜਾਂਦੀ ਹੈ। ਪੁਰਾਣੇ ਸਮਿਆਂ ’ਚ ਇਸੇ ਰਸਤੇ ਭਾਰਤ ਤੋਂ ਤਿੱਬਤ ਨੂੰ ਜਾਇਆ ਜਾਂਦਾ ਸੀ ਜਿਸ ਕਰਕੇ ਇਸ ਨੂੰ ਪੁਰਾਣਾ ਹਿੰਦੋਸਤਾਨ ਤਿੱਬਤ ਮਾਰਗ ਵੀ ਕਿਹਾ ਜਾਂਦਾ ਹੈ। ਕੜਛਮ ਵਿਖੇ ਸਤਲੁਜ ਤੇ ਬਸਪਾ ਦੇ ਪਾਣੀ ਨੂੰ ਬੰਨ੍ਹ ਮਾਰ ਕੇ ਰੋਕਿਆ ਗਿਆ ਹੈ। ਡੈਮ ਦੇ ਪਿੱਛੇ ਪਾਣੀ ਇਕੱਠਾ ਹੋ ਕੇ ਵੱਡੀ ਝੀਲ ਦਾ ਰੂਪ ਧਾਰ ਲੈਂਦਾ ਹੈ। ਤਿੰਨ ਪਾਸਿਓਂ ਉੱਚੇ ਉੱਚੇ ਪਰਬਤਾਂ ਵਿਚਕਾਰ ਘਿਰੀ ਨੀਲੇ ਪਾਣੀ ਦੀ ਝੀਲ ਦਾ ਦ੍ਰਿਸ਼ ਬਹੁਤ ਹੀ ਮਨਮੋਹਕ ਜਾਪਦਾ ਹੈ। ਇੱਥੇ ਬਸਪਾ-॥ ਪਣ ਬਿਜਲੀ ਪਰਿਯੋਜਨਾ ਰਾਹੀਂ 300 ਮੈਗਾਵਾਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਪਣ ਬਿਜਲੀ ਪਰਿਯੋਜਨਾ ਲਈ ਕੁੱਪਾ ਪਿੰਡ ਤੋਂ ਬਸਪਾ ਨਦੀ ਦਾ ਪਾਣੀ ਛੱਡਿਆ ਜਾਂਦਾ ਹੈ।

ਇਸ ਤੋਂ ਅਗਲਾ ਰਾਹ ਸਤਲੁਜ ਦੀ ਬਜਾਏ ਬਸਪਾ ਨਦੀ ਦੇ ਨਾਲ ਨਾਲ ਜਾਂਦਾ ਹੈ। ਸੱਪ ਵਾਂਗਰਾਂ ਵਲ਼ ਖਾਂਦੀ ਸੜਕ ਉੱਪਰ ਹੀ ਉੱਪਰ ਚੜ੍ਹਦੀ ਜਾਂਦੀ ਹੈ। ਕੜਛਮ ਤੋਂ 19 ਕਿਲੋਮੀਟਰ ਦੂਰ ਹੈ ਘਾਟੀ ਦਾ ਮੁੱਖ ਕਸਬਾ ਸਾਂਗਲਾ। ਦਸ ਕੁ ਕਿਲੋਮੀਟਰ ਤੱਕ ਤਾਂ ਸੜਕ ਕਾਫ਼ੀ ਵਧੀਆ ਹੈ ਪਰ ਅੱਗੇ ਦਾ ਰਸਤਾ ਥੋੜ੍ਹਾ ਖਰਾਬ ਹੈ। ਬਰਫ਼ਾਂ ਕੱਜੀਆਂ ਚੋਟੀਆਂ ਦੇ ਸਿਖਰ ਧੁੱਪ ਵਿੱਚ ਸੋਨੇ ਵਾਂਗ ਚਮਕ ਰਹੇ ਸਨ। ਪਹਾੜ ਦੀਆਂ ਢਲਾਣਾਂ ’ਤੇ ਵਸੇ ਪਿੰਡਾਂ ਦੇ ਨਿੱਕੇ ਨਿੱਕੇ ਘਰਾਂ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਤਾਰਾਂ ਉੱਪਰ ਰੰਗ ਬਿਰੰਗੇ ਕੱਪੜੇ ਸੁੱਕਣੇ ਪਾਏ ਹੋਣ। ਬਸਪਾ ਨਦੀ ਦਾ ਸੰਗੀਤ ਇਸ ਖ਼ੂਬਸੂਰਤ ਸਫ਼ਰ ਨੂੰ ਹੋਰ ਵੀ ਰੁਮਾਂਚਿਕ ਬਣਾ ਰਿਹਾ ਸੀ। ਸਾਂਗਲਾ ਤੋਂ ਛੇ ਸੱਤ ਕਿਲੋਮੀਟਰ ਪਹਿਲਾਂ ਕੁੱਪਾ ਨਾਂ ਦੇ ਖ਼ੂਬਸੂਰਤ ਪਿੰਡ ’ਚ ਇੱਕ ਛੋਟੇ ਜਿਹੇ ਢਾਬੇ ਅੱਗੇ ਮੈਂ ਆਪਣਾ ਮੋਟਰ ਸਾਈਕਲ ਰੋਕ ਲਿਆ। ਇੱਥੋਂ ਹੀ ਕੜਛਮ ਵਿਖੇ ਸਥਿਤ ਬਸਪਾ-॥ ਪਣ ਬਿਜਲੀ ਪਰਿਯੋਜਨਾ ਲਈ ਬਸਪਾ ਨਦੀ ਦਾ ਪਾਣੀ ਭੰਡਾਰ ਕਰਕੇ ਅੱਗੇ ਛੱਡਿਆ ਜਾਂਦਾ ਹੈ। ਕਸਬੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਇੱਕ ਖ਼ੂਬਸੂਰਤ ਗੇਟ ਬਣਿਆ ਹੋਇਆ ਹੈ। ਇਸ ਗੇਟ ਉੱਤੇ ਖੜ੍ਹਾ ਸੁਰੱਖਿਆ ਗਾਰਡ ਰਾਹਗੀਰਾਂ ਨੂੰ ਬਸਪਾ ਦੇ ਪੁਲ ਤੋਂ ਪਾਰ ਬਸਪਾ-॥ ਪਣ ਬਿਜਲੀ ਪਰਿਯੋਜਨਾ ਦੇ ਅੰਤਰਗਤ ਬਣੇ ਡੈਮ ਵੱਲ ਜਾਣ ਤੋਂ ਰੋਕਦਾ ਹੈ। ਇੱਥੋਂ ਮੈਂ ਅੱਗੇ ਤੁਰ ਪਿਆ। ਅਸਲ ’ਚ ਸਾਂਗਲਾ ਘਾਟੀ ਦੀ ਬੇਮਿਸਾਲ ਖ਼ੂਬਸੂਰਤੀ ਇਸ ਪਿੰਡ ਤੋਂ ਅੱਗੇ ਹੀ ਸ਼ੁਰੂ ਹੁੰਦੀ ਹੈ। ਬਸਪਾ ਨਦੀ ਦੇ ਸੱਜੇ ਪਾਸੇ ਸਾਂਗਲਾ ਵਾਲੀ ਸੜਕ ਤੋਂ ਕੁੱਪਾ ਪਿੰਡ ਦਾ ਖ਼ੂਬਸੂਰਤ ਦ੍ਰਿਸ਼ ਦੇਖਣ ਵਾਲਾ ਸੀ। ਪਿੰਡ ਤੋਂ ਪਾਰ ਰਾਲਦਾਂਗ ਪਰਬਤ ਦੀਆਂ ਸਫ਼ੈਦ ਚੋਟੀਆਂ ਤੋਂ ਖਿਸਕ ਖਿਸਕ ਨਦੀ ਦੇ ਨਾਲ ਨਾਲ ਹੇਠ ਤੱਕ ਵਿਛੀ ਬਰਫ਼ ਦੀ ਚਾਦਰ ਘਾਟੀ ਦੀ ਸੁੰਦਰਤਾ ਨੂੰ ਆਪਮੁਹਾਰੇ ਬਿਆਨ ਕਰ ਰਹੀ ਸੀ। ਜਿਉਂ ਜਿਉਂ ਮੈਂ ਸਾਂਗਲਾ ਵੱਲ ਵਧ ਰਿਹਾ ਸੀ, ਆਸ-ਪਾਸ ਦੀ ਖ਼ੂਬਸੂਰਤੀ ਹੋਰ ਵਧਦੀ ਜਾ ਰਹੀ ਸੀ। ਬਰਫ਼ ਦੀ ਚਿੱਟੀ ਚਾਦਰ ’ਚ ਵਗਦੀ ਬਸਪਾ ਨਦੀ ਦਾ ਦ੍ਰਿਸ਼ ਦੇਖ ਦੇਖ ਅੱਖਾਂ ਰੱਜ ਨਹੀਂ ਰਹੀਆਂ ਸਨ। ਅਖੀਰ ਦੁਪਹਿਰ ਦੇ ਦੋ ਕੁ ਵਜੇ ਮੈਂ ਸਾਂਗਲਾ ਪਹੁੰਚ ਗਿਆ। ਆਸ-ਪਾਸ ਫੈਲੇ ਸੇਬਾਂ ਦੇ ਬਾਗ਼, ਪੱਤੇ ਝਾੜ ਚੁੱਕੇ ਅਖਰੋਟਾਂ ਦੇ ਰੁੱਖ, ਬਰਫ਼ ਨਾਲ ਢਕੀਆਂ ਘਰਾਂ ਦੀਆਂ ਛੱਤਾਂ ਦਾ ਦ੍ਰਿਸ਼ ਸੁਪਨਮਈ ਸੀ। ਸਰਦੀਆਂ ਵਿੱਚ ਜ਼ਿਆਦਾਤਰ ਹੋਟਲ ਸੈਲਾਨੀਆਂ ਦੀ ਕਮੀ ਕਾਰਨ ਬੰਦ ਕਰ ਦਿੱਤੇ ਜਾਂਦੇ ਹਨ, ਪਰ ਘਰੇਲੂ ਕਮਰੇ ਆਸਾਨੀ ਨਾਲ ਮਿਲ ਜਾਂਦੇ ਹਨ। ਇੱਕ ਹੋਮ ਸਟੇਅ ’ਚ ਕਮਰਾ ਲੈਣ ਮਗਰੋਂ ਮੈਂ ਸਾਂਗਲਾ ਦੀ ਖ਼ੂਬਸੂਰਤੀ ਨੂੰ ਮਾਣਨ ਲਈ ਬਾਹਰ ਚੱਲ ਪਿਆ। ਤੰਗ ਜਿਹੇ ਬਾਜ਼ਾਰ ਵਿੱਚ ਹਰ ਕੋਈ ਕਿਨੌਰੀ ਟੋਪੀ ਪਹਿਨ ਕੇ ਘੁੰਮ ਰਿਹਾ ਸੀ। ਉੱਚੀਆਂ ਨੀਵੀਆਂ ਗਲੀਆਂ ਤੇ ਭੀੜੀਆਂ ਭੀੜੀਆਂ ਦੁਕਾਨਾਂ ਆਧੁਨਿਕ ਸ਼ਾਪਿੰਗ ਮਾਲਾਂ ਨਾਲੋਂ ਕਿਤੇ ਜ਼ਿਆਦਾ ਖ਼ੂਬਸੂਰਤ ਲੱਗ ਰਹੀਆਂ ਸਨ। ਇੱਕ ਤੰਗ ਗਲੀ ’ਚ ਤੁਰਦਾ ਤੁਰਦਾ ਮੈਂ ਬਸਪਾ ਨਦੀ ਕੋਲ ਪਹੁੰਚ ਗਿਆ। ਨਦੀ ਕਿਨਾਰੇ ਛੋਟੇ ਛੋਟੇ ਲੱਕੜੀ ਦੇ ਘਰ ਬਰਫ਼ ਨਾਲ ਢੱਕੇ ਹੋਏ ਸਨ। ਚਾਰੇ ਪਾਸੇ ਪਸਰੀ ਸ਼ਾਂਤੀ ਨੂੰ ਸਿਰਫ਼ ਬਸਪਾ ਦਾ ਸ਼ੋਰ ਹੀ ਭੰਗ ਕਰ ਰਿਹਾ ਸੀ। ਅਤਿ ਦੀ ਸਰਦੀ ਕਾਰਨ ਫਲ਼ਾਂ ਦੇ ਰੁੱਖਾਂ ਦੇ ਪੱਤੇ ਝੜੇ ਹੋਏ ਸਨ ਤੇ ਚਰਾਗਾਹਾਂ ਵੀ ਸੁੱਕ ਚੱਲੀਆਂ ਸਨ। ਸਾਂਗਲਾ ਦਾ ਬੇਰਿੰਗ ਨਾਗ ਮੰਦਿਰ ਭਵਨ ਨਿਰਮਾਣ ਕਲਾ ਦਾ ਬੇਹੱਦ ਸੁੰਦਰ ਨਮੂਨਾ ਹੈ। ਇਸ ਤੋਂ ਇਲਾਵਾ ਇੱਥੋਂ ਦਾ ਬੋਧੀ ਮੱਠ ਵੀ ਦੇਖਣ ਯੋਗ ਹੈ। ਉਂਝ ਤਾਂ ਸਾਰਾ ਸਾਲ ਹੀ ਘਾਟੀ ’ਚ ਤਿਉਹਾਰਾਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ, ਪਰ ਇੱਥੋਂ ਦਾ ਮੁੱਖ ਤਿਉਹਾਰ ਫੂਲੈਚ ਹੈ ਜੋ ਫੁੱਲਾਂ ਦੇ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇੱਥੋਂ ਦੀ ਆਰਥਿਕਤਾ ਮੁੱਖ ਰੂਪ ’ਚ ਫਲ਼ਾਂ ਦੇ ਉਤਪਾਦਨ ’ਤੇ ਨਿਰਭਰ ਕਰਦੀ ਹੈ। ਇਸ ਤੋਂ ਇਲਾਵਾ ਖੇਤੀਬਾੜੀ, ਪਸ਼ੂ ਪਾਲਣ ਤੇ ਸੈਰ ਸਪਾਟਾ ਵੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਹਨ।

ਸਾਂਗਲਾ ਤੋਂ ਉੱਪਰ ਦੋ ਕੁ ਕਿਲੋਮੀਟਰ ਜਾ ਕੇ ਮਨਮੋਹਕ ਤੇ ਇਤਿਹਾਸਕ ਪਿੰਡ ਕਾਮਰੂ ਵਸਿਆ ਹੋਇਆ ਹੈ। ਇਹ ਪਿੰਡ ਸ਼ਾਨਦਾਰ ਪਹਾੜੀ ਦ੍ਰਿਸ਼ਾਂ ਤੇ ਪੰਜ ਮੰਜ਼ਿਲੇ ਇਤਿਹਾਸਕ ਕਿਲ੍ਹੇ ਕਾਰਨ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਅਗਲੀ ਸਵੇਰ ਮੈਂ ਕਾਮਰੂ ਪਿੰਡ ਦੀ ਖ਼ੂਬਸੂਰਤੀ ਦੇਖਣ ਲਈ ਪੈਦਲ ਚੱਲ ਪਿਆ। ਇੱਥੋਂ ਦਾ ਪੰਜ ਮੰਜ਼ਿਲਾ ਕਿਲ੍ਹਾ ਕਾਮਰੂ ਫੋਰਟ ਕਲਾ ਦਾ ਬੇਮਿਸਾਲ ਨਮੂਨਾ ਹੈ ਜੋ ਪਿੰਡ ਦੀ ਸਭ ਤੋਂ ਉੱਚੀ ਥਾਂ ਉੱਤੇ ਸੁਸ਼ੋਭਿਤ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਪੁਰਾਤਨ ਕਿਲ੍ਹਿਆਂ ਵਿੱਚੋਂ ਇੱਕ ਹੈ। ਸਥਾਨਕ ਮਾਨਤਾਵਾਂ ਅਨੁਸਾਰ ਇਸ ਕਿਲ੍ਹੇ ਦਾ ਨਿਰਮਾਣ ਹਜ਼ਾਰਾਂ ਸਾਲ ਪਹਿਲਾਂ ਭਗਵਾਨ ਬੱਦਰੀਨਾਥ ਦੁਆਰਾ ਕਰਵਾਇਆ ਗਿਆ ਸੀ। ਕਿਲ੍ਹੇ ਦੇ ਨਾਲ ਸਥਿਤ ਬੱਦਰੀ ਵਿਸ਼ਾਲ ਮੰਦਿਰ ਭਗਵਾਨ ਬੱਦਰੀਨਾਥ ਨੂੰ ਸਮਰਪਿਤ ਹੈ। ਇਹ ਪਿੰਡ ਕਾਫ਼ੀ ਉੱਚੀ ਪਹਾੜੀ ਦੀ ਢਲਾਣ ’ਤੇ ਵਸਿਆ ਹੋਇਆ ਹੈ। ਦੂਰੋਂ ਦੇਖਣ ’ਤੇ ਜਾਪਦਾ ਹੈ ਜਿਵੇਂ ਪਿੰਡ ਦੇ ਸਾਰੇ ਘਰ ਇੱਕ ਪੌੜੀ ਉੱਤੇ ਚਿਣ ਕੇ ਰੱਖ ਦਿੱਤੇ ਹੋਣ ਅਤੇ ਸਭ ਤੋਂ ਅਖੀਰਲੀ ਪੌੜੀ ’ਤੇ ਕਾਮਰੂ ਫੋਰਟ ਰੱਖ ਦਿੱਤਾ ਹੋਵੇ। ਇੱਕ ਤੋਂ ਬਾਅਦ ਇੱਕ ਕਰਕੇ ਸਾਰੇ ਘਰ ਉੱਚੇ ਹੁੰਦੇ ਜਾਂਦੇ ਹਨ ਅਤੇ ਅਖੀਰ ਸਭ ਤੋਂ ਉੱਚੀ ਇਮਾਰਤ ਕਿਲ੍ਹੇ ਦੀ ਹੈ। ਕਾਮਰੂ ਦਾ ਕਿਲ੍ਹਾ ਦੂਰ ਤੋਂ ਇੱਕ ਮੀਨਾਰ ਵਾਂਗ ਦਿਖਾਈ ਦਿੰਦਾ ਹੈ। ਇਸ ਦੀ ਉੱਪਰਲੀ ਮੰਜ਼ਿਲ ’ਤੇ ਲੱਕੜ ਦੀ ਸ਼ਾਨਦਾਰ ਬਾਲਕੋਨੀ ਇਸ ਨੂੰ ਹੋਰ ਵੀ ਸੁੰਦਰਤਾ ਪ੍ਰਦਾਨ ਕਰਦੀ ਹੈ। ਕਿਲ੍ਹੇ ਦੇ ਮੁੱਖ ਗੇਟ ’ਤੇ ਮਹਾਤਮਾ ਬੁੱਧ ਦਾ ਵਿਲੱਖਣ ਚਿੱਤਰ ਇਸ ਨੂੰ ਹੋਰ ਆਕਰਸ਼ਕ ਬਣਾਉਂਦਾ ਹੈ। ਤੀਸਰੀ ਮੰਜ਼ਿਲ ’ਤੇ ਕਮਾਖਿਆ ਦੇਵੀ ਦੀ ਤਸਵੀਰ ਸੁਸ਼ੋਭਿਤ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਵਿਸੇਸ਼ ਤੌਰ ’ਤੇ ਆਸਾਮ ਦੇ ਮੁੱਖ ਕਾਮਾਖਿਆ ਮੰਦਿਰ ਤੋਂ ਲਿਆਂਦੀ ਗਈ ਸੀ। ਕਾਮਾਖਿਆ ਦੇਵੀ ਨੂੰ ਕਾਮਰੂਪ ਕਾਮਾਖਿਆ ਵੀ ਕਿਹਾ ਜਾਂਦਾ ਹੈ। ਹੋ ਸਕਦਾ ਹੈ ਕਿ ਇਸ ਪਿੰਡ ਦਾ ਨਾਮ ਕਾਮਰੂ ਵੀ ਕਾਮਰੂਪ ਕਾਮਾਖਿਆ ਤੋਂ ਹੀ ਲਿਆ ਗਿਆ ਹੋਵੇ ਜੋ ਕਾਮਰੂਪ ਤੋਂ ਵਿਗੜ ਕੇ ਹੌਲੀ ਹੌਲੀ ਕਾਮਰੂ ਬਣ ਗਿਆ ਹੋਵੇ। ਪੁਰਾਤਨ ਸਮਿਆਂ ਵਿੱਚ ਕਾਮਰੂ ਵਿਖੇ ਬੁਸ਼ਹਿਰ ਰਿਆਸਤ ਦੀ ਰਾਜਧਾਨੀ ਹੋਇਆ ਕਰਦੀ ਸੀ। ਬਾਅਦ ਵਿੱਚ ਬੁਸ਼ਹਿਰ ਰਿਆਸਤ ਦੀ ਰਾਜਧਾਨੀ ਸਰਾਹਨ ਬਣ ਗਿਆ ਤੇ ਫਿਰ ਰਾਮਪੁਰ। ਕਾਮਰੂ ਵਿਖੇ ਨਰਾਇਣ ਮੰਦਿਰ ਤੇ ਬੋਧੀ ਮੱਠ ਵੀ ਦੇਖਣਯੋਗ ਹਨ। ਇਸ ਪਿੰਡ ਤੋਂ ਸਾਂਗਲਾ ਘਾਟੀ ਦਾ ਬਹੁਤ ਹੀ ਰਮਣੀਕ ਨਜ਼ਾਰਾ ਤੱਕਣ ਨੂੰ ਮਿਲਦਾ ਹੈ। ਸਾਂਗਲਾ ਦੇ ਪਿਛਲੇ ਪਾਸੇ ਬਰਫ਼ ਨਾਲ ਲੱਦੀਆਂ ਚੋਟੀਆਂ ਦਾ ਮਨਮੋਹਕ ਦ੍ਰਿਸ਼ ਮੇਰੇ ਮਨ ਮਸਤਕ ਅੰਦਰ ਸਦਾ ਲਈ ਵਸ ਗਿਆ। ਹੁਣ ਅਗਲੇ ਸਫ਼ਰ ’ਤੇ ਚੱਲਣ ਦਾ ਵੇਲਾ ਸੀ। ਸੋ ਆਪਣਾ ਸਾਮਾਨ ਬੰਨ੍ਹ ਕੇ ਮੈਂ ਸਾਂਗਲਾ ਘਾਟੀ ਦੇ ਪਿੰਡ ਛਿਤਕੁਲ ਵੱਲ ਜਾਣ ਲਈ ਤਿਆਰ ਹੋ ਗਿਆ।