ਕਾਂਗਰਸ ਨੇ ਪੰਜਾਬ ’ਚ ਚਾਰ ਉਮੀਦਵਾਰ ਐਲਾਨੇ

ਕਾਂਗਰਸ ਨੇ ਪੰਜਾਬ ’ਚ ਚਾਰ ਉਮੀਦਵਾਰ ਐਲਾਨੇ

ਰਾਜਾ ਵੜਿੰਗ ਨੂੰ ਲੁਧਿਆਣਾ ਤੇ ਸੁਖਜਿੰਦਰ ਰੰਧਾਵਾ ਨੂੰ ਗੁਰਦਾਸਪੁਰ ਤੋਂ ਮੈਦਾਨ ’ਚ ਉਤਾਰਿਆ

ਚੰਡੀਗੜ੍ਹ- ਕੇਂਦਰੀ ਚੋਣ ਕਮੇਟੀ ਨੇ ਅੱਜ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ ਚਾਰ ਹੋਰ ਸੀਟਾਂ ’ਤੇ ਉਮੀਦਵਾਰ ਐਲਾਨ ਦਿੱਤੇ ਹਨ ਜਦੋਂ ਕਿ ਫ਼ਿਰੋਜ਼ਪੁਰ ਸੀਟ ਲਈ ਪੇਚ ਫਸ ਗਿਆ ਹੈ। ਕਾਂਗਰਸ ਦੀ ਇਸ ਤੀਜੀ ਸੂਚੀ ਅਨੁਸਾਰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਹਲਕੇ ਤੋਂ ਉਮੀਦਵਾਰ ਹੋਣਗੇ ਜਦੋਂ ਕਿ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ਨੂੰ ਉਤਾਰਿਆ ਗਿਆ ਹੈ। ਕਾਂਗਰਸ ਪਾਰਟੀ ਨੇ ਹੁਣ ਤੱਕ ਇੱਕ ਹਿੰਦੂ ਵਰਗ ’ਚੋਂ ਉਮੀਦਵਾਰੀ ਦਿੱਤੀ ਹੈ ਜਦੋਂ ਕਿ ਦੋ ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ।

ਤੀਜੀ ਸੂਚੀ ’ਚੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਨਾਮ ਗ਼ਾਇਬ ਹੋਣ ਨੂੰ ਸਿਆਸੀ ਹਲਕੇ ਹੈਰਾਨੀ ਨਾਲ ਦੇਖ ਰਹੇ ਹਨ। ਰਾਣਾ ਗੁਰਜੀਤ ਸਿੰਘ ਇੱਕ ਵਾਰ ਤਾਂ ਆਪਣੇ ਪਰਿਵਾਰ ਤਰਫ਼ੋਂ ਦੋ ਸੀਟਾਂ ਤੋਂ ਵੀ ਚੋਣ ਲੜਨ ਦੀ ਸਮਰੱਥਾ ਦਿਖਾ ਚੁੱਕੇ ਸਨ। ਮਗਰੋਂ ਉਨ੍ਹਾਂ ਨੇ ਆਪਣੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦੀ ਇੱਛਾ ਜ਼ਾਹਿਰ ਕੀਤੀ ਸੀ। ਉਨ੍ਹਾਂ ਦੇ ਪਰਿਵਾਰ ’ਚੋਂ ਆਨੰਦਪੁਰ ਸਾਹਿਬ ਜਾਂ ਖਡੂਰ ਸਾਹਿਬ ਹਲਕੇ ਤੋਂ ਇੱਕ ਟਿਕਟ ਮਿਲਣੀ ਤੈਅ ਦੱਸੀ ਜਾ ਰਹੀ ਸੀ ਪ੍ਰੰਤੂ ਐਨ ਆਖ਼ਰੀ ਮੌਕੇ ’ਤੇ ਉਨ੍ਹਾਂ ਨੂੰ ਉਮੀਦਵਾਰੀ ਦੀ ਦੌੜ ’ਚੋਂ ਆਊਟ ਕਰ ਦਿੱਤਾ ਗਿਆ ਹੈ।

ਕਾਂਗਰਸ ਪਾਰਟੀ ਅੱਠ ਹਲਕਿਆਂ ਤੋਂ ਪਹਿਲਾਂ ਹੀ ਉਮੀਦਵਾਰ ਐਲਾਨ ਚੁੱਕੀ ਹੈ ਜਿਨ੍ਹਾਂ ਵਿਚ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਬਠਿੰਡਾ ਤੋਂ ਜੀਤਮਹਿੰਦਰ ਸਿੰਘ ਸਿੱਧੂ, ਫ਼ਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ, ਫ਼ਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਅਤੇ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਸ਼ਾਮਲ ਹਨ। ਚਾਰ ਉਮੀਦਵਾਰਾਂ ਦਾ ਐਲਾਨ ਅੱਜ ਕੀਤਾ ਗਿਆ ਹੈ। ਹੁਣ ਸਿਰਫ਼ ਫ਼ਿਰੋਜ਼ਪੁਰ ਦੀ ਸੀਟ ਬਾਕੀ ਬਚੀ ਹੈ ਜਿੱਥੇ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਨਾਮ ਚੱਲ ਰਿਹਾ ਹੈ।

ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਮੀਦਵਾਰ ਐਲਾਨ ਦਿੱਤੇ ਸਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਲੰਘੇ ਕੱਲ੍ਹ ਆਪਣਾ ਆਖ਼ਰੀ ਉਮੀਦਵਾਰ ਐਲਾਨ ਦਿੱਤਾ। ਕਾਂਗਰਸ ਪਾਰਟੀ ਵੀ 12 ਉਮੀਦਵਾਰ ਐਲਾਨ ਚੁੱਕੀ ਹੈ ਅਤੇ ਭਾਜਪਾ ਇਸ ਮਾਮਲੇ ਵਿਚ ਪੱਛੜ ਗਈ ਹੈ। ਕਾਂਗਰਸ ਨੇ ਵੱਡੇ ਚਿਹਰੇ ਹੁਣ ਮੈਦਾਨ ਵਿਚ ਉਤਾਰੇ ਹਨ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਰਵਨੀਤ ਬਿੱਟੂ ਦੇ ਖ਼ਿਲਾਫ਼ ਉਤਾਰਿਆ ਗਿਆ ਹੈ। 2019 ਵਿਚ ਰਾਜਾ ਵੜਿੰਗ ਨੇ ਬਠਿੰਡਾ ਹਲਕੇ ਤੋਂ ਚੋਣ ਲੜੀ ਸੀ ਪ੍ਰੰਤੂ ਹਾਰ ਗਏ ਸਨ। ਐਤਕੀਂ ਬਠਿੰਡਾ ਤੋਂ ਉਨ੍ਹਾਂ ਦੀ ਧਰਮ-ਪਤਨੀ ਅੰਮ੍ਰਿਤਾ ਵੜਿੰਗ ਦਾਅਵੇਦਾਰ ਸੀ।

ਚਰਚੇ ਛਿੜੇ ਰਹੇ ਕਿ ਵੜਿੰਗ ਨੇ ਬਠਿੰਡਾ ਤੋਂ ਕਾਂਗਰਸ ਵੱਲੋਂ ਕਮਜ਼ੋਰ ਉਮੀਦਵਾਰ ਉਤਾਰਿਆ ਹੈ। ਸਾਬਕਾ ਮੰਤਰੀ ਅਤੇ ਚਾਰ ਵਾਰ ਵਿਧਾਇਕ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਾਰਟੀ ਨੇ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਹੈ। ਰੰਧਾਵਾ ਰਾਜਸਥਾਨ ਵਿਚ ਕਾਂਗਰਸ ਮਾਮਲਿਆਂ ਦੇ ਇੰਚਾਰਜ ਸਨ ਅਤੇ ਚੰਨੀ ਸਰਕਾਰ ਵਿਚ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ। ਖਡੂਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਖ਼ੁਦ ਹੀ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਸੀ। ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਹੈ।

ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਮੈਦਾਨ ਵਿਚ ਉਤਾਰੇ ਗਏ ਹਨ ਜੋ ਪਹਿਲਾਂ ਸਾਬਕਾ ਮੰਤਰੀ ਰਹਿ ਚੁੱਕੇ ਹਨ ਅਤੇ ਸਾਬਕਾ ਸੰਸਦ ਮੈਂਬਰ ਵੀ ਹਨ। ਉਹ ਹਲਕੇ ਤੋਂ ਬਾਹਰਲੇ ਉਮੀਦਵਾਰ ਹਨ।
ਨੌਂ ਹਲਕਿਆਂ ’ਚ ਸਥਿਤੀ ਹੋਈ ਸਪੱਸ਼ਟ

ਪੰਜਾਬ ਦੇ ਨੌਂ ਲੋਕ ਸਭਾ ਹਲਕਿਆਂ ਤੋਂ ਪ੍ਰਮੁੱਖ ਚਾਰ ਪਾਰਟੀਆਂ ਨੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ ਜਦੋਂ ਕਿ ਚਾਰ ਹਲਕਿਆਂ ਤੋਂ ਭਾਜਪਾ ਨੇ ਹਾਲੇ ਉਮੀਦਵਾਰ ਨਹੀਂ ਉਤਾਰੇ ਅਤੇ ਫ਼ਿਰੋਜ਼ਪੁਰ ਹਲਕੇ ਤੋਂ ਕਾਂਗਰਸ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਹਲਕਿਆਂ ਤੋਂ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ। ਭਾਜਪਾ ਨੇ ਹਲਕਾ ਫ਼ਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਸੰਗਰੂਰ ਅਤੇ ਫ਼ਿਰੋਜ਼ਪੁਰ ਦੀ ਸੀਟ ਤੋਂ ਉਮੀਦਵਾਰ ਨਹੀਂ ਐਲਾਨੇ। ਚਰਚਾ ਹੈ ਕਿ ਰਮਿੰਦਰ ਆਂਵਲਾ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨੂੰ ਭਾਜਪਾ ਫ਼ਿਰੋਜ਼ਪੁਰ ਤੋਂ ਉਮੀਦਵਾਰ ਐਲਾਨ ਸਕਦੀ ਹੈ।