ਕਾਂਗਰਸ ਦਾ ‘ਦਹਿਸ਼ਤਗਰਦਾਂ’ ਨੂੰ ਖੁਸ਼ ਕਰਨ ਦਾ ਇਤਿਹਾਸ: ਮੋਦੀ

ਕਾਂਗਰਸ ਦਾ ‘ਦਹਿਸ਼ਤਗਰਦਾਂ’ ਨੂੰ ਖੁਸ਼ ਕਰਨ ਦਾ ਇਤਿਹਾਸ: ਮੋਦੀ

ਭਾਜਪਾ ਵੱਲੋਂ ਕਰਨਾਟਕ ਨੂੰ ਨੰਬਰ ਇਕ ਸੂਬਾ ਬਣਾਉਣ ਦੀ ਵਚਨਬੱਧਤਾ ਦੁਹਰਾਈ

ਚਿੱਤਰਦੁਰਗ/ਹੋਸਪੇਟ/ਸਿੰਧਨੂਰ(ਕਰਨਾਟਕ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਦਾ ‘ਦਹਿਸ਼ਤ ਤੇ ਦਹਿਸ਼ਤਗਰਦਾਂ ਨੂੰ ਖੁਸ਼ ਕਰਨ’ ਦਾ ਕਥਿਤ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਰਜੀਕਲ ਤੇ ਹਵਾਈ ਹਮਲਿਆਂ ਉੱਤੇ ਸਵਾਲ ਉਠਾ ਕੇ ਦੇਸ਼ ਦੇ ਸੁਰੱਖਿਆ ਬਲਾਂ ਨੂੰ ਵੀ ਕਟਹਿਰੇ ’ਚ ਖੜ੍ਹਾ ਕੀਤਾ ਸੀ। ਉਨ੍ਹਾਂ ਜੰਗ ਦੇ ਝੰਬੇ ਸੂਡਾਨ ਤੇ ਯੂਕਰੇਨ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਸਰਕਾਰ ਵੱਲੋਂ ਵਿੱਢੇ ਅਪਰੇਸ਼ਨ ਦੌਰਾਨ ਕਾਂਗਰਸ ਤੇ ਜੇਡੀਐੱਸ ’ਤੇ ਕਥਿਤ ਸਿਆਸਤ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ‘ਜ਼ਹਿਰੀਲਾ ਸੱਪ’ ਤੇ ‘ਨਲਾਇਕ’ ਟਿੱਪਣੀਆਂ ਲਈ ਖੜਗੇ ਪਿਉ-ਪੁੱਤ ਨੂੰ ਵੀ ਨਿਸ਼ਾਨਾ ਬਣਾਇਆ। ਸ੍ਰੀ ਮੋਦੀ ਕਰਨਾਟਕ ਦੇ ਚਿੱਤਰਦੁਰਗ, ਵਿਜੈਨਗਰ ਤੇ ਸਿੰਧਨੂਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਮੋਦੀ ਨੇ ਬਜਰੰਗ ਦਲ ’ਤੇ ਪਾਬੰਦੀ ਲਾਉਣ ਦੇ ਕਾਂਗਰਸ ਦੇ ਚੋਣ ਵਾਅਦੇ ਦੇ ਹਵਾਲੇ ਨਾਲ ਕਿਹਾ ਕਿ ਵਿਰੋਧੀ ਪਾਰਟੀ ਹੁਣ ਹਨੂਮਾਨ ਦੀ ਪੂਜਾ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਡੱਕਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਪਹਿਲਾਂ ਭਗਵਾਨ ਰਾਮ ਨੂੰ ਡੱਕੀ ਰੱਖਿਆ ਤੇ ਹੁਣ ਉਹ ‘ਜੈ ਬਜਰੰਗ ਬਲੀ’ ਦੇ ਮੰਤਰ ਦਾ ਉਚਾਰਣ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਡੱਕਣਾ ਚਾਹੁੰਦੀ ਹੈ। ਉਨ੍ਹਾਂ ਕਰਨਾਟਕ ਨੂੰ ਨੰਬਰ ਇਕ ਸੂਬਾ ਬਣਾਉਣ ਦੀ ਭਾਜਪਾ ਦੀ ਵਚਨਬੱਧਤਾ ਵੀ ਦੁਹਰਾਈ। ਚੇਤੇ ਰਹੇ ਕਿ ਕਾਂਗਰਸ ਨੇ ਕਰਨਾਟਕ ਅਸੈਂਬਲੀ ਚੋਣਾਂ ਲਈ ਅੱਜ ਜਾਰੀ ਕੀਤੇ ਮੈਨੀਫੈਸਟੋ ਵਿੱਚ ਸੱਤਾ ਵਿੱਚ ਆਉਣ ’ਤੇ ਬਜਰੰਗ ਦਲ ਸਣੇ ਹੋਰਨਾਂ ਕੁਝ ਜਥੇਬੰਦੀਆਂ ’ਤੇ ਪਾਬੰਦੀ ਲਾਉਣ ਦਾ ਵਾਅਦਾ ਕੀਤਾ ਹੈ।

ਸ੍ਰੀ ਮੋਦੀ ਨੇ ਕਿਹਾ, ‘‘ਮੈਂ ਹਨੂਮਾਨ ਦੀ ਧਰਤੀ ’ਤੇ ਆਇਆ ਹਾਂ। ਮੈਂ ਕਿਸਮਤ ਵਾਲਾ ਹਾਂ ਕਿ ਮੈਨੂੰ ਹਨੂਮਾਨ ਦੀ ਧਰਤੀ ’ਤੇ ਮੱਥਾ ਟੇਕਣ ਦਾ ਮੌਕਾ ਮਿਲਿਆ, ਪਰ ਬਦਕਿਸਮਤੀ ਵੇਖੋ ਕਿ ਠੀਕ ਉਸੇ ਵੇਲੇ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਭਗਵਾਨ ਹਨੂਮਾਨ ਨੂੰ ਸਲਾਖਾਂ ਪਿੱਛੇ ਡੱਕਣ ਦਾ ਫੈਸਲਾ ਕੀਤਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਪਹਿਲਾਂ ਉਨ੍ਹਾਂ (ਕਾਂਗਰਸ) ਭਗਵਾਨ ਰਾਮ ਨੂੰ ਬੰਦ ਕੀਤਾ ਤੇ ਹੁਣ ਉਹ ‘ਜੈ ਬਜਰੰਗ ਬਲੀ’ ਦੇ ਮੰਤਰ ਦਾ ਉਚਾਰਨ ਕਰਨ ਵਾਲਿਆਂ ਨੂੰ ਬੰਦ ਕਰਨਾ ਚਾਹੁੰਦੇ ਹਨ। ਦੇਸ਼ ਦੀ ਬਦਕਿਸਮਤੀ ਰਹੀ ਹੈ ਕਿ ਕਾਂਗਰਸ ਨੂੰ ਭਗਵਾਨ ਰਾਮ ਨਾਲ ਸਮੱਸਿਆ ਰਹੀ ਹੈ ਤੇ ਹੁਣ ਇਸ ਨੂੰ ‘ਜੈ ਬਜਰੰਗ ਬਲੀ’ ਕਹਿਣ ਵਾਲਿਆਂ ਨਾਲ ਦਿੱਕਤ ਹੈ।’’ ਸ੍ਰੀ ਮੋਦੀ ਨੇ ਹਜੂਮ ਨੂੰ ਕਿਹਾ ਕਿ ਭਾਜਪਾ ਕਰਨਾਟਕ ਨੂੰ ਨੰਬਰ ਇਕ ਸੂਬਾ ਬਣਾਉਣ ਲਈ ਵਚਨਬੱਧ ਹੈ।