‘ਕਾਲੇ ਧਨ ਨੂੰ ਸਫੈਦ’ ਕਰਨ ਵਾਲੀਆਂ ਕੰਪਨੀਆਂ ’ਤੇ ਵਿਜੀਲੈਂਸ ਦਾ ਸ਼ਿਕੰਜਾ

‘ਕਾਲੇ ਧਨ ਨੂੰ ਸਫੈਦ’ ਕਰਨ ਵਾਲੀਆਂ ਕੰਪਨੀਆਂ ’ਤੇ ਵਿਜੀਲੈਂਸ ਦਾ ਸ਼ਿਕੰਜਾ

ਸਿਆਸਤਦਾਨਾਂ ਤੇ ਅਧਿਕਾਰੀਆਂ ਵੱਲੋਂ ਰੀਅਲ ਅਸਟੇਟ ਕੰਪਨੀਆਂ ਵਿੱਚ ‘ਗੁਪਤ ਨਿਵੇਸ਼’ ਦੇ ਤੱਥ ਸਾਹਮਣੇ ਆਏ
ਚੰਡੀਗੜ੍ਹ-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੇਨਾਮੀ ਜਾਂ ਕਾਨੂੰਨੀ ਵਾਰਿਸਾਂ ਦੇ ਨਾਮ ’ਤੇ ਜਾਇਦਾਦ ਬਣਾਉਣ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ ਸ਼ਨਾਖਤ ਦੇ ਨਾਲ-ਨਾਲ ਬਿਲਡਰਾਂ ਤੇ ਰੀਅਲ ਅਸਟੇਟ ਕੰਪਨੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਘੇ ਇੱਕ ਸਾਲ ਤੋਂ ਸਿਆਸਤਦਾਨਾਂ ਅਤੇ ਅਫ਼ਸਰਾਂ ਖਿਲਾਫ਼ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲਿਆਂ ਦੀ ਤਫ਼ਤੀਸ਼ ਦੌਰਾਨ ਅਫ਼ਸਰਾਂ ਤੇ ਸਿਆਸਤਦਾਨਾਂ ਵੱਲੋਂ ਆਪਣੇ ਧੀਆਂ ਪੁੱਤਾਂ ਤੇ ਜੀਵਨ ਸਾਥੀਆਂ ਦੇ ਨਾਮ ’ਤੇ ਰੀਅਲ ਅਸਟੇਟ ਕੰਪਨੀਆਂ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕਰਨ ਦੇ ਤੱਥ ਸਾਹਮਣੇ ਆਏ ਹਨ। ਵਿਜੀਲੈਂਸ ਦੀ ਤਫ਼ਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਅਫ਼ਸਰਾਂ ਤੇ ਸਿਆਸਤਦਾਨਾਂ ਦੇ ਧੀਆਂ ਪੁੱਤ ਬਾਲਗ ਹੁੰਦਿਆਂ ਹੀ ਸਾਲਾਨਾ ਮੋਟੀ ਕਮਾਈ ਕਰਨ ਲੱਗ ਜਾਂਦੇ ਹਨ ਤੇ ਪਤਨੀਆਂ ਦੇ ਨਾਮ ’ਤੇ ਵੀ ਸਾਲਾਨਾ ਆਮਦਨ ਦਾ ਮੋਟਾ ਗੱਫਾ ਆਉਂਦਾ ਹੈ।

ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਿਰੀਸ਼ ਵਰਮਾ ਦੇ ਇੱਕ ਸਾਥੀ ਕਾਲੋਨਾਈਜ਼ਰ ਆਸ਼ੂ ਗੋਇਲ ਨੂੰ ਇਸ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕ ਇਹ ਵਿਅਕਤੀ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਦੌਲਤ ਬਣਾਉਣ ਵਿੱਚ ਮਦਦ ਕਰਨ ਤੇ ਨਾਜਾਇਜ਼ ਪੈਸੇ ਨੂੰ ਨਿਵੇਸ਼ ਕਰਾਉਣ ਦਾ ਦੋਸ਼ੀ ਹੈ। ਵਿਜੀਲੈਂਸ ਮੁਤਾਬਕ ਆਸ਼ੂ ਗੋਇਲ, ਗੌਰਵ ਗੁਪਤਾ ਅਤੇ ਵਿਕਾਸ ਵਰਮਾ ਨੇ ਦੋ ਫਰਮਾਂ, ਮੈਸਰਜ਼ ਬਾਲਾ ਜੀ ਇਨਫਰਾ ਬਿਲਡਟੈਕ, ਖਰੜ ਅਤੇ ਮੈਸਰਜ਼ ਬਾਲਾ ਜੀ ਡਿਵੈਲਪਰ ਕੁਰਾਲੀ ਦੀ ਸਥਾਪਨਾ ਕੀਤੀ। ਇਨ੍ਹਾਂ ਵਿਅਕਤੀਆਂ ਨੇ ਦੋਵਾਂ ਫਰਮਾਂ ਦੇ ਅਧੀਨ ਕਲੋਨੀਆਂ ਵਿਕਸਿਤ ਕੀਤੀਆਂ ਅਤੇ ਈਓ ਗਿਰੀਸ਼ ਵਰਮਾ ਨੇ ਆਪਣੇ ਪੁੱਤਰ ਰਾਹੀਂ ਇਨ੍ਹਾਂ ਫਰਮਾਂ ਵਿੱਚ ਗੈਰਕਾਨੂੰਨੀ ਤੌਰ ’ਤੇ ਕਮਾਇਆ ਨਾਜਾਇਜ਼ ਪੈਸਾ ਸਹੀ ਦਰਸਾਉਣ (ਵ੍ਹਾਈਟ ਮਨੀ) ਲਈ ਨਿਵੇਸ਼ ਕੀਤਾ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿ ਇਸ ਮਾਮਲੇ ਦੀ ਹੋਰ ਜਾਂਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਸ਼ੱਕੀ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਵਿਜੀਲੈਂਸ ਵੱਲੋਂ ਗਿਰੀਸ਼ ਵਰਮਾ, ਉਸ ਦੀ ਪਤਨੀ ਸੰਗੀਤਾ ਸ਼ਰਮਾ ਤੇ ਉਸ ਦੇ ਪੁੱਤਰ ਵਿਕਾਸ ਵਰਮਾ ਦੇ ਖਿਲਾਫ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਵਰਮਾ ਦੇ ਪਰਿਵਾਰਕ ਮੈਂਬਰਾਂ ਸਮੇਤ ਦੋਸਤਾਂ ਦੇ ਖਿਲਾਫ਼ ਵੀ ਕਾਰਵਾਈ ਦੀ ਲੰਮੀ ਸੂਚੀ ਤਿਆਰ ਕੀਤੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਗਿਰੀਸ਼ ਵਰਮਾ ਵੱਲੋਂ ਆਪਣੀ ਤਾਇਨਾਤੀ ਲਈ ਸਿਆਸਤਦਾਨਾਂ ਅਤੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੂੰ ਮਹੀਨਾਵਾਰ ਪੈਸੇ ਦਿੱਤੇ ਜਾਂਦੇ ਸਨ ਜਿਸ ਦੀ ਜਾਂਚ ਚੱਲ ਰਹੀ ਹੈ।

ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਸੂਬੇ ਦੇ ਇੱਕ ਸੇਵਾ ਮੁਕਤ ਅਧਿਕਾਰੀ ਵੱਲੋਂ ਮੁਹਾਲੀ ਦੀ ਇੱਕ ਵੱਡੀ ਰੀਅਲ ਅਸਟੇਟ ਕੰਪਨੀ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਅਧਿਕਾਰੀ ਤੋਂ ਸਮੁੱਚੀ ਜਾਣਕਾਰੀ ਦੀ ਮੰਗ ਕੀਤੀ ਜਾ ਰਹੀ ਹੈ।