ਕਾਂਗਰਸ ਵੱਲੋਂ ਮੁਹਾਲੀ ਵਿਜੀਲੈਂਸ ਭਵਨ ਅੱਗੇ ਪ੍ਰਦਰਸ਼ਨ

ਕਾਂਗਰਸ ਵੱਲੋਂ ਮੁਹਾਲੀ ਵਿਜੀਲੈਂਸ ਭਵਨ ਅੱਗੇ ਪ੍ਰਦਰਸ਼ਨ

ਵਿਜੀਲੈਂਸ ਤੋਂ ਦਬਕੇ ਮਰਵਾ ਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਨਾ ਕਰੇ ‘ਆਪ’ ਸਰਕਾਰ: ਰਾਜਾ ਵੜਿੰਗ

ਐਸਏਐਸ ਨਗਰ (ਮੁਹਾਲੀ)- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਕਾਰਨ ਹੁਣ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਵੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਏ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਅੱਜ ਇੱਥੋਂ ਦੇ ਸੈਕਟਰ-68 ਸਥਿਤ ਵਿਜੀਲੈਂਸ ਭਵਨ ਦੇ ਬਾਹਰ ਪਾਰਟੀ ਆਗੂਆਂ ਤੇ ਵਰਕਰਾਂ ਨੇ ਹੱਲਾ ਬੋਲ ਪ੍ਰਦਰਸ਼ਨ ਕੀਤਾ। ਇਸ ਮੌਕੇ ਹੁਕਮਰਾਨਾਂ ’ਤੇ ਸਿਆਸੀ ਬਦਲਾਖੋਰੀ ਤਹਿਤ ਝੂਠੇ ਕੇਸਾਂ ਵਿੱਚ ਫ਼ਸਾਉਣ ਦੇ ਦੋਸ਼ ਲਾਏ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਿਵੇਂ ਹੀ ਰਾਜਾ ਵੜਿੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਵਿਜੀਲੈਂਸ ਭਵਨ ਪਹੁੰਚੇ ਤਾਂ ਸੁਰੱਖਿਆ ਕਰਮੀਆਂ ਨੇ ਦੋਵੇਂ ਮੁੱਖ ਗੇਟ ਭੇੜ ਲਏ ਤੇ ਕਿਸੇ ਵੀ ਕਾਂਗਰਸੀ ਨੂੰ ਅੰਦਰ ਨਹੀਂ ਜਾਣ ਦਿੱਤਾ। ਇਸ ਮਗਰੋਂ ਕਾਂਗਰਸੀ ਆਗੂਆਂ ਨੇ ਵਿਜੀਲੈਂਸ ਭਵਨ ਦੇ ਬਾਹਰ ਹੀ ਧਰਨਾ ਲਾ ਕੇ ਸਰਕਾਰ ਤੇ ਵਿਜੀਲੈਂਸ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ, ‘ਆਪ ਸਰਕਾਰ ਸਾਨੂੰ ਵਿਜੀਲੈਂਸ ਤੋਂ ਦਬਕੇ ਮਰਵਾ ਕੇ ਡਰਾਉਣ ਦੀ ਬਿਲਕੁਲ ਵੀ ਕੋਸ਼ਿਸ਼ ਨਾ ਕਰੇ।’ ਉਨ੍ਹਾਂ ਕਿਹਾ, ‘ਸਾਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ ਤੇ ਜਦੋਂ ਤੱਕ ਅਦਾਲਤ ਕਿਸੇ ਆਗੂ ਨੂੰ ਦੋਸ਼ੀ ਨਹੀਂ ਠਹਿਰਾਉਂਦੀ ਉਦੋਂ ਤੱਕ ਉਹ ਬੇਗੁਨਾਹ ਹਨ।’ ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਆਪਣਾ ਕੰਮ ਕਰੇ ਤਾਂ ਉਹ ਕਿਸੇ ਵੀ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਰਾਜਾ ਵੜਿੰਗ ਨੇ ਕਿਹਾ ਕਿ ਅੱਜ ਸੀਨੀਅਰ ਆਗੂ ਵਿਜੀਲੈਂਸ ਅਧਿਕਾਰੀਆਂ ਨੂੰ ਮਿਲ ਕੇ ਮੰਗ ਪੱਤਰ ਦੇਣ ਆਏ ਸੀ, ਪਰ ਉਨ੍ਹਾਂ ਨੂੰ ਮਿਲ ਕੇ ਉਨ੍ਹਾਂ ਦਾ ਪੱਖ ਸੁਣਨ ਦੀ ਥਾਂ ਅਧਿਕਾਰੀਆਂ ਨੇ ਤਾਂ ਬੂਹੇ ਹੀ ਬੰਦ ਕਰ ਲਏ।

ਸ੍ਰੀ ਵੜਿੰਗ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸੱਚੀ ਬਣਨ ਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਵਿਜੈ ਸਿੰਗਲਾ ਨੂੰ ਫੜ ਲਿਆ ਤੇ ਮਗਰੋਂ ਜ਼ਮਾਨਤ ’ਤੇ ਰਿਹਾਅ ਵੀ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਡਰਾਮਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣਾਂ ਜਿੱਤਣ ਲਈ ਕੀਤਾ ਗਿਆ ਹੈ। ਉਨ੍ਹਾਂ ਵਿਜੀਲੈਂਸ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ, ‘ਸਾਨੂੰ ਪੈਂਤੀ ਨਾ ਪੜ੍ਹਾਓ, ਅਸੀਂ ਸਾਰੇ ਪੜ੍ਹੇ ਲਿਖੇ ਹਾਂ।’

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਉਸ ਖ਼ਿਲਾਫ਼ ਵਿਜੀਲੈਂਸ ਜਾਂਚ ਅਤੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾਮਜ਼ਦ ਕਰਨ ਬਾਰੇ ਮੀਡੀਆ ’ਚ ਖ਼ਬਰਾਂ ਪ੍ਰਕਾਸ਼ਿਤ ਕਰਵਾ ਕੇ ਸੂਬਾ ਸਰਕਾਰ ਉਨ੍ਹਾਂ ਨੂੰ ਬਦਨਾਮ ਅਤੇ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਖ਼ੁਦ ਚੱਲ ਕੇ ਵਿਜੀਲੈਂਸ ਦਫ਼ਤਰ ਪਹੁੰਚੇ ਹਨ, ਜੇ ਉਹ ਦੋਸ਼ੀ ਹਨ ਤਾਂ ਹੁਣ ਵਿਜੀਲੈਂਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਵੇ।

ਅਖੀਰ ਤੱਕ ਜਦੋਂ ਵਿਜੀਲੈਂਸ ਨੇ ਕਾਂਗਰਸੀ ਵਫ਼ਦ ਕੋਲੋਂ ਮੰਗ ਪੱਤਰ ਨਹੀਂ ਲਿਆ ਤਾਂ ਉਹ ਜਾਂਦੇ ਹੋਏ ਮੁਹਾਲੀ ਦੇ ਐੱਸਪੀ ਸਿਟੀ ਨੂੰ ਮੰਗ ਪੱਤਰ ਫੜਾ ਕੇ ਚਲੇ ਗਏ। ਇਸ ਮੌਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਹਰਦਿਆਲ ਸਿੰਘ ਕੰਬੋਜ ਸਮੇਤ ਹੋਰ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ।

ਟਰਾਂਸਪੋਰਟ ਠੇਕੇਦਾਰਾਂ ਵੱਲੋਂ ਵਿਜੀਲੈਂਸ ਦੇ ਹੱਕ ਵਿੱਚ ਮੁਜ਼ਾਹਰਾ
ਐਸ.ਏ.ਐਸ. ਨਗਰ: ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਲੇਬਰ ਅਤੇ ਟਰਾਂਸਪੋਟੇਸ਼ਨ ਦਾ ਕੰਮ ਕਰਦੇ ਪ੍ਰਾਈਵੇਟ ਠੇਕੇਦਾਰਾਂ ਨੇ ਅੱਜ ਵਿਜੀਲੈਂਸ ਭਵਨ ਦੇ ਬਾਹਰ ਸਾਬਕਾ ਫੂਡ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦਿਆਂ ਵਿਜੀਲੈਂਸ ਦੀ ਕਾਰਵਾਈ ਨੂੰ ਬਿਲਕੁਲ ਜਾਇਜ਼ ਦੱਸਿਆ ਹੈ। ਸੰਘਰਸ਼ ਕਮੇਟੀ ਦੇ ਆਗੂ ਗੁਰਪ੍ਰੀਤ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਵਿਜੀਲੈਂਸ ਦੀ ਕਾਰਵਾਈ ਵਿੱਚ ਵਿਘਨ ਪਾਉਣ ਅਤੇ ਪ੍ਰਾਈਵੇਟ ਠੇਕੇਦਾਰਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਦਾ ਅੱਜ ਵਿਜੀਲੈਂਸ ਭਵਨ ਦੇ ਬਾਹਰ ਪ੍ਰਦਰਸ਼ਨ ਕਰਨ ਦਾ ਮੰਤਵ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਕਰੀਬ 5 ਹਜ਼ਾਰ ਠੇਕੇਦਾਰ ਕੰਮ ਕਰਦੇ ਹਨ ਪ੍ਰੰਤੂ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਤਤਕਾਲੀ ਫੂਡ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਉੱਚ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਸਿਰਫ਼ 25-30 ਠੇਕੇਦਾਰਾਂ ਦੀ ਚੋਣ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਮੰਤਰੀ ਨੇ ਕਮਿਸ਼ਨ ਲੈ ਕੇ ਮੰਡੀਆਂ ਵਿੱਚ ਢੋਆ-ਢੁਆਈ ਦੇ ਕੰਮ ਦੇ ਟੈਂਡਰ ਅਲਾਟ ਕੀਤੇ ਗਏ ਸਨ। ਇਸ ਸਮੁੱਚੀ ਘਪਲੇਬਾਜ਼ੀ ਵਿੱਚ ਵਿਭਾਗ ਦੇ ਉੱਚ ਅਧਿਕਾਰੀ ਰਾਕੇਸ਼ ਸਿੰਗਲਾ ਦੀ ਕਥਿਤ ਮਿਲੀਭੁਗਤ ਰਹੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਇਹ ਕਾਰਵਾਈ ਬਿਲਕੁਲ ਦਰੁਸਤ ਅਤੇ ਤੱਥਾਂ ’ਤੇ ਆਧਾਰਿਤ ਹੈ। ਉੱਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹ ਠੇਕੇਦਾਰ ਸੂਬਾ ਸਰਕਾਰ ਦੇ ਪਿੱਠੂ ਬਣ ਕੇ ਵਿਰੋਧ ਪ੍ਰਦਰਸ਼ਨ ’ਤੇ ਉਤਾਰੂ ਹੋਏ ਹਨ। ਇਨ੍ਹਾਂ ਦਾ ਮੁੱਖ ਮੰਤਵ ਵਿਜੀਲੈਂਸ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਦੌਰਾਨ ਖਲਲ ਪਾਉਣਾ ਸੀ।