ਕਰੋਨਾ ਖ਼ਿਲਾਫ਼ ਕੇਂਦਰ ਤੇ ਰਾਜ ਮਿਲ ਕੇ ਕੰਮ ਕਰਨ : ਮਾਂਡਵੀਆ

ਕਰੋਨਾ ਖ਼ਿਲਾਫ਼ ਕੇਂਦਰ ਤੇ ਰਾਜ ਮਿਲ ਕੇ ਕੰਮ ਕਰਨ : ਮਾਂਡਵੀਆ

ਸਿਹਤ ਮੰਤਰੀ ਵੱਲੋਂ ਰਾਜਾਂ ਤੇ ਯੂਟੀਜ਼ ਨੂੰ ਚੌਕਸ ਰਹਿਣ ਤੇ ਬੁਨਿਆਦੀ ਤਿਆਰੀ ਯਕੀਨੀ ਬਣਾਉਣ ਦੀ ਹਦਾਇਤ
ਨਵੀਂ ਦਿੱਲੀ-ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਆਲਮੀ ਪੱਧਰ ’ਤੇ ਕਰੋਨਾ ਦੇ ਕੇਸਾਂ ’ਚ ਵਾਧਾ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਕਿਹਾ ਕਿ ਮਹਾਮਾਰੀ ਨਾਲ ਨਜਿੱਠਣ ਲਈ ਕੇਂਦਰ ਤੇ ਰਾਜਾਂ ਨੂੰ ਪਹਿਲਾਂ ਦੀ ਤਰ੍ਹਾਂ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਕਸੀਜ਼ਨ ਪਲਾਂਟਾਂ, ਵੈਂਟੀਲੇਟਰਾਂ, ਸਾਜ਼ੋ-ਸਾਮਾਨ ਅਤੇ ਮਨੁੱਖੀ ਸਰੋਤਾਂ ’ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਨਾਲ ਬੁਨਿਆਦੀ ਢਾਂਚੇ ਦੀ ਤਿਆਰੀ ਯਕੀਨੀ ਬਣਾਉਣ ਲਈ 27 ਦਸੰਬਰ ਨੂੰ ਸਾਰੀਆਂ ਸਿਹਤ ਸਹੂਲਤਾਂ ’ਚ ਮੌਕ ਡਰਿੱਲ ਕਰਨ ਦੀ ਸਲਾਹ ਦਿੱਤੀ ਹੈ।

ਕੇਂਦਰੀ ਮੰਤਰੀ ਨੇ ਰਾਜਾਂ ਦੇ ਸਿਹਤ ਮੰਤਰੀਆਂ, ਪ੍ਰਿੰਸੀਪਲ ਸਕੱਤਰਾਂ, ਵਧੀਕ ਮੁੱਖ ਸਕੱਤਰਾਂ ਤੇ ਸੂਚਨਾ ਕਮਿਸ਼ਨਰਾਂ ਨਾਲ ਆਨਲਾਈਨ ਮੀਟਿੰਗ ਦੌਰਾਨ ਕਿਹਾ ਕਿ ਦੇਸ਼ ਨੂੰ ਚੌਕਸ ਰਹਿਣ ਤੇ ਕਰੋਨਾਵਾਇਰਸ ਨਾਲ ਨਜਿੱਠਣ ਲਈ ਪੂਰੀਆਂ ਤਿਆਰੀਆਂ ਰੱਖਣ ਦੀ ਜ਼ਰੂਰਤ ਹੈ। ਚੀਨ, ਜਪਾਨ, ਬ੍ਰਾਜ਼ੀਲ ਤੇ ਅਮਰੀਕਾ ’ਚ ਪਿੱਛੇ ਜਿਹੇ ਕਰੋਨਾ ਦੇ ਕੇਸਾਂ ’ਚ ਵਾਧੇ ਦੇ ਮੱਦੇਨਜ਼ਰ ਹੋਈ ਇਸ ਮੀਟਿੰਗ ’ਚ ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ, ਨੀਤੀ ਆਯੋਗ ਦੇ ਮੈਂਬਰ ਵੀਕੇ ਪੌਲ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਕਰੋਨਾ ਨਾਲ ਨਜਿੱਠਣ ਦੀਆਂ ਤਿਆਰੀਆਂ ਤੇ ਕਰੋਨਾ ਰੋਕੂ ਟੀਕਾਕਰਨ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨ ਦਿੱਤੇ ਗਏ ਸੁਨੇਹੇ ਦਾ ਹਵਾਲਾ ਦਿੰਦਿਆਂ ਮਾਂਡਵੀਆ ਨੇ ਸਭ ਨੂੰ ਚੌਕਸ ਰਹਿਣ ਤੇ ਕੋਵਿਡ-19 ਪ੍ਰਬੰਧਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਰੱਖਣ ਲਈ ਕਿਹਾ।
ਇਸ ਸਬੰਧੀ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ ਰਾਜਾਂ ਨੂੰ ਅਗਾਊਂ ਤਿਆਰੀ ਰੱਖਣ ਲਈ ਕਿਹਾ ਗਿਆ ਹੈ। ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਕਿਹਾ, ‘ਭਾਰਤੀ ਸਾਰਸ-ਕੋਵ-2 ਜੀਨੋਮਿਕਸ ਕੰਸੋਰਸ਼ੀਅਮ (ਆਈਐੱਨਏਸੀਓਜੀ) ਨੈੱਟਵਰਕ ਰਾਹੀਂ ਵਾਇਰਸ ਦੀ ਕਿਸਮ ਨੂੰ ਟਰੈਕ ਕਰਨ ਲਈ ਪਾਜ਼ੇਟਿਵ ਕੇਸਾਂ ਦੇ ਸੈਂਪਲ ਜੀਨੋਮ ਜਾਂਚ ਵਾਸਤੇ ਨਿਗਰਾਨੀ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ ਤਾਂ ਜੋ ਦੇਸ਼ ’ਚ ਕਰੋਨਾ ਵਾਇਰਸ ਦੀ ਨਵੀਂ ਕਿਸਮ ਦਾ ਸਮੇਂ ’ਤੇ ਪਤਾ ਲਾਇਆ ਜਾ ਸਕੇ।’ ਮੰਤਰੀ ਨੇ ਨਾਲ ਹੀ ਸਮੂਹਿਕ ਢੰਗ ਨਾਲ ਸਿਸਟਮ ਨੂੰ ਮੁੜ ਮਜ਼ਬੂਤ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਰਾਜਾਂ ਤੇ ਯੂਟੀਜ਼ ਨੂੰ ਆਰਟੀ-ਪੀਸੀਆਰ ਟੈਸਟ ਵਧਾਉਣ ਅਤੇ ਯੋਗ ਅਬਾਦੀ ਤੇ ਖਾਸ ਬਜ਼ੁਰਗਾਂ ਦਾ ਟੀਕਾਕਰਨ ਵਧਾਉਣ ਦੀ ਸਲਾਹ ਦਿੱਤੀ। ਆਉਣ ਵਾਲੇ ਤਿਉਹਾਰਾਂ ਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਧਿਆਨ ’ਚ ਰੱਖਦਿਆਂ ਸਿਹਤ ਮੰਤਰੀ ਨੇ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਮੁਹਿੰਮਾਂ ਚਲਾਉਣ ਤੇ ਕਰੋਨਾ ਤੋਂ ਬਚਣ ਲਈ ਹਦਾਇਤਾਂ ਦੀ ਪਾਲਣਾ ’ਤੇ ਜ਼ੋਰ ਦਿੱਤਾ। ਮਾਂਡਵੀਆ ਨੇ ਸੂਬਿਆਂ ਦੇ ਸਿਹਤ ਮੰਤਰੀਆਂ ਨੂੰ ਨਿੱਜੀ ਤੌਰ ’ਤੇ ਸਾਰੇ ਬੁਨਿਆਦੀ ਢਾਂਚੇ ਦੀਆਂ ਤਿਆਰੀਆਂ ਦੀ ਨਿਗਰਾਨੀ ਤੇ ਸਮੀਖਿਆ ਕਰਨ ਅਤੇ ਜ਼ਰੂਰੀ ਦਵਾਈਆਂ ਦਾ ਲੋੜੀਂਦਾ ਸਟਾਕ ਯਕੀਨੀ ਬਣਾਉਣ ਲਈ ਕਿਹਾ ਹੈ।