ਕਾਂਗਰਸ ਤੋਂ ਬਿਨਾਂ ਵਿਰੋਧੀ ਇਕਜੁੱਟਤਾ ਸੰਭਵ ਨਹੀਂ: ਵੇਣੂਗੋਪਾਲ

ਕਾਂਗਰਸ ਤੋਂ ਬਿਨਾਂ ਵਿਰੋਧੀ ਇਕਜੁੱਟਤਾ ਸੰਭਵ ਨਹੀਂ: ਵੇਣੂਗੋਪਾਲ

24 ਤੋਂ ਹੋਣ ਵਾਲੇ ਪਾਰਟੀ ਸੰਮੇਲਨ ’ਚ ਵਿਚਾਰੇ ਜਾਣਗੇ ਸਿਆਸੀ ਮੁੱਦੇ; ਦੇਸ਼ ਭਰ ’ਚੋਂ 15000 ਡੈਲੀਗੇਟ ਹੋਣਗੇ ਸ਼ਾਮਲ
ਨਵੀਂ ਦਿੱਲੀ-ਪਾਰਟੀ ਦੇ ਇਸ ਹਫ਼ਤੇ ਸ਼ੁਰੂ ਹੋਣ ਵਾਲੇ ਸੰਮੇਲਨ ਤੋਂ ਪਹਿਲਾਂ ਅੱਜ ਕਾਂਗਰਸ ਨੇ ਕਿਹਾ ਕਿ ਸਮਾਗਮ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਸਬੰਧੀ ਵਿਚਾਰ ਚਰਚਾ ਕਰਨਗੇ। ਪਾਰਟੀ ਨੇ ਨਾਲ ਹੀ ਇਹ ਦਾਅਵਾ ਵੀ ਕੀਤਾ ਹੈ ਕਿ ਕਾਂਗਰਸ ਤੋਂ ਬਿਨਾਂ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਦੀ ਕੋਈ ਵੀ ਕੋਸ਼ਿਸ਼ ਸਫ਼ਲ ਨਹੀਂ ਹੋ ਸਕਦੀ ਹੈ। ਕਾਂਗਰਸ ਦਾ ਇਹ ਸੰਮੇਲਨ ਛੱਤੀਸਗੜ੍ਹ ਦੇ ਨਵਾਂ ਰਾਏਪੁਰ ਵਿੱਚ 24 ਫਰਵਰੀ ਤੋਂ ਸ਼ੁਰੂ ਹੋਵੇਗਾ ਅਤੇ ਇਸ ਵਿੱਚ ਤਕਰੀਬਨ 15000 ਡੈਲੀਗੇਟਾਂ ਦੇ ਸ਼ਾਮਲ ਹੋਣ ਦੀ ਆਸ ਹੈ।

ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀਆਂ ਚੋਣਾਂ ਦੇ ਸਬੰਧ ਵਿੱਚ ਸੰਮੇਲਨ ਦੇ ਪਹਿਲੇ ਹੀ ਦਿਨ ਹੋਣ ਵਾਲੀ ਪਾਰਟੀ ਦੀ ਸੰਚਾਲਨ ਕਮੇਟੀ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁਕਾਬਲਾ ਕਰਨ ਤੇ ਇਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਕ ਗੱਠਜੋੜ ਬਣਾਉਣ ਵਾਸਤੇ ਵੱਖ-ਵੱਖ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਵਿੱਚ ਨਿਭਾਈ ਜਾਣ ਵਾਲੀ ਆਪਣੀ ਭੂਮਿਕਾ ਬਾਰੇ ਕਾਂਗਰਸ ਚੰਗੀ ਤਰ੍ਹਾਂ ਜਾਣਦੀ ਹੈ।

ਵੇਣੂਗੋਪਾਲ ਨੇ ਇੱਥੇ ਇਕ ਪ੍ਰੈੱਸ ਕਾਨਫੰਰੰਸ ਦੌਰਾਨ ਕਿਹਾ, ‘‘ਅਸੀਂ ਇਸ ਸਬੰਧੀ ਪਹਿਲਕਦਮੀ ਕਰ ਚੁੱਕੇ ਹਾਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਪਰਕ ਵਿੱਚ ਹਾਂ। ਕਾਂਗਰਸ ਵੱਲੋਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ 2024 ਦੀਆਂ ਚੋਣਾਂ ਵਿੱਚ ਅਸੀਂ ਹਰ ਹਾਲ ਵਿੱਚ ਇਨ੍ਹਾਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰ ਕੇ ਰਹਾਂਗੇ।’’ ਉਨ੍ਹਾਂ ਕਿਹਾ, ‘‘ਪਾਰਟੀ ਦੇ ਸੰਮੇਲਨ ਵਿੱਚ ਇਹ ਮੁੱਦਾ ਵਿਚਾਰਿਆ ਜਾਵੇਗਾ ਅਤੇ ਇਸੇ ਸੰਮੇਲਨ ’ਚੋਂ ਵਿਰੋਧੀ ਧਿਰ ਨੂੰ ਇਕਜੁੱਟ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।’’ ਉਨ੍ਹਾਂ ਕਿਹਾ ਕਿ ਇਸ ਯੋਜਨਾਬੰਦੀ ਦਾ ਮੁੱਖ ਮਕਸਦ 2024 ਵਿੱਚ ਭਾਜਪਾ ਨੂੰ ਹਰਾਉਣਾ ਹੈ।

ਕਾਂਗਰਸ ਦੇ ਜਨਰਲ ਸਕੱਤਰ (ਕਮਿਊਨਿਕੇਸ਼ਨ) ਜੈਰਾਮ ਰਮੇਸ਼ ਨੇ ਕਿਹਾ ਕਿ ਪਾਰਟੀ ਇਹ ਗੱਲ ਮੰਨਦੀ ਹੈ ਕਿ ਵਿਰੋਧੀ ਧਿਰ ਦੀ ਇਕਜੁੱਟਤਾ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦਾ ਸੰਮੇਲਨ ਵਿੱਚ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ, ‘‘ਸਾਨੂੰ ਕਿਸੇ ਦੇ ਪ੍ਰਮਾਣ ਪੱਤਰ ਦੀ ਲੋੜ ਨਹੀਂ ਹੈ ਕਿ ਸਾਨੂੰ ਅਗਵਾਈ ਕਰਨੀ ਚਾਹੀਦੀ ਹੈ ਕਿਉਂਕਿ ਕਾਂਗਰਸ ਤੋਂ ਬਿਨਾਂ ਵਿਰੋਧੀ ਧਿਰ ਦੀ ਇਕਜੁੱਟਤਾ ਸਫਲ ਹੀ ਨਹੀਂ ਹੋ ਸਕਦੀ ਹੈ। ਇਸ ਵਾਸਤੇ ਅਸੀਂ ਨਿਤੀਸ਼ ਕੁਮਾਰ ਤੇ ਵੈਣੂਗੋਪਾਲ ਜੀ ਦੇ ਬਿਆਨਾਂ ਦਾ ਸਵਾਗਤ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਕ ਮਜ਼ਬੂਤ ਕਾਂਗਰਸ ਤੋਂ ਬਿਨਾਂ ਵਿਰੋਧੀ ਧਿਰ ਦੀ ਮਜ਼ਬੂਤ ਇਕਜੁੱਟਤਾ ਸੰਭਵ ਨਹੀਂ ਹੈ।’’

ਜੈਰਾਮ ਰਮੇਸ਼ ਨੇ ਨਿਤੀਸ਼ ਕੁਮਾਰ ਦੇ ਭਾਰਤ ਜੋੜੋ ਯਾਤਰਾ ਦੀ ਸਫਲਤਾ ਸਬੰਧੀ ਬਿਆਨ ਦੇ ਹਵਾਲੇ ਨਾਲ ਕਿਹਾ, ‘‘ਭਾਰਤ ਦੀ ਸਿਆਸਤ ’ਚ ਇਹ ਬਦਲਾਅ ਦਾ ਸਮਾਂ ਹੈ ਅਤੇ ਨਿਤੀਸ਼ ਨੇ ਇਹ ਗੱਲ ਮੰਨੀ ਹੈ।’’ ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੇ ਬੀਤੇ ਦਿਨ ਕਿਹਾ ਸੀ ਕਿ ਕਾਂਗਰਸ ਨੂੰ ਭਾਰਤ ਜੋੜੋ ਯਾਤਰਾ ਦੌਰਾਨ ਖੱਟੀ ਵਾਹ-ਵਾਹ ’ਤੇ ਹੀ ਨਹੀਂ ਰੁਕਣਾ ਚਾਹੀਦਾ ਹੈ ਬਲਕਿ ਇਸ ਤੋਂ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਇਸ ਦਾ ਸਵਾਗਤ ਕਰਦੇ ਹਾਂ ਅਤੇ ਸਾਨੂੰ ਆਪਣੀ ਭੂਮਿਕਾ ਬਾਰੇ ਭਲੀਭਾਂਤ ਪਤਾ ਹੈ। ਕਾਂਗਰਸ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਕਦੇ ਵੀ ਕਿਤੇ ਭਾਜਪਾ ਨਾਲ ਕੋਈ ਸਮਝੌਤਾ ਨਹੀਂ ਕੀਤਾ। ਕੁਝ ਅਜਿਹੀਆਂ ਵਿਰੋਧੀ ਪਾਰਟੀਆਂ ਹਨ ਜਿਹੜੀਆਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨਾਲ ਮੀਟਿੰਗ ਕਰਨ ਆਉਂਦੀਆਂ ਹਨ ਪਰ ਉਨ੍ਹਾਂ ਦੀਆਂ ਕਾਰਵਾਈਆਂ ਕਾਬਜ਼ ਧਿਰ ਦੇ ਪੱਖ ਵਿੱਚ ਹੁੰਦੀਆਂ ਹਨ। ਭਾਜਪਾ ਦੇ ਸਬੰਧ ਵਿੱਚ ਸਾਡੀ ਦੋਗਲੀ ਨੀਤੀ ਨਹੀਂ ਹੈ।