ਕਾਂਗਰਸ ਨੂੰ ‘ਸੰਜੀਦਾ ਅੰਤਰਝਾਤ’ ਦੀ ਲੋੜ: ਭਾਜਪਾ

ਕਾਂਗਰਸ ਨੂੰ ‘ਸੰਜੀਦਾ ਅੰਤਰਝਾਤ’ ਦੀ ਲੋੜ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਰਵਾਇਤੀ ਵਿਰੋਧੀ ਕਾਂਗਰਸ ਨੂੰ ‘ਸੰਜੀਦਾ ਅੰਤਰਝਾਤ’ ਦੀ ਸਲਾਹ ਦਿੱਤੀ ਹੈ। ਭਾਜਪਾ ਨੇ ਕਿਹਾ ਕਿ ਕਾਂਗਰਸ ਉਹੀ ਗੱਲ ਕਰੇ, ਜੋ ਸਿਆਸੀ ਤੇ ਕਾਨੂੰਨੀ ਪ੍ਰਬੰਧ ਵਿੱਚ ਸਵੀਕਾਰਯੋਗ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਕਾਂਗਰਸ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰੀ ਖਾਰਜ ਕੀਤੇ ਜਾਣ ਤੇ ਅਡਾਨੀ ਮਸਲੇ ’ਤੇ ਦੇਸ਼ਵਿਆਪੀ ਅੰਦੋਲਨ ਵਿੱਢਿਆ ਹੋਇਆ ਹੈ। ਪੁਰੀ ਨੇ ਕਿਹਾ, ‘‘ਉਨ੍ਹਾਂ ਨੂੰ ਸੱਚਮੁੱਚ ਸੰਜੀਦਾ ਅੰਤਰਝਾਤ ਦੀ ਲੋੜ ਹੈ। ਤੁਹਾਨੂੰ ਮਰਿਯਾਦਾ ਦੀ ਹੱਦ ਬਾਰੇ ਪਤਾ ਹੈ, ਸਿਆਸੀ ਤੇ ਕਾਨੂੰਨੀ ਪ੍ਰਬੰਧ ਵਿੱਚ ਕੀ ਸਵੀਕਾਰਯੋਗ ਹੈ। ਉਸ (ਰਾਹੁਲ ਗਾਂਧੀ) ਨੂੰ ਕੋਰਟ ਨੇ ਸਜ਼ਾ ਦਿੱਤੀ ਹੈ। ਮਗਰੋਂ ਕੁਝ ਸਵੈਚਾਲਿਤ ਪ੍ਰਕਿਰਿਆਵਾਂ ਹੁੰਦੀਆਂ ਹਨ। ਅਤੇ ਮਗਰੋਂ ਅਜਿਹੇ ਜਜ਼ਬਾਤੀ ਬਿਆਨ? ਮੇਰਾ ਮਤਲਬ ਹੈ ਕਿ ਉਹ ਜੋ ਹਨ, ਭਾਰਤ ਦੇ ਲੋਕ ਉਨ੍ਹਾਂ ਨੂੰ ਉਸੇ ਤਰ੍ਹਾਂ ਜੱਜ ਕਰਨਗੇ।’’ ਇਥੇ ਸੰਸਦੀ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਰੀ ਨੇ ਕਿਹਾ, ‘‘ਇਕ ਦਿਨ ਪਹਿਲਾਂ ਉਸ (ਗਾਂਧੀ ਨੇ) ਕਿਹਾ ਸੀ ਕਿ ‘ਮੈਂ ਮੁਆਫ਼ੀ ਨਹੀਂ ਮੰਗਾਂਗਾ ਕਿਉਂਕਿ ਮੈਂ ਸਾਵਰਕਰ ਨਹੀਂ ਹਾਂ।’ ਕੀ ਤੁਹਾਨੂੰ ਸਾਵਰਕਰ ਜੀ ਵਰਗੇ ਲੋਕਾਂ ਦੇ ਯੋਗਦਾਨ ਬਾਰੇ ਪਤਾ ਹੈ?’’ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਤਾਂ ਆਪਣੇ ਸੁਪਨਿਆਂ ਵਿੱਚ ‘ਵੀਰ ਸਾਵਰਕਰ’ ਨਹੀਂ ਹੋ ਸਕਦੇ ਕਿਉਂ ਜੋ ਅਜ਼ਾਦੀ ਘੁਲਾਟੀਆ ਕਦੇ ਵੀ ਮਹੀਨਿਆਂਬੱਧੀ ਵਿਦੇਸ਼ ਵਿੱਚ ਨਹੀਂ ਰਿਹਾ ਤੇ ਨਾ ਹੀ ਉਨ੍ਹਾਂ ਆਪਣੇ ਹੀ ਮੁਲਕ ਖਿਲਾਫ਼ ਵਿਦੇਸ਼ੀਆਂ ਤੋਂ ਮਦਦ ਮੰਗੀ। ਕੇਂਦਰੀ ਮੰਤਰੀ ਜੀ.ਕਿਸ਼ਨ ਰੈੱਡੀ ਨੇ ਕਿਹਾ ਕਿ ਕਾਂਗਰਸ ਆਗੂ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੀ ਕਹਿੰਦੇ ਹਨ।