ਕਾਂਗਰਸ ਨੂੰ ਗੁਜਰਾਤ ’ਚ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ: ਮੋਦੀ

ਕਾਂਗਰਸ ਨੂੰ ਗੁਜਰਾਤ ’ਚ ਵੋਟਾਂ ਮੰਗਣ ਦਾ ਕੋਈ ਹੱਕ ਨਹੀਂ: ਮੋਦੀ

ਮੇਧਾ ਪਾਟੇਕਰ ਦੇ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਾਮਲ ਹੋਣ ਦੇ ਮੁੱਦੇ ’ਤੇ ਕਾਂਗਰਸ ਨੂੰ ਘੇਰਿਆ
ਧੋਰਾਜੀ/ਅਮਰੇਲੀ/ਬਟੋਡ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ’ਚ ਵੱਖ ਵੱਖ ਥਾਵਾਂ ’ਤੇ ਚੋਣ ਰੈਲੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਨਰਮਦਾ ਬਚਾਓ ਅੰਦੋਲਨ ਦੀ ਕਾਰਕੁਨ ਮੇਧਾ ਪਾਟੇਕਰ ਦੇ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਾਮਲ ਹੋਣ ਦੇ ਮੁੱਦੇ ’ਤੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਤੇ ਕਿਹਾ ਕਿ ਕਾਂਗਰਸ ਨੂੰ ਨੈਤਿਕਤਾ ਦੇ ਆਧਾਰ ’ਤੇ ਗੁਜਰਾਤ ਦੇ ਲੋਕਾਂ ਤੋਂ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਗੁਜਰਾਤ ਦੇ ਲੋਕਾਂ ਨੂੰ ਕਿਹਾ ਕਿ ਕਾਂਗਰਸ ਕੋਲ ਵਿਕਾਸ ਦਾ ਕੋਈ ਰੋਡ ਮੈਪ ਨਹੀਂ ਹੈ। ਇਸ ਲਈ ਉਸ ਨੂੰ ਵੋਟ ਨਾ ਪਾਈ ਜਾਵੇ। ਉਨ੍ਹਾਂ ਹੋਰਨਾਂ ਪਾਰਟੀਆਂ ਨੂੰ ਵਿਕਾਸ ਦੇ ਮੁੱਦੇ ’ਤੇ ਗੱਲ ਕਰਨ ’ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਧਾਰੋਜੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸਵਾਲ ਕੀਤਾ ਕਿ ਕਾਂਗਰਸ ਕਿਸ ਨੈਤਿਕ ਆਧਾਰ ’ਤੇ ਗੁਜਰਾਤ ’ਚ ਵੋਟਾਂ ਮੰਗ ਰਹੀ ਹੈ ਜਦੋਂ ਉਸ ਦੇ ਨੇਤਾ ਦੀ ‘ਭਾਰਤ ਜੋੜੋ ਯਾਤਰਾ’ ’ਚ ਉਹ ਮਹਿਲਾ ਸ਼ਾਮਲ ਹੈ ਜਿਸ ਨੇ ਤਿੰਨ ਦਹਾਕੇ ਤੱਕ ਨਰਮਦਾ ਬੰਨ੍ਹ ਪ੍ਰਾਜੈਕਟ ’ਚ ਅੜਿੱਕੇ ਪਾਏ ਸੀ। ਉਨ੍ਹਾਂ ਕਿਹਾ ਕਿ ਨਰਮਦਾ ਨਦੀ ’ਤੇ ਸਰਦਾਰ ਸਰੋਵਰ ਬੰਨ੍ਹ ਬਣਾਉਣ ਦੇ ਪ੍ਰਾਜੈਕਟ ’ਚ ਇਸ ਲਈ ਦੇਰੀ ਹੋਈ ਕਿ ਕਈ ਲੋਕਾਂ ਨੇ ਇਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ‘ਕੱਛ ਤੇ ਕਾਠੀਆਵਾੜ (ਸੌਰਾਸ਼ਟਰ ਖੇਤਰ) ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਨਰਮਦਾ ਪ੍ਰਾਜੈਕਟ ਹੀ ਇੱਕੋ-ਇੱਕ ਹੱਲ ਸੀ। ਤੁਸੀਂ ਕੱਲ੍ਹ ਦੇਖਿਆ ਹੋਵੇਗਾ ਕਿ ਕਿਵੇਂ ਕਾਂਗਰਸ ਦੇ ਇੱਕ ਆਗੂ ਉਸ ਮਹਿਲਾ ਨਾਲ ਪੈਦਲ ਯਾਤਰਾ ਕਰ ਰਹੇ ਸੀ ਜੋ ਸਰਦਾਰ ਸਰੋਵਰ ਬੰਨ੍ਹ ਵਿਰੋਧੀ ਕਾਰਕੁਨ ਸੀ। ਉਸ ਨੇ ਤੇ ਹੋਰ ਲੋਕਾਂ ਨੇ ਕਾਨੂੰਨੀ ਅੜਿੱਕੇ ਪੈਦਾ ਕਰਕੇ ਤਿੰਨ ਦਹਾਕਿਆਂ ਤੱਕ ਪ੍ਰਾਜੈਕਟ ਰੁਕਵਾ ਦਿੱਤਾ ਸੀ।’ ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਨੂੰ ਵੋਟਾਂ ਨਾ ਪਾਉਣ ਕਿਉਂਕਿ ਉਸ ਕੋਲ ਵਿਕਾਸ ਲਈ ਕੋਈ ਖਾਕਾ ਨਹੀਂ ਹੈ। ਉਨ੍ਹਾਂ ਵੋਟਰਾਂ ਨੂੰ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਅਮਰੇਲੀ ਸ਼ਹਿਰ ’ਚ ਰੈਲੀ ਦੌਰਾਨ ਵਿਰੋਧੀ ਧਿਰ ’ਤੇ ਸੂਬੇ ਲਈ ਕੁਝ ਵੀ ਚੰਗਾ ਨਾ ਕਰਨ ਦਾ ਦੋਸ਼ ਲਾਇਆ। ਮੋਦੀ ਨੇ ਕਿਹਾ, ‘ਭਾਜਪਾ ਸਰਕਾਰ ਨੇ ਗੁਜਰਾਤ ਦੀ ਮਜ਼ਬੂਤੀ ਲਈ ਕਈ ਕੰਮ ਕੀਤੇ ਹਨ। ਹੁਣ ਇੱਕ ਵੱਡੀ ਛਾਲ ਮਾਰਨ ਦਾ ਸਮਾਂ ਹੈ। ਕਾਂਗਰਸ ’ਚ ਅਜਿਹਾ ਕਰਨ ਦੀ ਸਮਰੱਥਾ ਨਹੀਂ ਹੈ। ਵਿਰੋਧੀ ਧਿਰ ਤੁਹਾਡੇ ਲਈ ਕੁਝ ਵੀ ਚੰਗਾ ਨਹੀਂ ਕਰ ਸਕਦੀ।