ਕਾਂਗਰਸੀ ਆਗੂਆਂ ਨੇ ਮਾਨਸਿਕ ਤਵਾਜ਼ਨ ਗੁਆਇਆ: ਅਮਿਤ ਸ਼ਾਹ

ਕਾਂਗਰਸੀ ਆਗੂਆਂ ਨੇ ਮਾਨਸਿਕ ਤਵਾਜ਼ਨ ਗੁਆਇਆ: ਅਮਿਤ ਸ਼ਾਹ

ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਦਾ ਸਭ ਤੋਂ ਇੱਜ਼ਤਦਾਰ ਸਿਆਸੀ ਆਗੂ ਦੱਸਿਆ; ਨਕਵੀ ਨੇ ਵੀ ਕਾਂਗਰਸ ਨੂੰ ਘੇਰਿਆ
ਨਵਾਲਗੁੰਡ (ਕਰਨਾਟਕ) – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਮਗਰੋਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਤੇ ਇਸ ਦੇ ਆਗੂਆਂ ਨੇ ਮਾਨਸਿਕ ਤਵਾਜ਼ਨ ਗੁਆ ਲਿਆ ਹੈ।

ਉਨ੍ਹਾਂ ਕਿਹਾ ਕਿ ਮੋਦੀ ਦਾ ਦੁਨੀਆ ਭਰ ਵਿੱਚ ਬਹੁਤ ਇੱਜ਼ਤ ਨਾਲ ਸਵਾਗਤ ਕੀਤਾ ਜਾਂਦਾ ਹੈ ਅਤੇ ਕਾਂਗਰਸ ਅਜਿਹੇ ਬਿਆਨ ਦੇ ਕੇ ਲੋਕਾਂ ਨੂੰ ਭੜਕਾ ਨਹੀਂ ਸਕਦੀ ਕਿਉਂਕਿ ਉਹ ਜਿੰਨੀ ਬੇਇੱਜ਼ਤੀ ਕਰਨਗੇ, ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਓਨੀ ਹੀ ਵੱਧ ਹਮਾਇਤ ਮਿਲੇਗੀ।

ਧਾਰਵਾੜ ਜ਼ਿਲ੍ਹੇ ਦੇ ਨਵਾਲਗੁੰਡ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਕਾਂਗਰਸ ਕੋਲ ਕੋਈ ਮੁੱਦਾ ਨਹੀਂ ਰਿਹਾ। ਪਿਛਲੇ ਨੌਂ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਮਾਣ ਦੁਨੀਆ ’ਚ ਵਧਾਇਆ ਹੈ। ਉਨ੍ਹਾਂ ਭਾਰਤ ਨੂੰ ਖੁਸ਼ਹਾਲ ਬਣਾਉਣ ਲਈ ਕੰਮ ਕੀਤਾ। ਉਨ੍ਹਾਂ ਭਾਰਤ ਦਾ ਬੁਨਿਆਦੀ ਢਾਂਚਾ ਮਜ਼ਬੂਤ ਕੀਤਾ ਤੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਕੀਤੀਆਂ। ਮੋਦੀ ਜੀ ਜਦੋਂ ਵੀ ਦੁਨੀਆ ਦੇ ਕਿਸੇ ਕੋਨੇ ’ਚ ਜਾਂਦੇ ਹਨ ਤਾਂ ਉੱਥੋਂ ਦੇ ਲੋਕ ‘ਮੋਦੀ-ਮੋਦੀ’ ਦੇ ਨਾਅਰੇ ਮਾਰ ਕੇ ਉਨ੍ਹਾਂ ਦਾ ਸਵਾਗਤ ਕਰਦੇ ਹਨ।’ ਉਨ੍ਹਾਂ ਕਿਹਾ, ‘ਕਾਂਗਰਸ ਪ੍ਰਧਾਨ ਖੜਗੇ ਦਾ ਕਹਿਣਾ ਹੈ ਕਿ ਸਾਡੇ ਆਗੂ ਮੋਦੀ, ਜਿਨ੍ਹਾਂ ਦੀ ਸਾਰੀ ਦੁਨੀਆ ਇੱਜ਼ਤ ਕਰਦੀ ਹੈ, ਇੱਕ ‘ਜ਼ਹਿਰੀਲੇ ਸੱਪ’ ਦੀ ਤਰ੍ਹਾਂ ਹਨ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਕਾਂਗਰਸ ਪਾਰਟੀ ਨੂੰ ਚੋਣਾਂ ਜਿਤਾ ਸਕਦੇ ਹੋ?’

ਉਨ੍ਹਾਂ ਕਿਹਾ, ‘ਇਸੇ ਕਾਂਗਰਸ ਨੇ ‘ਮੋਦੀ ਤੇਰੀ ਕਬਰ ਖੁਦੇਗੀ’ ਦਾ ਨਾਅਰਾ ਦਿੱਤਾ ਸੀ। ਸੋਨੀਆ ਗਾਂਧੀ ਨੇ ‘ਮੌਤ ਦਾ ਸੌਦਾਗਰ’, ਪ੍ਰਿਯੰਕਾ ਗਾਂਧੀ ਨੇ ‘ਨੀਵੀਂ ਜਾਤ ਦੇ ਲੋਕ’ ਕਿਹਾ ਸੀ ਅਤੇ ਉਨ੍ਹਾਂ (ਖੜਗੇ) ਨੇ ‘ਜ਼ਹਿਰੀਲਾ ਸੱਪ’ ਕਿਹਾ ਹੈ। ਕਾਂਗਰਸੀਓ ਤੁਹਾਡਾ ਮਾਨਸਿਕ ਤਵਾਜ਼ਨ ਹਿੱਲ ਗਿਆ ਹੈ। ਤੁਸੀਂ ਮੋਦੀ ਦੀ ਜਿੰਨੀ ਬੇਇੱਜ਼ਤੀ ਕਰੋਗੇ, ਕਮਲ ਓਨਾ ਹੀ ਖਿੜੇਗਾ।’

ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਅੱਜ ਕਾਂਗਰਸ ਦੀ ਸਿਆਸੀ ਸਿਹਤ ਵੈਂਟੀਲੇਟਰ ’ਤੇ ਅਤੇ ਸਿਰਫਿਰੀ ਸੋਚ ਐਕਸੇਲੇਟਰ ’ਤੇ ਹੈ।’ ਉਨ੍ਹਾਂ ਕਿਹਾ ਕਿ ਭਾਰਤ ਤੇ ਮੋਦੀ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ’ਚ ਖੁਦ ਕਾਂਗਰਸ ਦਾ ਅਕਸ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਹ ਬਰਦਾਸ਼ਤ ਨਹੀਂ ਕਰ ਪਾ ਰਹੀ ਕਿ ਇੱਕ ਗਰੀਬ ਤੇ ਪੱਛੜੀ ਹੋਈ ਪਿੱਠਭੂਮੀ ਦਾ ਕੋਈ ਸਾਧਾਰਨ ਵਿਅਕਤੀ ਪਰਿਵਾਰਵਾਦ ਨੂੰ ਪਛਾੜ ਕੇ ਭਾਰਤ ਨੂੰ ਖੁਸ਼ਹਾਲ ਬਣਾ ਰਿਹਾ ਹੈ।

ਇਸੇ ਦੌਰਾਨ ਤਾਮਿਲ ਨਾਡੂ ਭਾਜਪਾ ਦੇ ਮੁਖੀ ਕੇ ਅੰਨਾਮਲਾਈ ਨੇ ਕਿਹਾ ਕਿ ਖੜਗੇ ਦੀ ਇਸ ਟਿੱਪਣੀ ਲਈ ਕਰਨਾਟਕ ਦੇ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਕਰਾਰਾ ਜਵਾਬ ਦੇਣਗੇ।