ਕਾਂਗਰਸ ਤੇ ਆਰਜੇਡੀ ਨੇ ਦੱਬੇ-ਕੁਚਲੇ ਵਰਗਾਂ ਦਾ ਲਾਹਾ ਲਿਆ: ਮੋਦੀ

ਕਾਂਗਰਸ ਤੇ ਆਰਜੇਡੀ ਨੇ ਦੱਬੇ-ਕੁਚਲੇ ਵਰਗਾਂ ਦਾ ਲਾਹਾ ਲਿਆ: ਮੋਦੀ

ਬਿਹਾਰ ’ਚ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ; ਨਿਤੀਸ਼ ਨੇ ਹਮੇਸ਼ਾ ਐੱਨਡੀਏ ’ਚ ਰਹਿਣ ਦਾ ਭਰੋਸਾ ਦਿੱਤਾ
ਬੇਗੂਸਰਾਏ/ਔਰੰਗਾਬਾਦ (ਬਿਹਾਰ)/ਕ੍ਰਿਸ਼ਨਾਨਗਰ (ਪੱਛਮੀ ਬੰਗਾਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਵਿੱਚ ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ’ਤੇ ਸਾਂਝਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਇਨ੍ਹਾਂ ਦੋਹਾਂ ਪਾਰਟੀਆਂ ਨੇ ਆਪੋ-ਆਪਣੀ ਵੰਸ਼ਵਾਦ ਵਾਲੀ ਸਿਆਸਤ ਅਤੇ ਭ੍ਰਿਸ਼ਟਾਚਾਰ ਨੂੰ ਜਾਇਜ਼ ਠਹਿਰਾਉਣ ਲਈ ਦਲਿਤਾਂ ਤੇ ਸਮਾਜ ਦੇ ਹੋਰ ਦੱਬੇ-ਕੁਚਲੇ ਵਰਗਾਂ ਦਾ ਇਸਤੇਮਾਲ ਇਕ ਢਾਲ ਵਾਂਗ ਕੀਤਾ ਹੈ। ਉਹ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿੱਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਜ਼ਿਲ੍ਹਾ ਔਰੰਗਾਬਾਦ ਵਿੱਚ 21,400 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਉਨ੍ਹਾਂ ਇਹ ਉਦਘਾਟਨ ਪਿੰਡ ਰਤਨਵਾ ਵਿੱਚ ਹੋਏ ਇਕ ਅਧਿਕਾਰਤ ਸਮਾਰੋਹ ਦੌਰਾਨ ਕੀਤੇ। ਉਧਰ, ਰੈਲੀ ਦੌਰਾਨ ਸੰਬੋਧਨ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਵਿੱਚ ਹੀ ਰਹਿਣਗੇ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਵਿੱਚ ਇਕ ਰੈਲੀ ਨੂੰ ਸੰਬੋਧਨ ਕਰਨ ਮੌਕੇ ਉਨ੍ਹਾਂ ਕਿਹਾ ਕਿ ਟੀਐੱਮਸੀ ਦਾ ਮਤਲਬ ਹੋ ਗਿਆ ਹੈ ‘ਤੂੰ, ਮੈਂ ਅਤੇ ਕੁਰੱਪਸ਼ਨ।’ ਉਨ੍ਹਾਂ ਮਮਤਾ ਸਰਕਾਰ ਨੂੰ ਜ਼ੁਲਮ, ਵੰਸ਼ਵਾਦ ਦੀ ਸਿਆਸਤ ਤੇ ਵਿਸ਼ਵਾਸਘਾਤ ਦਾ ਸਮਾਨਅਰਥਕ ਕਰਾਰ ਦਿੱਤਾ।