ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ

ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕੇ

ਪਟਿਆਲਾ- ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਨੂੰ ਹੋਈ ਦੋ ਸਾਲ ਦੀ ਸਜ਼ਾ ਸਬੰਧੀ ਗੁਜਰਾਤ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਰਿਟ ਪਟੀਸ਼ਨ ਖਾਰਜ ਹੋਣ ਤੋਂ ਭੜਕੇ ਕਾਂਗਰਸੀਆਂ ਨੇ ਪਟਿਆਲਾ ਵਿਚ ਧਰਨਾ ਦੇ ਕੇ ਰੋਸ ਪ੍ਰਰਦਸ਼ਨ ਕੀਤਾ। ਇੱਥੇ ਮਿਨੀ ਸਕੱਤਰੇਤ ਨੇੜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠਾਂ ਦਿੱਤੇ ਇਸ ਧਰਨੇ ਦੌਰਾਨ ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਨੇ ਰਾਜਨੀਤੀ ਗੰਧਲੀ ਕਰ ਦਿੱਤੀ ਹੈ। ਵਿਰੋਧੀਆਂ ਨੂੰ ਨੀਂਵਾਂ ਵਿਖਾਉਣ ਲਈ ਅਦਾਲਤਾਂ ਨੂੰ ਵੀ ਆਪਣੇ ਹਿਤਾਂ ਦੀ ਖਾਤਰ ਵਰਤਿਆ ਜਾ ਰਿਹਾ ਹੈ।
ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਮਰਜ਼ੀ ਹੱਥਕੰਡੇ ਵਰਤ ਲਵੇ, ਪਰ ਰਾਹੁਲ ਗਾਂਧੀ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਹੋਰ ਕਿਹਾ ਮੋਦੀ ਸਰਕਾਰ ਦੇ ਅਜਿਹੇ ਮਾੜੇ ਕਾਰਨਾਮਿਆਂ ਕਾਰਨ ਇਸ ਸਰਕਾਰ ਦਾ ਨਾਮ ਇਤਿਹਾਸ ਵਿਚ ਕਾਲ਼ੇ ਅੱਖਰਾਂ ’ਚ ਲਿਖਿਆ ਜਾਵੇਗਾ।
ਇਸ ਮੌਕੇ ਮਹਿਲਾ ਕਾਂਗਰਸ ਦੀ ਸੂਬਾਈ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਕਾਂਗਰਸ ਪਾਰਟੀ ਦੇ ਪਟਿਆਲਾ ਜ਼ਿਲ੍ਹੇ ਨਾਲ ਸਬੰਧੀ ਸਮੂਹ ਹਲਕਾ ਇੰਚਾਰਜ ਸਾਧੂ ਸਿੰਘ ਧਰਮਸੋਤ, ਹਰਦਿਆਲ ਕੰਬੋਜ, ਮਦਨਲਾਲ ਜਲਾਲਪੁਰ, ਰਾਜਿੰਦਰਾ ਸਿੰਘ, ਹੈਰੀ ਮਾਨ, ਵਿਸ਼ਨੂੰ ਸ਼ਰਮਾ, ਮੋਹਿਤ ਮਹਿੰਦਰਾ ਤੇ ਦਰਬਾਰਾ ਸਿੰਘ ਸ਼ਤਰਾਣਾ ਸਣੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਖਨੌੜਾ ਨੇ ਵੀ ਸੰਬੋਧਨ ਕੀਤਾ।