ਕਾਂਗਰਸ ਪ੍ਰਧਾਨ ਦੀ ਚੋਣ ਲਈ 96 ਫੀਸਦ ਵੋਟਿੰਗ

ਕਾਂਗਰਸ ਪ੍ਰਧਾਨ ਦੀ ਚੋਣ ਲਈ 96 ਫੀਸਦ ਵੋਟਿੰਗ

ਪਾਰਟੀ ਨੂੰ 24 ਸਾਲ ਮਗਰੋਂ ਮਿਲੇਗਾ ਗਾਂਧੀ ਪਰਿਵਾਰ ਤੋਂ ਬਾਹਰਲਾ ਪ੍ਰਧਾਨ

ਨਵੀਂ ਦਿੱਲੀ – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਕਈ ਹੋਰ ਸੀਨੀਅਰ ਆਗੂਆਂ ਸਮੇਤ 9500 ਤੋਂ ਵੱਧ ਕਾਂਗਰਸ ਡੈਲੀਗੇਟਾਂ ਨੇ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਅੱਜ ਵੋਟਾਂ ਪਾਈਆਂ। ਇਸ ਚੋਣ ਨਾਲ 24 ਸਾਲ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਨੂੰ ਗਾਂਧੀ ਪਰਿਵਾਰ ਤੋਂ ਬਾਹਰੋਂ ਕੋਈ ਪ੍ਰਧਾਨ ਮਿਲੇਗਾ। ਇਸ ਚੋਣ ਲਈ ਪਾਰਟੀ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਤੇ ਸ਼ਸ਼ੀ ਥਰੂਰ ਮੈਦਾਨ ਵਿੱਚ ਹਨ।

ਕਾਂਗਰਸ ਦੇ ਕੇਂਦਰੀ ਚੋਣ ਅਥਾਰਿਟੀ ਦੇ ਪ੍ਰਧਾਨ ਮਧੂਸੂਦਨ ਮਿਸਤਰੀ ਨੇ ਦੱਸਿਆ ਕਿ ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀਸੀਸੀ) ਦੇ ਕੁੱਲ 9915 ਡੈਲੀਗੇਟਾਂ ’ਚੋਂ 9500 ਤੋਂ ਵੱਧ ਡੈਲੀਗੇਟਾਂ ਨੇ ਪੀਸੀਸੀ ਦੇ ਦਫ਼ਤਰਾਂ ਤੇ ਪਾਰਟੀ ਦੇ ਦਿੱਲੀ ਵਿਚਲੇ ਹੈੱਡਕੁਆਰਟਰ ’ਚ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਤਕਰੀਬਨ 96 ਫੀਸਦ ਵੋਟਿੰਗ ਹੋਈ ਹੈ ਪਰ ਪੂਰੇ ਅੰਕੜੇ ਆਉਣ ਮਗਰੋਂ ਇਸ ’ਚ ਕੁਝ ਤਬਦੀਲੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੀਸੀਸੀ ਦੇ ਦਫ਼ਤਰਾਂ ਤੋਂ ਸਾਰੇ ਬੈਲੇਟ ਬਕਸੇ ਦਿੱਲੀ ਪਹੁੰਚਣ ਮਗਰੋਂ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨ ਦਿੱਤੇ ਜਾਣਗੇ। ਜ਼ਿਕਰਯੋਗ ਹੈ ਗਾਂਧੀ ਪਰਿਵਾਰ ਦੇ ਕਰੀਬੀ ਅਤੇ ਕਈ ਹੋਰ ਸੀਨੀਅਰ ਆਗੂਆਂ ਦੀ ਹਮਾਇਤ ਕਾਰਨ ਖੜਗੇ ਦੀ ਦਾਅਵੇਦਾਰੀ ਮਜ਼ਬੂਤ ਮੰਨੀ ਜਾ ਰਹੀ ਹੈ। ਸੋਨੀਆ ਗਾਂਧੀ, ਮਨਮੋਹਨ ਸਿੰਘ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਾਂਗਰਸ ਦੇ ਹੈੱਡਕੁਆਰਟਰ ਪਹੁੰਚ ਕੇ ਵੋਟ ਪਾਈ। ਰਾਹੁਲ ਗਾਂਧੀ ਨੇ ਕਰਨਾਟਕ ਦੇ ਬੇਲਾਰੀ ’ਚ ‘ਭਾਰਤ ਜੋੜੋ ਯਾਤਰਾ’ ਨਾਲ ਸਬੰਧਤ ਕੈਂਪ ’ਚ ਬਣੇ ਵੋਟਿੰਗ ਕੇਂਦਰ ’ਤੇ ਵੋਟ ਪਾਈ। ਵੋਟਿੰਗ ਤੋਂ ਪਹਿਲਾਂ ਇੱਥੇ ਪਾਰਟੀ ਹੈੱਡਕੁਆਰਟਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ, ‘ਮੈਂ ਇਸ ਦਿਨ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੀ ਸੀ।’ ਵੋਟਿੰਗ ਪ੍ਰਕਿਰਿਆ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮਿਸਤਰੀ ਨੇ ਦੱਸਿਆ ਕਿ ਕਿਤੋਂ ਕੋਈ ਸ਼ਿਕਾਇਤ ਨਹੀਂ ਆਈ ਤੇ ਪੂਰੀ ਪ੍ਰਕਿਰਿਆ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਰਹੀ ਹੈ। ਉਨ੍ਹਾਂ ਕਿਹਾ ਕਿ ਵੋਟਿੰਗ ਪੂਰੀ ਤਰ੍ਹਾਂ ਗੁਪਤ ਰਹੀ ਹੈ ਤੇ ਇਸ ਦਾ ਪਤਾ ਨਹੀਂ ਲਾਇਆ ਜਾ ਸਕਦਾ ਕਿ ਕਿਸੇ ਨੇ ਕਿਸ ਨੂੰ ਵੋਟ ਪਾਈ ਹੈ। ਕਾਂਗਰਸ ਹੈੱਡਕੁਆਰਟਰ ’ਚ ਵੋਟਿੰਗ ਮਗਰੋਂ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਇਹ ਇਤਿਹਾਸਕ ਮੌਕਾ ਹੈ। ਸਾਡੇ ਇੱਥੇ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਹੋਈ ਹੈ।’ ਵੋਟਿੰਗ ਤੋਂ ਬਾਅਦ ਥਰੂਰ ਨੇ ਸਾਰੇ ਡੇਲੀਗੇਟਾਂ ਤੇ ਆਪਣੇ ਹਮਾਇਤੀਆਂ ਦਾ ਧੰਨਵਾਦ ਕੀਤਾ। ਵੋਟਾਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਦੋਵਾਂ ਉਮੀਦਵਾਰਾਂ ਨੇ ਇੱਕ-ਦੂਜੇ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਥਰੂਰ ਨੇ ਟਵੀਟ ਕੀਤਾ, ‘ਮਲਿਕਾਰਜੁਨ ਖੜਗੇ ਨੇ ਅੱਜ ਸਵੇਰੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਪ੍ਰਤੀ ਸਨਮਾਨ ਤੇ ਕਾਂਗਰਸ ਦੀ ਕਾਮਯਾਬੀ ਪ੍ਰਤੀ ਦੋਵਾਂ ਨੇ ਸਾਂਝੇ ਤੌਰ ’ਤੇ ਸਮਰਪਣ ਜ਼ਾਹਿਰ ਕੀਤਾ।’ ਖੜਗੇ ਨੇ ਟਵੀਟ ਕੀਤਾ, ‘ਸ਼ਸ਼ੀ ਥਰੂਰ ਜੀ ਨੂੰ ਮੇਰੀਆਂ ਸ਼ੁਭ ਕਾਮਨਾਵਾਂ। ਅੱਜ ਉਨ੍ਹਾਂ ਨਾਲ ਗੱਲ ਹੋਈ। ਅਸੀਂ ਦੋਵੇਂ ਕਾਂਗਰਸ ਦੀ ਮਜ਼ਬੂਤੀ ਲਈ ਲੜ ਰਹੇ ਹਾਂ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਪਹਿਲਾਂ ਤੋਂ ਮਜ਼ਬੂਤ ਤੇ ਬਿਹਤਰ ਰਾਸ਼ਟਰ ਦਾ ਨਿਰਮਾਣ ਕੀਤਾ ਜਾ ਸਕੇ।’