ਕਰੋਨਾ ਪਾਬੰਦੀਆਂ ਹਟਾਉਣ ਲੱਗਿਆ ਚੀਨ -ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਹੋਵੇਗਾ ਖ਼ਤਮ

ਕਰੋਨਾ ਪਾਬੰਦੀਆਂ ਹਟਾਉਣ ਲੱਗਿਆ ਚੀਨ -ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਹੋਵੇਗਾ ਖ਼ਤਮ

ਚੀਨ ਨੇ ਅਗਲੇ ਸਾਲ 8 ਜਨਵਰੀ ਤੋਂ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਦੇਸ਼ ਤਿੰਨ ਸਾਲ ਬਾਅਦ ਕੌਮਾਂਤਰੀ ਇਕਾਂਤਵਾਸ ’ਚੋਂ ਬਾਹਰ ਆਵੇਗਾ। ਇਸ ਤੋਂ ਪਹਿਲਾਂ ਚੀਨੀ ਸਰਕਾਰ ਨੂੰ ‘ਜ਼ੀਰੋ ਕੋਵਿਡ’ ਨੀਤੀ ਖ਼ਿਲਾਫ਼ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਮਗਰੋਂ ਸਰਕਾਰ ਨੇ ਆਪਣੀਆਂ ਕਰੋਨਾ ਸਬੰਧੀ ਨੀਤੀਆਂ ਵਿੱਚ ਵੱਡੀ ਤਬਦੀਲੀ ਲਿਆਉਣ ਦਾ ਐਲਾਨ ਕੀਤਾ ਹੈ। ਉੱਧਰ ਜਾਪਾਨ ਨੇ ਚੀਨ ਵਿੱਚ ਵਧਦੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਨੇ ਅੱਜ ਇਹ ਐਲਾਨ ਕੀਤਾ। ਕੌਮੀ ਸਿਹਤ ਕਮਿਸ਼ਨ (ਐੱਨਐੱਚਸੀ) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੋਵਿਡ-19 ਪ੍ਰਬੰਧਨ ਨੂੰ ਅਗਲੇ ਮਹੀਨੇ ਡੇਂਗੂ ਵਰਗੀਆਂ ਘੱਟ ਘਾਤਕ ਬਿਮਾਰੀਆਂ ਵਾਲੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੀਨ 8 ਜਨਵਰੀ 2023 ਤੋਂ ਕੌਮਾਂਤਰੀ ਯਾਤਰੀਆਂ ਲਈ ਇਕਾਂਤਵਾਸ ਖਤਮ ਕਰ ਦੇਵੇਗਾ। ਪਹਿਲਾਂ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਰਕਾਰੀ ਕੇਂਦਰਾਂ ਵਿੱਚ ਦੋ ਹਫਤਿਆਂ ਤੋਂ ਵੱਧ ਇਕਾਂਤਵਾਸ ਰਹਿਣਾ ਪੈਂਦਾ ਸੀ। ਇਸ ਮਗਰੋਂ ਹੌਲੀ-ਹੌਲੀ ਇਹ ਸਮਾਂ ਘਟਾ ਕੇ ਪੰਜ ਦਿਨ ਕਰ ਦਿੱਤਾ ਗਿਆ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਦੇਸ਼ ਓਮੀਕਰੋਨ ਨਾਲ ਜੂਝ ਰਿਹਾ ਹੈ। ਇਸ ਤੋਂ ਪਹਿਲਾਂ ਸ਼ੀ ਜਿਨਪਿੰਗ ਪ੍ਰਸ਼ਾਸਨ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਦੇਸ਼ ਭਰ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ‘ਜ਼ੀਰੋ ਕੋਵਿਡ’ ਨੀਤੀ ਵਿੱਚ ਕੁੱਝ ਛੋਟ ਦਿੱਤੀ ਸੀ।