ਕਾਂਗਰਸ ਨੇ ਰਾਜਸਥਾਨ ਨੂੰ ਭ੍ਰਿਸ਼ਟਾਚਾਰ ਤੇ ਅਪਰਾਧ ’ਚ ਮੋਹਰੀ ਬਣਾਇਆ: ਮੋਦੀ

ਕਾਂਗਰਸ ਨੇ ਰਾਜਸਥਾਨ ਨੂੰ ਭ੍ਰਿਸ਼ਟਾਚਾਰ ਤੇ ਅਪਰਾਧ ’ਚ ਮੋਹਰੀ ਬਣਾਇਆ: ਮੋਦੀ

ਪ੍ਰਧਾਨ ਮੰਤਰੀ ਤੇ ਭਾਜਪਾ ਪ੍ਰਧਾਨ ਵੱਲੋਂ ਚੋਣ ਰੈਲੀਆਂ; ਚੋਣਾਂ ਮਗਰੋਂ ਰਾਜਸਥਾਨ ’ਚੋਂ ਕਾਂਗਰਸ ਦਾ ਸਫਾਇਆ ਹੋਣ ਦਾ ਦਾਅਵਾ
ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਰਾਜਸਥਾਨ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਸੂਬੇ ਨੂੰ ਭ੍ਰਿਸ਼ਟਾਚਾਰ, ਦੰਗਿਆਂ ਤੇ ਅਪਰਾਧ ਵਿੱਚ ਮੋਹਰੀ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਾਂਗਰਸ ਹੋਵੇਗੀ ਉੱਥੇ ਭ੍ਰਿਸ਼ਟਾਚਾਰ ਹੋਵੇਗਾ ਅਤੇ ਜਿੱਥੇ ਵੀ ਭਾਜਪਾ ਹੋਵੇਗੀ, ਉੱਥੇ ਵਿਕਾਸ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰਤਪੁਰ ’ਚ ਪਾਰਟੀ ਦੀ ‘ਵਿਜੈ ਸੰਕਲਪ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ, ‘ਕਾਂਗਰਸ ਜਿੱਥੇ ਜਿੱਥੇ ਆਉਂਦੀ ਹੈ, ਉੱਥੇ-ਉੱਥੇ ਅਤਿਵਾਦੀ, ਅਪਰਾਧੀ ਤੇ ਦੰਗਈ ਬੇਲਗਾਮ ਹੋ ਜਾਂਦੇ ਹਨ। ਕਾਂਗਰਸ ਲਈ ਤੁਸ਼ਟੀਕਰਨ ਹੀ ਸਭ ਕੁਝ ਹੈ ਅਤੇ ਕਾਂਗਰਸ ਇਸ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।’ ਉਨ੍ਹਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਲੋਕਾਂ ਨੇ ਜਾਦੂਗਰ ਨੂੰ ਵੋਟ ਨਾ ਪਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਨ੍ਹਾਂ ਚੋਣਾਂ ਮਗਰੋਂ ਕਾਂਗਰਸ ਦਾ ਸੂਬੇ ’ਚੋਂ ਸਫਾਇਆ ਹੋ ਜਾਵੇਗਾ। ਉਨ੍ਹਾਂ ਕਿਹਾ, ‘3 ਦਸੰਬਰ ਨੂੰ ਕਾਂਗਰਸ ਛੂ ਮੰਤਰ ਹੋ ਜਾਵੇਗੀ।’ ਜ਼ਿਕਰਯੋਗ ਹੈ ਕਿ ਰਾਜਸਥਾਨ ਵਿਧਾਨ ਸਭਾ ਲਈ 25 ਨਵੰਬਰ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ, ‘ਇੱਕ ਪਾਸੇ ਤਾਂ ਭਾਰਤ ਦੁਨੀਆ ’ਚ ਇੱਕ ਆਗੂ ਵਜੋਂ ਉਭਰ ਰਿਹਾ ਹੈ ਤੇ ਦੂਜੇ ਪਾਸੇ ਰਾਜਸਥਾਨ ’ਚ ਲੰਘੇ ਪੰਜ ਸਾਲਾਂ ਅੰਦਰ ਕੀ ਹੋਇਆ, ਇਸ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਕਾਂਗਰਸ ਨੇ ਰਾਜਸਥਾਨ ਨੂੰ ਭ੍ਰਿਸ਼ਟਾਚਾਰ, ਦੰਗਿਆਂ ਤੇ ਅਪਰਾਧ ਵਿੱਚ ਮੋਹਰੀ ਬਣਾ ਦਿੱਤਾ ਹੈ। ਇਸ ਲਈ ਰਾਜਸਥਾਨ ਕਹਿ ਰਿਹਾ ਹੈ ਕਿ ਜਾਦੂਗਰ ਜੀ, ਤੁਹਾਨੂੰ ਕੋਈ ਵੋਟ ਨਹੀਂ ਮਿਲੇਗੀ।’ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਮਹਿਲਾਵਾਂ ਤੇ ਦਲਿਤਾਂ ਖ਼ਿਲਾਫ਼ ਅਪਰਾਧ ਵਧੇ ਹਨ।

ਦੂਜੇ ਪਾਸੇ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਜੋਧਪੁਰ ਦੇ ਪੀਪਾੜ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਜਬਰ ਜਨਾਹ ਦੇ ਮਾਮਲਿਆਂ ’ਚ ਰਾਜਸਥਾਨ ਪਹਿਲੇ ਸਥਾਨ ’ਤੇ ਹੈ। ਉਨ੍ਹਾਂ ਕਿਹਾ, ‘ਜਿੱਥੇ ਕਾਂਗਰਸ ਦਾ ਨਾਂ ਹੋਵੇਗਾ ਉੱਥੇ ਪਰਿਵਾਰਵਾਦ ਹੋਵੇਗਾ। ਜਿੱਥੇ ਭਾਜਪਾ ਹੋਵੇਗੀ ਉੱਥੇ ਹੀ ਵਿਕਾਸ ਹੋਵੇਗਾ।’ ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗੌਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਆਗੂਆਂ ਨੇ ਸਿਰਫ਼ ਚੋਣਾਂ ’ਚ ਦਿਖਾਵੇ ਲਈ ਹੱਥ ਮਿਲਾਏ ਹਨ।