ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਸਿੱਧੂ ਦਾ ਕੀਤਾ ਭਰਵਾਂ ਸਵਾਗਤ

ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਸਿੱਧੂ ਦਾ ਕੀਤਾ ਭਰਵਾਂ ਸਵਾਗਤ

ਪਟਿਆਲਾ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਅੱਜ ਪਟਿਆਲਾ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਇਸ ਮੌਕੇ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਜੇਲ੍ਹ ਦੇ ਬਾਹਰ ਨਵਜੋਤ ਸਿੱਧੂ ਦਾ ਭਰਵਾਂ ਸਵਾਗਤ ਕੀਤਾ। ਢੋਲ ਦੇ ਡੱਗੇ ’ਤੇ ਭੰਗੜੇ ਵੀ ਪਾਏ ਗਏ ਅਤੇ ਥਾਂ-ਥਾਂ ਸਵਾਗਤੀ ਬੋਰਡ ਵੀ ਲਾਏ ਗਏ ਸਨ। ਇਥੋਂ ਇੱਕ ਕਾਫਲੇ ਦੇ ਰੂਪ ’ਚ ਉਨ੍ਹਾਂ ਨੂੰ ਘਰ ਤੱਕ ਛੱਡਿਆ ਗਿਆ। ਰਿਹਾਈ ਭਾਵੇਂ ਛੇ ਵਜੇ ਦੇ ਕਰੀਬ ਹੋਈ, ਪਰ ਵਰਕਰ ਸਵੇਰੇ ਦਸ ਵਜੇ ਹੀ ਜੇਲ੍ਹ ਦੇ ਬਾਹਰ ਪੁੱਜਣੇ ਸ਼ੁਰੂ ਹੋ ਗਏ ਸਨ ਕਿਉਂਕਿ ਪਹਿਲਾਂ ਪੌਣੇ ਬਾਰਾਂ ਵਜੇ ਸਿੱਧੂ ਨੂੰ ਛੱਡਣ ਦੀ ਗੱਲ ਆਖੀ ਗਈ ਸੀ। ਇਸ ਮੌਕੇ ਲਾਲ ਸਿੰਘ, ਹਰਦਿਆਲ ਕੰਬੋਜ, ਮਹਿੰਦਰ ਸਿੰਘ ਕੇਪੀ, ਸੰਸਦ ਮੈਂਬਰ ਗੁਰਜੀਤ ਔਜਲਾ, ਅਸ਼ਵਨੀ ਸੇਖੜੀ, ਸ਼ੈਰੀ ਰਿਆੜ, ਕਰਨ ਸਿੱਧੂ, ਨਵਤੇਜ ਚੀਮਾ, ਰਾਜਿੰਦਰ ਸਿੰਘ ਸਮਾਣਾ, ਸੁਰਿੰਦਰ ਡੱਲਾ, ਹੈਰੀਮਾਨ, ਦਰਸ਼ਨ ਬਰਾੜ, ਵਿਸ਼ਨੂੰ ਸ਼ਰਮਾ, ਧਨਵੰਤ ਸਿੰਘ ਧੂਰੀ, ਰਾਜ ਕੁਮਾਰ ਡਕਾਲਾ, ਨਿਰਮਲ ਸਿੱਧੂ ਤੇ ਨਰਿੰਦਰ ਲਾਲੀ ਆਦਿ ਵੀ ਮੌਜੂਦ ਸਨ। ਇਸ ਦੌਰਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਕਈ ਆਗੂ ਗੈਰਹਾਜ਼ਰ ਰਹੇ।

ਸਾਲ 1988 ਦੀ ਘਟਨਾ ’ਚ ਸਿੱਧੂ ਨੂੰ ਮਿਲੀ ਸੀ ਸਜ਼ਾ

ਨਵਜੋਤ ਸਿੰੰਘ ਸਿੱਧੂ ਲਈ ਸਜ਼ਾ ਦਾ ਆਧਾਰ ਬਣੀ ਘਟਨਾ 27 ਦਸੰਬਰ 1988 ਨੂੰ ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਵਾਪਰੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਪਾਰਕਿੰਗ ਦੇ ਮਾਮਲੇ ’ਚ ਹੋਏ ਕਥਿਤ ਝਗੜੇ ਦੌਰਾਨ ਗੁਰਨਾਮ ਸਿੰਘ (65) ਦੀ ਮੌਤ ਹੋ ਗਈ ਸੀ ਤੇ ਇਸ ਸਬੰਧੀ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਇੱਕ ਸਾਥੀ ਖ਼ਿਲਾਫ਼ ਥਾਣਾ ਕੋਤਵਾਲੀ ਪਟਿਆਲਾ ਵਿੱਚ ਗ਼ੈਰ-ਇਰਾਦਤਨ ਕਤਲ ਦਾ ਕੇਸ ਦਰਜ ਹੋਇਆ ਸੀ। ਇਸ ਕੇਸ ’ਚ 1999 ਵਿੱਚ ਪਟਿਆਲਾ ਦੀ ਸੈਸ਼ਨ ਕੋਰਟ ਨੇ ਸ੍ਰੀ ਸਿੱਧੂ ਨੂੰ ਬਰੀ ਕਰ ਦਿੱਤਾ ਸੀ, ਪਰ ਪੀੜਤ ਪਰਿਵਾਰ ਨੇ ਇਸ ਫ਼ੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦਿੱਤੀ, ਜਿਸ ਮਗਰੋਂ 2006 ’ਚ ਹਾਈ ਕੋਰਟ ਨੇ ਤਿੰਨ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ। ਸ੍ਰੀ ਸਿੱਧੂ ਵੱਲੋਂ ਸੁਪਰੀਮ ਕੋਰਟ ’ਚ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਗਈ ਤੇ 2007 ਵਿੱਚ ਸਜ਼ਾ ’ਤੇ ਰੋਕ ਲਾ ਦਿੱਤੀ ਗਈ। ਮਈ 2018 ਵਿੱਚ ਸੁਪਰੀਮ ਕੋਰਟ ਨੇ ਇਸ ਕੇਸ ’ਚੋਂ ਸ੍ਰੀ ਸਿੱਧੂ ਨੂੰ ਬਰੀ ਕਰ ਦਿੱਤਾ, ਪਰ ਪੀੜਤ ਪਰਿਵਾਰ ਨੇ ਸੁਪਰੀਮ ਕੋਰਟ ’ਚ ਰੀਵਿਊ (ਸਮੀਖਿਆ) ਪਟੀਸ਼ਨ ਪਾ ਦਿੱਤੀ, ਜਿਸ ਸਬੰਧੀ 25 ਮਾਰਚ 2022 ਨੂੰ ਸੁਣਵਾਈ ਮੁਕੰਮਲ ਕਰਦਿਆਂ, ਉੱਚ ਅਦਾਲਤ ਨੇ ਫ਼ੈਸਲਾ ਰਾਖਵਾਂ ਰੱੱਖ ਲਿਆ। ਇਸ ਮਗਰੋਂ 19 ਮਈ 2022 ਨੂੰ ਸੁਣਾਏ ਗਏ ਫ਼ੈਸਲੇ ਦੌਰਾਨ ਸ੍ਰੀ ਸਿੱਧੂ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਦੇ ਚੱਲਦਿਆਂ 20 ਮਈ 2022 ਨੂੰ ਪਟਿਆਲਾ ਅਦਾਲਤ ’ਚ ਪੇਸ਼ ਹੋਣ ਮਗਰੋਂ ਉਨ੍ਹਾਂ ਨੂੰ ਇੱਕ ਸਾਲ ਦੀ ਕੈਦ ਲਈ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ।